ਚੀਨ ਪ੍ਰਤੀ ਵਧਦੀ ਬੇਭਰੋਸਗੀ

ਚੀਨ ਪ੍ਰਤੀ ਵਧਦੀ ਬੇਭਰੋਸਗੀ

ਚੀਨ ਸਰਕਾਰ ਨੇ ਦੁਨੀਆ ‘ਚ ਕੋਵਿਡ-19 ਦੇ ਹਾਟਸਪਾਟ ਆਪਣੇ ਸ਼ਹਿਰ ਵੁਹਾਨ ‘ਚ ਹੋਈਆਂ ਮੌਤਾਂ ਬਾਰੇ ਨਵੇਂ ਅੰਕੜੇ ਜਾਰੀ ਕੀਤੇ ਹਨ  ਨਵੀਂ ਰਿਪੋਰਟ ਅਨੁਸਾਰ ਵੁਹਾਨ ‘ਚ ਚਾਰ ਹਜ਼ਾਰ ਤੋਂ ਵੱਧ ਮੌਤਾਂ ਹੋਈਆਂ ਹਨ ਜਦੋਂ ਕਿ ਪਹਿਲੀ ਰਿਪੋਰਟ ‘ਚ ਇਹ ਅੰਕੜਾ 1290 ਘੱਟ ਸੀ ਚੀਨ ਭਾਵੇਂ ਅਸਲੀਅਤ ਨੂੰ ਦੱਸਣ ਦਾ ਦਾਅਵਾ ਕਰ ਰਿਹਾ ਹੈ ਤੇ ਇਸ ਸਬੰਧੀ ਤੱਥ ਵੀ ਪੇਸ਼ ਕਰ ਰਿਹਾ ਹੈ ਪਰ ਇਸ ਘਟਨਾਚੱਕਰ ਨਾਲ ਚੀਨ ਦੀ ਅੰਤਰਰਾਸ਼ਟਰੀ ਮੰਚ ‘ਤੇ ਭਰੋਸਗੀ  ਹੋਰ ਘਟੀ ਹੈ

ਨਵੀਂ ਰਿਪੋਰਟ ਨਾਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉਸ ਦਾਅਵੇ ਨੂੰ ਵੀ ਬਲ ਮਿਲਦਾ ਹੈ ਜਿਸ ਵਿੱਚ ਉਹਨਾਂ ਕਿਹਾ ਸੀ ਕਿ ਚੀਨ ਨੇ ਕੋਵਿਡ-19 ਦੀ ਅਸਲੀਅਤ ਨੂੰ ਲੁਕੋਇਆ ਹੈ ਤੇ ਇਸ ਦੀ ਜਾਣਕਾਰੀ ਲੇਟ ਦਿੱਤੀ ਹੈ ਦਰਅਸਲ ਇਹ ਸਿਰਫ਼ ਅਮਰੀਕਾ ਹੀ ਨਹੀਂ ਸਗੋਂ ਹੋਰਨਾਂ ਦੇਸ਼ਾਂ ਅੰਦਰ ਵੀ ਇਹ ਧਾਰਨਾ ਬਣਦੀ ਜਾ ਰਹੀ ਸੀ ਕਿ ਚੀਨ ‘ਚ ਮੌਤਾਂ ਦੀ ਸਹੀ ਗਿਣਤੀ ਨਹੀਂ ਦੱਸ ਰਿਹਾ ਚੀਨ ਸਰਕਾਰ ਦਾ ਮੀਡੀਆ ਪ੍ਰਤੀ ਸਖਤ ਹੋਣ ਦੀਆਂ ਚਰਚਾਵਾਂ ਵੀ ਇਸ ਧਾਰਨਾ ਦਾ ਆਧਾਰ ਬਣ ਰਹੀਆਂ ਸਨ ਚੀਨ ਦੇ ਅੰਕੜੇ ‘ਚ ਜਿੰਨਾ ਵੱਡਾ ਫ਼ਰਕ ਸਾਹਮਣੇ ਆਇਆ ਹੈ

ਇਸ ਪਿੱਛੇ ਦੱਸੇ ਜਾ ਰਹੇ ਤਰਕ ਸਾਧਾਰਨ ਬੁੱਧੀ ਇਨਸਾਨ ਨੂੰ ਵੀ ਹਜ਼ਮ ਨਹੀਂ ਹੋ ਸਕਦੇ  ਜੇਕਰ ਭਾਰਤ ਵਰਗੇ ਵਿਕਾਸਸ਼ੀਲ ਮੁਲਕ ਅੰਦਰ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ਾਂ, ਪੁਸ਼ਟੀ ਵਾਲੇ ਮਰੀਜ਼ਾਂ, ਮੌਤਾਂ ਦਾ ਅੰਕੜਾ, ਠੀਕ ਹੋਏ ਮਰੀਜਾਂ ਦਾ ਅੰਕੜਾ ਪਲ ਪਲ ਆਨਲਾਈਨ ਆਮ ਲੋਕਾਂ ਤੱਕ ਪਹੁੰਚ ਰਿਹਾ ਹੈ ਤਾਂ ਚੀਨ ਇਸ ਮਾਮਲੇ ‘ਚ ਕਿਵੇਂ ਪਿੱਛੇ ਰਹਿ ਸਕਦਾ ਹੈ ਭਾਰਤ ‘ਚ ਕਿਸੇ ਮਰ ਗਏ ਵਿਅਕਤੀ ਦੀ ਮੌਤ ਤੋਂ ਬਾਅਦ ਵੀ ਉਸ ਦੀ ਟੈਸਟ ਰਿਪੋਰਟ ਦਾ ਰਿਕਾਰਡ ਮੌਜ਼ੂਦ ਹੈ ਕਈ ਮਰੀਜ਼ਾਂ ਦੇ ਮਰ ਜਾਣ ਤੋਂ ਬਾਅਦ ਇਸ ਗੱਲ ਦੀ ਪੁਸ਼ਟੀ ਹੋਈ ਕਿ ਉਹ ਵਾਇਰਸ ਤੋਂ ਪੀੜਤ ਸੀ

ਫ਼ਿਰ ਚੀਨ ਵਰਗਾ ਮੁਲਕ ਜਿਹੜਾ 20 ਦਿਨਾਂ ‘ਚ 10 ਹਜ਼ਾਰ ਬੈਡ ਦਾ ਹਸਪਤਾਲ ਬਣਾ ਸਕਦਾ ਹੈ ਖੁੱਲ੍ਹੇੇ ਮੈਦਾਨਾਂ ‘ਚ ਤੰਬੂਆਂ ਦੇ ਆਧੁਨਿਕ ਤੇ ਸੁਰੱਖਿਅਤ ਹਸਪਤਾਲ ਬਣਾ ਸਕਦਾ ਹੈ ਉੱਥੇ ਮਰੀਜਾਂ ਦੇ ਟੈਸਟਾਂ ਪ੍ਰਤੀ ਇੰਨੀ ਅਣਗਹਿਲੀ ਦੀ ਸੰਭਾਵਨਾ ਨਾਂਹ ਦੇ ਬਰਾਬਰ ਹੈ ਚੀਨ ਨੇ ਜਿਸ ਤਰ੍ਹਾਂ ਮਰੀਜ਼ਾਂ ਦੇ ਡਾਟੇ ਦੇ ਨੈਟਵਰਕ ਨਾਲ ਨਾ ਜੁੜ ਸਕਣ ਤੇ ਨਿੱਜੀ ਹਸਪਤਾਲਾਂ ਵੱਲੋਂ ਪੂਰੀ ਜਾਣਕਾਰੀ ਨਾ ਦੇ ਸਕਣ ਦੀਆਂ ਗੱਲਾਂ ਕੀਤੀਆਂ ਹਨ, ਇਹ ਕਿਸੇ ਗਰੀਬ ਜਾਂ ਪੱਛੜੇ ਮੁਲਕ ਦੀ ਤਸਵੀਰ ਜਾਪਦੀਆਂ ਹਨ ਚੀਨ ਦੀਆਂ ਬਦਲ ਰਹੀਆਂ ਰਿਪੋਰਟਾਂ ਉਸ ਦੇ ਅਮਰੀਕਾ ਤੇ ਹੋਰ ਯੂਰਪੀ ਮੁਲਕਾਂ ਨਾਲ ਸਬੰਧ ਵਿਗੜਨ ਦਾ ਕਾਰਨ ਬਣ ਸਕਦੀਆਂ ਹਨ ਮਨੁੱਖਤਾ ਨੂੰ ਨਿਗਲ ਰਹੀ ਮਹਾਂਮਾਰੀ ਦੀ ਜਾਣਕਾਰੀ ‘ਚ ਰਾਜਨੀਤੀ ਦੀ ਬੂ ਵੱਡਾ ਸੰਕਟ ਖੜ੍ਹਾ ਕਰ ਸਕਦੀ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।