ਸਰਕਾਰੀ ਸਕੂਲਾਂ ‘ਚ ਬੱਚਿਆਂ ਦੀ ਗਿਣਤੀ ਵਧਾਏਗੀ ਈਚ ਵਨ, ਬਰਿੰਗ ਵਨ ਮੁਹਿੰਮ

Children, Government, Schools, Brining

ਚਮਨਦੀਪ ਸ਼ਰਮਾ 

ਸਿੱਖਿਆ ਵਿਭਾਗ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਘਟ ਰਹੀ ਗਿਣਤੀ ਨੂੰ ਲੈ ਕੇ ਫਿਕਰਮੰਦ ਨਜ਼ਰ ਆ ਰਿਹਾ ਹੈ। ਅਮਰਵੇਲ ਵਾਂਗ ਵਧੇ ਨਿੱਜੀ ਸਕੂਲਾਂ ਨੇ ਇਨ੍ਹਾਂ ਸਕੂਲਾਂ ਨੂੰ ਕਾਫ਼ੀ ਠੇਸ ਪਹੁੰਚਾਈ ਹੈ। ਪਰ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਆ ਰਹੀ ਕਮੀ ਸਬੰਧੀ ਅਧਿਆਪਕ-ਵਿਦਿਆਰਥੀ ਅਨੁਪਾਤ ਦਾ ਠੀਕ ਨਾ ਹੋਣਾ, ਸਾਜੋ-ਸਾਮਾਨ ਦੀ ਘਾਟ, ਅਧਿਆਪਕਾਂ ਉੱਪਰ ਗੈਰ-ਵਿੱਦਿਅਕ ਕੰਮਾਂ ਦਾ ਬੋਝ, ਯੋਜਨਾਬੰਦੀ ਦਾ ਨਾ ਹੋਣਾ, ਸਕੂਲਾਂ ਨੂੰ ਸਮੇਂ ਦਾ ਹਾਣੀ ਨਾ ਬਣਾਉਣਾ, ਬੱਚਿਆਂ ਦੀ ਘਟ ਰਹੀ ਗਿਣਤੀ ਨੂੰ ਲੈ ਕੇ ਵਿਭਾਗ ਵੱਲੋਂ ਕੋਈ ਵਿਸ਼ੇਸ ਉਪਰਾਲੇ ਨਾ ਕਰਨੇ ਆਦਿ ਕਾਰਨਾਂ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ।

ਸਿੱਖਿਆ ਵਿਭਾਗ ਨੇ ਰਾਈਟ ਟੂ ਐਜੂਕੇਸ਼ਨ ਐਕਟ ਤਹਿਤ ਸ਼ਰਤਾਂ ਪੂਰੀਆਂ ਨਾ ਕਰਨ ਵਾਲੇ ਬਹੁਗਿਣਤੀ ਨਿੱਜੀ ਸਕੂਲਾਂ ਦੀ ਮਾਨਤਾ ਰੱਦ ਕੀਤੀ ਪਰ ਇਸਦੇ ਬਾਵਜ਼ੂਦ ਵੀ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦਾ ਦਾਖਲਾ ਨਾ ਲੈਣਾ ਵਿਭਾਗ ਲਈ ਚਿੰਤਾ ਦਾ ਵਿਸ਼ਾ ਹੈ।

ਇੱਕ ਹੋਰ ਵੱਡਾ ਕਾਰਨ ਇਹ ਨਜ਼ਰ ਆਉਂਦਾ ਹੈ ਕਿ ਹਰ ਵਰ੍ਹੇ ਸੈਸ਼ਨ ਦੀ ਸ਼ਰੂਆਤ ਤੋਂ ਪਹਿਲਾਂ ਬੱਚਿਆਂ ਦੇ ਦਾਖਲਿਆਂ ਨੂੰ ਲੈ ਕੇ ਅਧਿਆਪਕਾਂ ਦੁਆਰਾ ਇੱਕ ਸਰਵੇ ਪਿੰਡ ਜਾਂ ਵਾਰਡਾਂ ਵਿੱਚ ਕੀਤਾ ਜਾਂਦਾ ਸੀ, ਜਿਸ ਰਾਹੀਂ ਮਾਤਾ-ਪਿਤਾ ਨੂੰ ਪ੍ਰੇਰਿਤ ਕਰਕੇ ਬੱਚਿਆਂ ਦਾ ਆਰਜ਼ੀ ਦਾਖਲਾ ਹੁੰਦਾ ਸੀ ਹਰ ਇੱਕ ਬੱਚੇ ਦਾ ਰਿਕਾਰਡ ਮੌਜ਼ੂਦ ਹੁੰਦਾ ਸੀ, ਪਰ ਬੜੇ ਮਲਾਲ ਦੀ ਗੱਲ ਹੈ ਕਿ ਹੌਲੀ-ਹੌਲੀ ਇਸ ਕਿਰਿਆ ਨੂੰ ਕਾਗਜ਼ੀ ਕਾਰਵਾਈ ਤੱਕ ਹੀ ਸੀਮਤ ਕਰ ਦੇਣ ਨਾਲ ਖਮਿਆਜ਼ਾ ਵਿਭਾਗ ਨੂੰ ਭੁਗਤਣਾ ਪਿਆ ਹੈ।

ਦੇਰ ਆਏ ਦਰੁਸਤ ਆਏ! ਆਖਿਰਕਾਰ ਸਿੱਖਿਆ ਵਿਭਾਗ ਆਪਣੀਆਂ ਗਲਤੀਆਂ ਨੂੰ ਦੁਹਰਾਉਣ ਦੇ ਮੂਡ ਵਿੱਚ ਨਹੀਂ ਹੈ। ਸਾਰੇ ਉੱਚ ਅਧਿਕਾਰੀ ਅਤੇ ਹੇਠਲੇ ਪੱਧਰ ਤੱਕ ਦੇ ਕਰਮਚਾਰੀ  ਸਾਂਝੇ ਯਤਨ ਦੇ ਤਹਿਤ ਸਕੂਲੀ ਦਾਖਲਾ ਵਧਾਉਣ ਦੇ ਉਦੇਸ਼ ਨੂੰ ਲੈ ਕੇ ‘ਈਚ ਵਨ ਬਰਿੰਗ ਵਨ’ ਮੁਹਿੰਮ ਦੇ ਥੱਲੇ ਇਕੱਠੇ ਹੋਏ ਹਨ। ਇਸਦਾ ਆਗਾਜ਼ ਵਿਭਾਗ ਦੇ ਸਿੱਖਿਆ ਸਕੱਤਰ ਨੇ 18 ਦਸੰਬਰ ਤੋਂ ਕੀਤਾ ਹੈ ਜਿਸ ਅਨੁਸਾਰ ਪਿੰਡਾਂ ਅਤੇ ਸ਼ਹਿਰਾਂ ਵਿੱਚ ਅਧਿਆਪਕਾਂ ਦੁਆਰਾ ਲੋਕਾਂ ਨੂੰ ਸਰਕਾਰੀ ਸਕੂਲਾਂ ਵਿੱਚ ਦਿੱਤੀਆਂ ਜਾ ਰਹੀਆਂ ਸਹੂਲਤਾਂ ਸਬੰਧੀ ਪ੍ਰੇਰਿਤ ਕਰਨ ਲਈ ਜਾਗਰੂਕਤਾ ਰੈਲੀਆਂ ਕੱਢੀਆਂ ਜਾ ਰਹੀਆਂ ਹਨ। ਇਹ ਸਮਾਂ ਬੜਾ ਹੀ ਸਹੀ ਹੈ ਕਿਉਂਕਿ ਬੱਚਿਆਂ ਦੇ ਸਾਲਾਨਾ ਪੇਪਰ ਸ਼ੁਰੂ ਹੋਣ ਵਿੱਚ ਅਜੇ ਦੇਰ ਹੈ।

 ਜਿੱਥੇ ਸਿੱਖਿਆ ਅਧਿਕਾਰੀ ਇਸ ਮੁਹਿੰਮ ਵਿੱਚ ਅੱਡੀ-ਚੋਟੀ ਦਾ ਜ਼ੋਰ ਲਾ ਰਹੇ ਹਨ, ਉੱਥੇ ਹੀ ਵਿਭਾਗ ਨੇ ਸਕੂਲ ਮੈਨੇਜ਼ਮੈਂਟ ਕਮੇਟੀਆਂ, ਪਿੰਡ ਦੇ ਪਤਵੰਤੇ ਸੱਜਣ, ਸਕੂਲ ਤੋਂ ਪੜ੍ਹ ਚੁੱਕੇ ਵਿਦਿਆਰਥੀਆਂ ਅਤੇ ਸਿੱਖਿਆ ਪ੍ਰਾਪਤ ਕਰ ਰਹੇ ਬੱਚਿਆਂ ਨੂੰ, ਆਂਗਣਵਾੜੀ ਵਰਕਰਾਂ, ਗ੍ਰਾਮ ਪੰਚਾਇਤ, ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰੋਜੈਕਟ ਵਿੱਚ ਕੰਮ ਕਰ ਰਹੀ ਸਮੁੱਚੀ ਟੀਮ ਦੇ ਮੈਂਬਰਜ਼ ਨੂੰ ਨਾਲ ਜੋੜ ਕੇ ਕਾਬਲ-ਏ-ਤਾਰੀਫ਼ ਕੰਮ ਕੀਤਾ ਹੈ। ਜਿਸਦੇ ਸਾਰਥਿਕ ਸਿੱਟੇ ਨਿੱਕਲਣ ਦੀ ਉਮੀਦ ਹੈ। ‘ਈਚ ਵਨ ਬਰਿੰਗ ਵਨ’ ਮੁਹਿੰਮ ਪ੍ਰਾਈਵੇਟ ਸਕੂਲਾਂ ਲਈ ਖ਼ਤਰੇ ਦੀ ਘੰਟੀ ਹੈ ਕਿਉਂਕਿ ਸਰਕਾਰੀ ਅੰਕੜਿਆਂ ਮੁਤਾਬਿਕ ਚਾਰ ਦਿਨਾਂ ਦੇ ਵਿੱਚ ਹੀ ਪੱਚੀ ਹਜ਼ਾਰ ਬੱਚੇ ਦਾਖਲ ਹੋ ਚੁੱਕੇ ਹਨ ਇਹ ਅੰਕੜਾ ਕਾਫੀ ਜਿਆਦਾ ਵਧ ਜਾਣ ਦੇ ਆਸਾਰ ਹਨ ਕਿਉਂਕਿ ਸਰਵ ਸਿੱਖਿਆ ਅਭਿਆਨ, ਰਾਸ਼ਟਰੀ ਮਾਧਮਿਕ ਸਿੱਖਿਆ ਅਭਿਆਨ ਤਹਿਤ ਆਏ ਹੋਏ ਫੰਡਜ਼ ਨਾਲ ਸਕੂਲਾਂ ਅੰਦਰ ਕਾਫ਼ੀ ਸੁਧਾਰ ਆਇਆ ਹੈ।

ਹੁਣ ਇਹ ਪਹਿਲਾਂ ਵਾਂਗ ਨਹੀਂ ਹਨ ਇਹਨਾਂ ਸਕੂਲਾਂ ਵਿੱਚ ਵਧੀਆ ਬਿਲਡਿੰਗ, ਅਧਿਆਪਕਾਂ ਦੀਆਂ ਖਾਲੀ ਪੋਸਟਾਂ ਦਾ ਭਰੇ ਜਾਣਾ, ਗੁਣਾਤਮਕ ਸਿੱਖਿਆ ਨੂੰ ਲੈ ਕੇ ਵੱਖ-ਵੱਖ ਵਿਸ਼ਿਆਂ ਨੂੰ ਲੈ ਕੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਵਰਗੇ ਪ੍ਰੋਜੈਕਟ, ਖੇਡਾਂ ਲਈ ਤਜ਼ਰਬੇਕਾਰ ਅਧਿਆਪਕ, ਮੁਫ਼ਤ ਡਾਕਟਰੀ ਜਾਂਚ, ਫਰੀ ਮਿਡ ਡੇ ਮੀਲ, ਵਜ਼ੀਫੇ, ਮੁਫਤ ਵਰਦੀ, ਵਿੱਦਿਅਕ ਟੂਰ, ਮੁਫਤ ਸਾਈਕਲਾਂ, ਮੁਫਤ ਕਿਤਾਬਾਂ, ਪਹਿਲੀ ਜ਼ਮਾਤ ਤੋਂ ਅੰਗਰੇਜ਼ੀ ਦਾ ਸ਼ੁਰੂ ਹੋਣਾ, ਸੱਭਿਆਚਾਰਕ ਮੁਕਾਬਲੇ, ਈ ਕਨਟੈਂਟ, ਸਮਾਰਟ ਸਕੂਲਾਂ ਦਾ ਨਿਰਮਾਣ, ਕੰਪਿਊਟਰ ਲੈਬ, ਆਰਟ ਕ੍ਰਾਫਟ ਲੈਬ, ਅੰਗਰੇਜ਼ੀ ਮਾਧਿਅਮ, ਕਰਸਿਵ ਰਾਈਟਿੰਗ, ਆਈਲੈੱਟਸ ਸਬੰਧੀ ਕੋਰਸ, ਵੋਕੇਸ਼ਨਲ ਕੋਰਸ, ਮੁਫ਼ਤ ਵਿੱਦਿਆ ਆਦਿ ਸਹੂਲਤਾਂ ਮਾਪਿਆਂ ਦਾ ਧਿਆਨ ਖਿੱਚ ਰਹੀਆਂ ਹਨ।

ਨਿਰਸੰਦੇਹ ਈਚ ਵਨ, ਬਰਿੰਗ ਵਨ ਮੁਹਿੰਮ ਨਾਲ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਿੱਚ ਇਜ਼ਾਫਾ ਹੋਣਾ ਲਾਜ਼ਮੀ ਹੈ। ਇੱਥੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਰਕਾਰੀ ਸਕੂਲਾਂ ਵਿੱਚ ਵਿੱਦਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਲਈ ਵਿਸ਼ੇਸ ਰਿਆਇਤ ਦਾ ਐਲਾਨ ਵੀ ਕਰੇ ਤਾਂ ਜੋ ਕਰੀਅਰ ਨੂੰ ਲੈ ਕੇ ਉਹਨਾਂ ਨੂੰ ਆਪਣਾ ਭਵਿੱਖ ਸੁਰੱਖਿਅਤ ਨਜ਼ਰ ਆਵੇ।

ਨਾਭਾ ਰੋਡ, ਪਟਿਆਲਾ
ਮੋ. 95010-33005

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।