ਟੀਮ ਇੰਡੀਆ: ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ…, ਭਾਰਤ 11 ਦੌੜਾਂ ਨਾਲ ਮੈਚ ਹਾਰਿਆ

India, Lost, Crecket Match, West Indies, sports

ਏਜੰਸੀ, ਐਂਟਿਗਾ: ਕਪਤਾਨ ਜੇਸਨ ਹੋਲਡਰ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਦਮ ‘ਤੇ ਵੈਸਟਇੰਡੀਜ਼ ਨੇ ਇੱਕ ਰੋਜ਼ਾ ਲੜੀ ਦੇ ਚੌਥੇ ਮੈਚ ‘ਚ ਉਲਟਫੇਰ ਕਰਦਿਆਂ ਭਾਰਤ ਨੂੰ 11 ਦੌੜਾਂ ਨਾਲ ਹਰਾ ਦਿੱਤਾ ਹੋਲਡਰ ਨੇ 9.4 ਓਵਰਾਂ ‘ਚ 27 ਦੌੜਾਂ ਦੇ ਕੇ ਪੰਜ ਵਿਕਟਾਂ ਲੈ ਕੇ ਭਾਰਤੀ ਬੱਲੇਬਾਜ਼ੀ ਦਾ ਲੱਕ ਤੋੜ ਦਿੱਤਾ 189 ਦੌੜਾਂ ਦੇ ਆਸਾਨ ਟੀਚੇ ਦਾ ਪਿੱਛਾ ਕਰਨ ਉੱਤਰੀ ਭਾਰਤੀ ਟੀਮ 178 ਦੌੜਾਂ ‘ਤੇ ਸਿਮਟ ਗਈ

ਪੰਜ ਮੈਚਾਂ ਦੀ ਸੀਰੀਜ਼ ‘ਚ ਭਾਰਤ ਹੁਣ ਵੀ 2-1 ਨਾਲ ਅੱਗੇ ਚੱਲ ਰਿਹਾ ਹੈ ਭਾਰਤੀ ਟੀਮ ‘ਚ ਸਭ ਤੋਂ ਜਿਆਦਾ ਦੌੜਾਂ ਸਲਾਮੀ ਬੱਲੇਬਾਜ਼ ਅਜਿੰਕਿਆ ਰਹਾਣੇ (60) ਅਤੇ ਮਹਿੰਦਰ ਸਿੰਘ ਧੋਨੀ (54) ਨੇ ਬਣਾਈਆਂ ਸੀਮਤ ਓਵਰਾਂ ਦੇ ਬੈਸਟ ਫਿਨੀਸ਼ਰ ਦੇ ਤੌਰ ‘ਤੇ ਪਹਿਚਾਣੇ ਜਾਣ ਵਾਲੇ ਧੋਨੀ 114 ਗੇਂਦਾਂ ਦੀ ਪਾਰੀ ‘ਚ ਸਿਰਫ ਇੱਕ ਚੌਕਾ ਜੜ ਸਕੇ ਭਾਰਤੀ ਟੀਮ ਵੱਲੋਂ ਅਜਿੰਕਿਆ ਰਹਾਣੇ ਅਤੇ ਸ਼ਿਖਰ ਧਵਨ ਦੀ ਜੋੜੀ ਨੇ ਪਾਰੀ ਦੀ ਸ਼ੁਰੂਆਤ ਕੀਤੀ ਪਰ ਧਵਨ ਲਗਾਤਾਰ ਦੂਜੇ ਮੈਚ ‘ਚ ਜਲਦੀ ਆਊਟ ਹੋ ਗਏ ਗੇਂਦਬਾਜ਼ ਅਲਜਾਰੀ ਜੋਸੇਫ ਨੇ ਤੀਜੇ ਓਵਰ ‘ਚ ਜੇਸਨ ਹੋਲਡਰ ਤੋਂ ਕੈਚ ਕਰਵਾਇਆ ਉਨ੍ਹਾਂ ਨੇ ਸੱਤ ਗੇਂਦਾਂ ‘ਚ ਪੰਜ ਦੌੜਾਂ ਬਣਾਈਆਂ ਛੇਵੇਂ ਓਵਰ ‘ਚ ਹੋਲਡਰ ਨੇ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਪਵੇਲੀਅਨ ਭੇਜ ਦਿੱਤਾ ਕੋਹਲੀ ਸਿਰਫ ਤਿੰਨ ਦੌੜਾਂ ਹੀ ਬਣਾ ਸਕੇ

ਜ਼ਖਮੀ ਯੁਵਰਾਜ ਸਿੰਘ ਦੀ ਜਗ੍ਹਾ ਸ਼ਾਮਲ ਹੋਏ ਦਿਨੇਸ਼ ਕਾਰਤਿਕ ਦਾ ਵੀ ਬੱਲਾ ਨਹੀਂ ਚੱਲਿਆ ਅਤੇ 13ਵੇਂ ਓਵਰ ‘ਚ ਜੋਸੇਫ ਨੇ ਦਿਨੇਸ਼ ਕਾਰਤਿਕ (02) ਨੂੰ ਵਿਕਟਕੀਪਰ ਦੇ ਹੱਥੋਂ ਕੈਚ ਆਊਟ ਕਰਵਾ ਦਿੱਤਾ 47 ਦੌੜਾਂ ‘ਤੇ ਤਿੰਨ ਵਿਕਟਾਂ ਡਿੱਗਣ ਤੋਂ ਬਾਅਦ ਰਹਾਣੇ ਦਾ ਸਾਥ ਦੇਣ ਆਏ ਸਾਬਕਾ ਕਪਤਾਨ ਧੋਨੀ ਨੇ ਪਾਰੀ ਨੂੰ ਅੱਗੇ ਵਧਾਇਆ ਦੋਵਾਂ ਦਰਮਿਆਨ 54 ਦੌੜਾਂ ਦੀ ਸਾਂਝੇਦਾਰੀ ਨੂੰ ਦੇਵੇਂਦਰ ਬਿਸ਼ੂ ਨੇ ਤੋੜਿਆ ਤੇ ਰਹਾਣੇ ਨੂੰ ਚਲਦਾ ਕੀਤਾ ਰਹਾਣੇ ਨੇ ਡੀਆਰਐੱਸ ਦਾ ਸਹਾਰਾ ਲਿਆ, ਪਰ ਉੱਥੇ ਵੀ ਆਊਟ ਦੇ ਦਿੱਤੇ ਗਏ ਰਹਾਣੇ ਦੇ ਆਊਟ ਹੋਣ ਤੋਂ ਬਾਅਦ ਧੋਨੀ ਇੱਕ ਪਾਸੇ ਡਟੇ ਰਹੇ ਪਰ ਦੂਜੇ ਪਾਸੇ ਵਿਕਟਾਂ ਦਾ ਪਤਨ ਜਾਰੀ ਰਿਹਾ

ਕੇਦਾਰ ਜਾਧਵ ਦਸ ਦੌੜਾਂ ਬਣਾ ਕੇ ਐਸ਼ਲੇ ਨਰਸ ਦਾ ਸ਼ਿਕਾਰ ਬਣੇ ਤਾਂ ਉੱਥੇ ਦੌੜ ਗਤੀ ਨੂੰ ਤੇਜ਼ ਕਰਨ ਦੇ ਚੱਕਰ ‘ਚ ਹਾਰਦਿਕ ਪਾਂਡਿਆ ਹੋਲਡਰ ਦੀ ਗੇਂਦ ‘ਤੇ ਬੋਲਡ ਹੋ ਗਏ 21 ਗੇਂਦ ‘ਚ 20 ਦੌੜਾਂ ਦੀ ਪਾਰੀ ‘ਚ ਪਾਂਡਿਆ ਨੇ ਇੱਕ ਛੱਕਾ ਅਤੇ ਇੱਕ ਚੌਕਾ ਲਾਇਆ ਇਸ ਤੋਂ ਬਾਅਦ ਕ੍ਰੀਜ਼ ‘ਤੇ ਆਏ ਜਡੇਜਾ ਵੀ ਕੁਝ ਖਾਸ ਨਹੀਂ ਕਰ ਸਕੇ ਅਤੇ ਹੋਲਡਰ ਦਾ ਤੀਜਾ ਸ਼ਿਕਾਰ ਬਣੇ ਆਖਰੀ ਦੋ ਓਵਰਾਂ ‘ਚ ਟੀਮ ਨੂੰ 16 ਦੌੜਾਂ ਦੀ ਜ਼ਰੂਰਤ ਸੀ ਪਰ 49ਵੇਂ ਓਵਰ ਦੀ ਆਖਰੀ ਗੇਂਦ ‘ਤੇ ਵਿਲੀਅਮਸ ਨੇ ਧੋਨੀ ਦੀ ਵਿਕਟ ਲੈ ਕੇ ਟੀਮ ਦੀਆਂ ਉਮੀਦਾਂ ‘ਤੇ ਪਾਣੀ ਫੇਰ ਦਿੱਤਾ

ਆਖਰੀ ਓਵਰ ‘ਚ ਦੋ ਵਿਕਟਾਂ ਲੈ ਕੇ ਹੋਲਡਰ ਨੇ ਭਾਰਤੀ ਪਾਰੀ ਨੂੰ ਸਮੇਟ ਦਿੱਤਾ ਇਸ ਤੋਂ ਪਹਿਲਾਂ ਭਾਰਤ ਦੇ ਤੇਜ਼ ਗੇਂਦਬਾਜ਼ਾਂ ਉਮੇਸ਼ ਯਾਦਵ ਅਤੇ ਹਾਰਦਿਕ ਪਾਂਡਿਆ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਿੰਨ-ਤਿੰਨ ਵਿਕਟਾਂ ਕੱਢ ਕੇ ਵੈਸਟਇੰਡੀਜ਼ ਨੂੰ ਚੌਥੇ ਇੱਕ ਰੋਜ਼ਾ ‘ਚ ਐਤਵਾਰ ਨੂੰ 50 ਓਵਰਾਂ ‘ਚ ਨੌਂ ਵਿਕਟਾਂ ‘ਤੇ 189 ਦੌੜਾਂ ‘ਤੇ ਰੋਕ ਦਿੱਤਾ ਯਾਦਵ ਨੇ 10 ਓਵਰਾਂ ‘ਚ 36 ਦੌੜਾਂ ‘ਤੇ ਤਿੰਨ ਵਿਕਟਾਂ ਅਤੇ ਪਾਂਡਿਆ ਨੇ 10 ਓਵਰਾਂ ‘ਚ 40 ਦੌੜਾਂ ‘ਤੇ ਤਿੰਨ ਵਿਕਟਾਂ ਕੱਢੀਆਂ ਵੈਸਟਇੰਡੀਜ਼ ਲਈ ਸਿਰਦਰਦ ਬਣ ਚੁੱਕੇ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੇ 10 ਓਵਰਾਂ ‘ਚ 31 ਦੌੜਾਂ ‘ਤੇ ਦੋ ਵਿਕਟਾਂ ਲੈ ਕੇ ਸੀਰੀਜ਼ ‘ਚ ਆਪਣੀਆਂ ਵਿਕਟਾਂ ਦੀ ਗਿਣਤੀ ਅੱਠ ਪਹੁੰਚਾ ਦਿੱਤੀ

ਇਸ ਮੈਚ ‘ਚ ਆਫ ਸਪਿੱਨਰ ਰਵੀਚੰਦਰਨ ਅਸ਼ਵਿਨ ਦੀ ਜਗ੍ਹਾ ਉਤਾਰੇ ਗਏ ਰਵਿੰਦਰ ਜਡੇਜਾ ਨੂੰ 48 ਦੌੜਾਂ ਅਤੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ 33 ਦੌੜਾਂ ਦੇ ਕੇ ਕੋਈ ਵਿਕਟ ਨਹੀਂ ਮਿਲੀ ਵੈਸਟਇੰਡੀਜ਼ ਦੀ ਟੀਮ 57 ਦੌੜਾਂ ਦੀ ਠੋਸ ਸ਼ੁਰੂਆਤ ਅਤੇ 32ਵੇਂ ਓਵਰਾਂ ‘ਚ ਦੋ ਵਿਕਟਾਂ ‘ਤੇ 121 ਦੌੜਾਂ ਦੀ ਚੰਗੀ ਸਥਿਤੀ ਤੋਂ ਬਾਅਦ ਲੜਖੜਾ ਗਈ ਅਤੇ 189 ਦੌੜਾਂ ਤੱਕ ਹੀ ਪਹੁੰਚ ਸਕੀ ਭਾਰਤੀ ਗੇਂਦਬਾਜ਼ਾਂ ਨੇ ਆਖਰੀ 10 ਓਵਰਾਂ ‘ਚ ਕਾਫੀ ਕਸੀ ਗੇਂਦਬਾਜ਼ੀ ਕੀਤੀ 41ਵੇਂ ਓਵਰ ‘ਚ ਵਿੰਡੀਜ਼ ਦਾ ਸਕੋਰ 161 ਦੌੜਾਂ ਸੀ ਜੋ 50 ਓਵਰਾਂ ਦੀ ਸਮਾਪਤੀ ਤੱਕ 189 ਦੌੜਾਂ ਤੱਕ ਹੀ ਪਹੁੰਚ ਸਕਿਆ

ਖਰਾਬ ਸ਼ਾਟ ਚੋਣ ਤੋਂ ਨਰਾਜ਼ ਵਿਰਾਟ ਅਤੇ ਸੰਜੈ ਬਾਂਗੜ

ਭਾਰਤੀ ਕ੍ਰਿਕਟ ਟੀਮ ਦੇ ਬੱਲੇਬਾਜ਼ੀ ਕੋਚ ਸੰਜੈ ਬਾਂਗੜ ਅਤੇ ਕਪਤਾਨ ਵਿਰਾਟ ਕੋਹਲੀ ਨੇ ਵੈਸਟਇੰਡੀਜ਼ ਦੇ ਹੱਥੋਂ ਚੌਥੇ ਇੱਕ ਰੋਜ਼ਾ ‘ਚ ਕਰੀਬੀ ਹਾਰ ਲਈ ਖਿਡਾਰੀਆਂ ਦੇ ਖਰਾਬ ਸ਼ਾਟ ਚੋਣ ਨੂੰ ਜਿੰਮੇਵਾਰ ਠਹਿਰਾਇਆ ਹੈ ਵਿਰਾਟ ਨੇ ਕਿਹਾ ਕਿ ਅਸੀਂ ਵਧੀਆ ਗੇਂਦਬਾਜ਼ੀ ਕੀਤੀ ਅਤੇ ਵੈਸਟਇੰਡੀਜ਼ ਨੂੰ ਸਿਰਫ 189 ਦੌੜਾਂ ‘ਤੇ ਰੋਕ ਦਿੱਤਾ, ਪਰ ਸਾਡੇ ਬੱਲੇਬਾਜ਼ਾਂ ਨੇ ਖਰਾਬ ਸ਼ਾਟ ਦੀ ਚੋਣ ਕੀਤੀ ਅਤੇ ਅਸੀਂ ਅਹਿਮ ਸਮੇਂ ‘ਤੇ ਵਿਕਟਾਂ ਗੁਆਈਆਂ ਉਨ੍ਹਾਂ ਕਿਹਾ ਕਿ ਸਾਨੂੰ ਵਿੰਡੀਜ਼  ਗੇਂਦਬਾਜ਼ਾਂ ਦੀ ਪ੍ਰਸੰਸਾ ਕਰਨੀ ਹੋਵੇਗੀ ਜਿਨ੍ਹਾਂ ਨੇ ਕਈ ਡਾਟ ਗੇਂਦਾਂ ਪਾਈਆਂ ਅਤੇ ਸਾਡੇ ਤੋਂ ਗਲਤੀਆਂ ਕਰਵਾਈਆਂ ਹੁਣ ਸਾਨੂੰ ਇਸ ਨੂੰ ਪਿੱਛੇ ਛੱਡੇ ਕੇ ਅਗਲੀ ਗੇਮ ਬਾਰੇ ਸੋਚਣਾ ਹੋਵੇਗਾ

ਬੱਲੇਬਾਜ਼ੀ ਕੋਚ ਬਾਂਗੜ ਨੇ ਕਿਹਾ ਕਿ ਪਿੱਚ ਜਦੋਂ ਇਸ ਤਰ੍ਹਾਂ ਨਾਲ ਹੌਲੀ ਹੁੰਦੀ ਜਾ ਰਹੀ ਹੋਵੇ ਤਾਂ ਸ਼ਾਟ ਦੀ ਚੋਣ ਆਸਾਨ ਨਹੀਂ ਹੁੰਦੀ ਪਰ ਅਸੀਂ ਤਾਂ ਲਗਾਤਾਰ ਦੂਜਾ ਮੈਚ ਇਸ ਪਿੱਚ ‘ਤੇ ਖੇਡ ਰਹੇ ਸੀ ਤਾਂ ਵੀ ਗਲਤੀਆਂ ਕੀਤੀਆਂ ਕੋਚ ਨੇ ਕਿਹਾ ਕਿ ਅਸੀਂ ਪਿੱਚ ਬਾਰੇ ਜਾਣਦੇ ਸੀ ਪਰ ਅਸੀਂ ਆਪਣੀ ਪੂਰੀ ਸਮਰੱਥਾ ਨਾਲ ਬੱਲੇਬਾਜ਼ੀ ਨਹੀਂ ਕੀਤੀ ਇਹ ਕਾਫੀ ਆਸਾਨ ਟੀਚਾ ਸੀ ਮੈਨੂੰ ਲੱਗਦਾ ਹੈ ਕਿ ਸਾਡੇ ਬੱਲੇਬਾਜ਼ਾਂ ਨੇ ਟੀਮ ਨੂੰ ਨਿਰਾਸ਼ ਕੀਤਾ ਹੈ ਜਦੋਂ ਹਾਰਦਿਕ ਪਾਂਡਿਆ ਅਤੇ ਰਵਿੰਦਰ ਜਡੇਜਾ ਆਊਟ ਹੋਏ ਉਦੋਂ ਵੀ ਉਨ੍ਹਾਂ ਦੇ ਸ਼ਾਟ ਸਹੀ ਨਹੀਂ ਸੀ ਮੈਨੂੰ ਲੱਗਦਾ ਹੈ ਕਿ ਉਸ ਸਥਿਤੀ ‘ਚ ਤਾਂ ਸ਼ਾਟ ਦੀ ਚੋਣ ਕਾਫੀ ਅਹਿਮ ਹੁੰਦੀ ਹੈ, ਜੋ ਅਸੀਂ ਗਲਤ ਕੀਤੀ