ਪ੍ਰਦੂਸ਼ਣ ਕੰਟਰੋਲ ਬੋਰਡ ਦੀ ਕਾਰਵਾਈ, ਗੈਰ-ਕਾਨੂੰਨੀ ਤਰੀਕੇ ਨਾਲ ਕੱਪੜਾ ਰੰਗਣ ਵਾਲੀ ਫੈਕਟਰੀ ਕੀਤੀ ਸੀਲ੍ਹ

Dyeing-factory-Sealed
ਅੰਮ੍ਰਿਤਸਰ : ਤੁੰਗ ਢਾਬ ਡਰੇਨ ਸਬੰਧੀ ਮੀਟਿੰਗ ਕਰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ। ਤਸਵੀਰ : ਮਾਨ

ਡਿਪਟੀ ਕਮਿਸ਼ਨਰ ਵੱਲੋਂ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੀਆਂ ਸਨਅਤਾਂ ਵਿਰੁੱਧ ਸਖ਼ਤ ਕਾਰਵਾਈ ਦੇ ਹੁਕਮ

(ਰਾਜਨ ਮਾਨ) ਅੰਮ੍ਰਿਤਸਰ। ਡਿਪਟੀ ਕਮਿਸ਼ਨਰ, ਅੰਮਿ੍ਰਤਸਰ ਸ੍ਰੀ ਘਨਸ਼ਾਮ ਥੋਰੀ ਵੱਲੋਂ ਤੁੰਗ ਢਾਬ ਡਰੇਨ ਦੇ ਪ੍ਰਦੂਸ਼ਣ ਨੂੰ ਰੋਕਣ ਲਈ ਦਿੱਤੀਆਂ ਗਈਆਂ ਹਦਾਇਤਾਂ ਦੇ ਮੱਦੇਨਜ਼ਰ ਪ੍ਰਦੂਸ਼ਣ ਕੰਟਰੋਲ ਵਿਭਾਗ ਨੇ ਨਾਗ ਕਲਾਂ ਵਿਖੇ ਗੈਰ ਕਾਨੂੰਨੀ ਢੰਗ ਨਾਲ ਚੱਲਦੀ ਕੱਪੜਾ ਰੰਗਣ ਵਾਲੀ ਫੈਕਟਰੀ ਬੀ.ਐਮ. ਫੈਬਰਿਕ ਨੂੰ ਸੀਲ੍ਹ ਕਰ ਦਿੱਤਾ ਹੈ। ਵਿਭਾਗ ਦੇ ਐਕਸੀਅਨ ਸ੍ਰੀ ਸੁਖਦੇਵ ਸਿੰਘ ਨੇ ਦੱਸਿਆ ਕਿ ਉੱਕਤ ਫੈਕਟਰੀ ਕੋਲ ਕੱਪੜੇ ਨੂੰ ਫਿਨਿਸ਼ ਕਰਨ ਦਾ ਲਾਇਸੰਸ ਹੈ, ਪਰ ਕੰਪਨੀ ਨੇ ਇਸ ਵਿੱਚ ਕੱਪੜਾ ਰੰਗਣ ਵਾਲੀਆਂ ਮਸ਼ੀਨਾਂ ਵੀ ਲਾ ਲਈਆਂ ਅਤੇ ਇਹ ਲਾਇਸੰਸ ਵੀ ਨਹੀਂ ਲਿਆ। (Dyeing factory Sealed)

ਉਕਤ ਫੈਕਟਰੀ ਵਰਤੇ ਗਏ ਗੰਦੇ ਪਾਣੀ ਨੂੰ ਬਿਨਾਂ ਸਾਫ਼ ਕੀਤੇ ਤੁੰਗ ਢਾਬ ਡਰੇਨ ਵਿੱਚ ਸੁੱਟ ਰਹੀ ਸੀ, ਜਦ ਅਧਿਕਾਰੀਆਂ ਨੇ ਮੌਕੇ ’ਤੇ ਜਾ ਕੇ ਪਾਣੀ ਦੇ ਸੈਂਪਲ ਲਏ ਜੋ ਕਿ ਫੇਲ੍ਹ ਨਿਕਲੇ। ਵਿਭਾਗ ਨੇ ਇਹ ਰਿਪੋਰਟ ਚੇਅਰਮੈਨ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਭੇਜੀ ਜਿਨ੍ਹਾਂ ਨੇ ਤੁਰੰਤ ਫੈਕਟਰੀ ਸੀਲ੍ਹ ਕਰਨ ਦੇ ਹੁਕਮ ਦਿੱਤੇ, ਜੋ ਕਿ ਤੁਰੰਤ ਅਮਲ ’ਚ ਲਿਆ ਦਿੱਤੇ ਗਏ। (Dyeing factory Sealed)

ਇਹ ਵੀ ਪੜ੍ਹੋ : ਦਸ ਟਾਇਰੀ ਟਰੱਕ ’ਚੋਂ 5400 ਕਿੱਲੋ ਭੁੱਕੀ ਚੂਰਾ ਸਮੇਤ ਤਿੰਨ ਕਾਬੂ

ਤੁੰਗ ਢਾਬ ਡਰੇਨ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਡਿਪਟੀ ਕਮਿਸ਼ਨਰ ਵੱਲੋਂ ਕੀਤੀ ਗਈ ਜ਼ਿਲਾ ਪੱਧਰੀ ਮੀਟਿੰਗ ਵਿੱਚ ਉਨਾਂ ਵਿਭਾਗ ਵਲੋਂ ਕੀਤੀ ਗਈ ਕਾਰਵਾਈ ਦੀ ਸ਼ਰਾਹਨਾ ਕਰਦਿਆਂ ਕਿਹਾ ਕਿ ਜੋ ਵੀ ਫੈਕਟਰੀ ਗੰਦਾ ਪਾਣੀ ਡਰੇਨ ਵਿੱਚ ਸੁੱਟਦੀ ਹੈ ਉਸ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇ। ਉਨਾਂ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਉਹ ਡਰੇਨ ’ਚ ਸੀਵਰੇਜ ਦਾ ਪਾਣੀ ਸੁੱਟਣ ਵਾਲੀਆਂ ਸਾਰੀਆਂ ਰਿਹਾਇਸ਼ੀ ਅਤੇ ਪਿੰਡਾਂ ਦੀ ਸੂਚੀ ਦੇਣ ਤਾਂ ਜੋ ਇਸਦਾ ਪੱਕਾ ਹੱਲ ਕੀਤਾ ਜਾ ਸਕੇ।