ਹੀਰੋਸ਼ੀਮਾ ਤੇ ਨਾਗਾਸਾਕੀ ’ਤੇ ਮਨੁੱਖੀ ਕਹਿਰ

Hiroshima And Nagasaki

ਹੀਰੋਸ਼ੀਮਾ ਤੇ ਨਾਗਾਸਾਕੀ ’ਤੇ ਮਨੁੱਖੀ ਕਹਿਰ

ਹੀਰੋਸ਼ੀਮਾ ਸ਼ਹਿਰ ਵਿਚ 6 ਅਗਸਤ 1945 ਨੂੰ ਸਵੇਰ ਦੇ 8.50 ਵੱਜੇ ਸਨ। ਸੜਕਾਂ ’ਤੇ ਬੱਚੇ ਸਕੂਲ ਜਾ ਰਹੇ ਸਨ, ਲੋਕ ਕੰਮਾਂ ’ਤੇ ਨਿਕਲ ਚੁੱਕੇ ਸਨ ਤੇ ਔਰਤਾਂ ਘਰ ਦਾ ਕੰਮ ਮੁਕਾ ਰਹੀਆਂ ਸਨ। ਸੂਰਜ ਦੀ ਧੁੱਪ ਹਰੇ-ਭਰੇ ਰੁੱਖਾਂ ਨਾਲ ਟਕਰਾ ਕੇ ਧਰਤੀ ਦੇ ਮੱਥੇ ’ਤੇ ਕਾਲੇ ਧੱਬੇ ਛੱਡ ਰਹੀ ਸੀ। ਦੂਰ ਉੱਪਰ ਆਕਾਸ਼ ਵਿਚ ਇਕ ਮਸ਼ੀਨੀ ਗਿਰਝ ਉੱਡਦੀ ਦਿਸੀ ਤੇ ਇਹ ਲਗਾਤਾਰ ਵੱਡੀ ਹੁੰਦੀ ਗਈ। ਘਰਾਂ ਵਿਚੋਂ ਲੋਕ ਇਸਨੂੰ ਦੇਖਣ ਲਈ ਬਾਹਰ ਭੱਜੇ। ਸ਼ਹਿਰ ਵਿਚਕਾਰ ਆ ਕੇ ਇਸਨੇ ਆਪਣੇ ਖੰਭਾਂ ਵਿਚੋਂ ਇਕ ਕਾਲਾ ਅੰਡਾ ਹੇਠਾਂ ਸੁੱਟਿਆ ਜੋ ਅਚਾਨਕ ਹਵਾ ਵਿਚ ਫਟ ਗਿਆ ਤੇ ਇਸਨੇ ਸ਼ਹਿਰ ਵਿਚ ਅੱਗ ਖਲਾਰ ਦਿੱਤੀ। ਜਿਸ ਨਾਲ ਪੂਰੇ ਦਾ ਪੂਰਾ ਨਗਰ ਬਰਬਾਦ ਹੋ ਗਿਆ। ਇਸ ਦੇ ਖਤਰਨਾਕ ਨਤੀਜੇ ਅੱਜ ਵੀ ਇਸ ਨਗਰ ਦੇ ਲੋਕ ਭੁਗਤ ਰਹੇ ਹਨ।

ਦੂਜਾ ਬੰਬ ਨਾਗਾਸਾਕੀ ’ਤੇ 9 ਅਗਸਤ ਨੂੰ ਸੁੱਟਿਆ ਗਿਆ। ਦੂਜੀ ਸੰਸਾਰ ਜੰਗ ਸਮੇਂ ਜਪਾਨ ’ਤੇ ਕਈ ਮਹੀਨੇ ਭਾਰੀ ਬੰਬਾਰੀ ਕਰਨ ਪਿੱਛੋਂ ਸੰਯੁਕਤ ਰਾਜ ਅਮਰੀਕਾ ਨੇ 26 ਜੁਲਾਈ 1945 ਨੂੰ ਜਪਾਨ ਨੂੰ ਆਤਮ-ਸਮਰਪਣ ਕਰਨ ਲਈ ਤਾੜਨਾ ਕੀਤੀ, ਜਿਸ ਨੂੰ ਜਪਾਨ ਨੇ ਨਜਰਅੰਦਾਜ ਕਰ ਦਿੱਤਾ। ਇਸ ਪਿੱਛੋਂ ਅਮਰੀਕੀ ਰਾਸਟਰਪਤੀ ਹੈਰੀ ਐੱਸ. ਟਰੂਮੈਨ ਦੇ ਹੁਕਮਾਂ ਨਾਲ ਅਮਰੀਕਾ ਨੇ ਜਪਾਨ ਦੇ ਦੋ ਸਹਿਰਾਂ ਹੀਰੋਸੀਮਾ ’ਤੇ 6 ਅਗਸਤ ਨੂੰ ਐਟਮ ਬੰਬ ਸੁੱਟ ਦਿੱਤੇ ਸਨ।

ਅਮਰੀਕਾ ਵੱਲੋਂ ਐਟਮ ਬੰਬਾਂ ਦਾ ਨਿਸ਼ਾਨਾ ਬਣਾਉਣ ਲਈ ਜਪਾਨ ਦੇ ਚਾਰ ਸਹਿਰਾਂ ਹੀਰੋਸੀਮਾ, ਕੋਕੂਰਾ, ਨਾਗਾਸਾਕੀ ਅਤੇ ਨਾਈਗਟਾ ਨੂੰ ਚੁਣਿਆ ਗਿਆ ਸੀ ਜਿਨ੍ਹਾਂ ਤੱਕ ਯੁੱਧ ਕਾਰਨ ਪਹੁੰਚ ਘੱਟ ਹੋ ਸਕੀ ਸੀ। ਨਿਸ਼ਾਨਾ ਬਣਾਉਣ ਲਈ ਉਨ੍ਹਾਂ ਦੀ ਪਹਿਲੀ ਤਰਜੀਹ ‘ਹੀਰੋਸੀਮਾ’ ਸੀ। ਇਹ ਉਦਯੋਗਿਕ ਅਤੇ ਸੈਨਿਕ ਦੋਵਾਂ ਪੱਖਾਂ ਤੋਂ ਮਹੱਤਵਪੂਰਨ ਸ਼ਹਿਰ ਸੀ। 6 ਅਗਸਤ 1945 ਨੂੰ ਹੀਰੋਸ਼ੀਮਾ ’ਤੇ ਬੰਬਾਰੀ ਕਰਨ ਵਾਲਾ ਅਮਰੀਕੀ ਜਹਾਜ ਜਿਸ ਦਾ ਨਾਂ ‘ਇਨੋਲਾ ਗੇਅ’ ਸੀ, ਟਿਨੀਅਨ ਨਾਂ ਦੇ ਟਾਪੂ ਤੋਂ ਰਵਾਨਾ ਹੋਇਆ।

ਇਸ ਲੜਾਕੂ ਜਹਾਜ ਵਿਚ ਚਾਲਕਾਂ ਦੀ 12 ਮੈਂਬਰੀ ਟੀਮ ਸੀ ਅਤੇ ‘ਲਿਟਲ ਬੌਇ’ ਨਾਂ ਦਾ ਐਟਮ ਬੰਬ ਸੀ। ਅਮਰੀਕਾ ਨੇ ਇਸ ਬੰਬ ਦਾ ਨਾਂ ‘ਲਿਟਲ ਬੌਇ’ ਰੱਖਿਆ ਸੀ। ਪੂਰੇ ਮਨੁੱਖੀ ਇਤਿਹਾਸ ਵਿਚ ਇਹ ਪਰਮਾਣੂ ਬੰਬਾਂ ਦਾ ਪਹਿਲਾਂ ਤਜਰਬਾ ਸੀ। ਇਹ ਬੰਬ ਯੂਰੇਨੀਅਮ-235 ਤੋਂ ਬਣਿਆ ਹੋਇਆ ਸੀ। ‘ਲਿਟਲ ਬੌਇ’ ਯੁੱਧਾਂ ਦੇ ਇਤਿਹਾਸ ਵਿਚ ਇੰਗਲੈਂਡ ਵੱਲੋਂ ਵਰਤੇ ਗਏ ਹੁਣ ਤਕ ਦੇ ਸਭ ਤੋਂ ਖਤਰਨਾਕ ਬੰਬ ‘ਗਰੈਂਡ ਸਲਾਮ’ ਤੋਂ ਵੀ ਦੋ ਹਜ਼ਾਰ ਗੁਣਾ ਜ਼ਿਆਦਾ ਸ਼ਕਤੀ ਦਾ ਮਾਲਕ ਸੀ।

ਅਮਰੀਕੀ ਪਾਇਲਟ ਕਰਨਲ ਪਾਲ ਟਿਬਟਸ ਨੇ ਜਪਾਨ ਦੇ ਲਗਪਗ ਸਾਢੇ ਤਿੰਨ ਲੱਖ ਵਸੋਂ ਵਾਲੇ ਸ਼ਹਿਰ ਹੀਰੋਸ਼ੀਮਾ ਉੱਪਰ ਜਹਾਜ ਰਾਹੀਂ ਐਟਮ ਬੰਬ ਸਵੇਰੇ 8 ਵੱਜ ਕੇ 50 ਮਿੰਟ ’ਤੇ ਸੁੱਟਿਆ। ਇਹ ਜਮੀਨ ਤੋਂ ਲਗਪਗ 600 ਮੀਟਰ ਦੀ ਉੱਚਾਈ ’ਤੇ ਫਟਿਆ। ਪੂਰਾ ਸਹਿਰ ਧੂੰਏ ਅਤੇ ਅੱਗ ਦੀਆਂ ਲਪਟਾਂ ਨਾਲ ਘਿਰ ਗਿਆ। ਇਸ ਨਾਲ ਸਹਿਰ ਦੀਆਂ 60,000 ਤੋਂ 90,000 ਇਮਾਰਤਾਂ ਤਹਿਸ-ਨਹਿਸ ਹੋ ਗਈਆਂ। 1 ਮੀਲ ਤਕ ਦੇ ਘੇਰੇ ਨੂੰ ਅੱਗ ਦੇ ਗੋਲੇ ਵਿਚ ਬਦਲ ਦਿੱਤਾ। ਇਸ ਅੱਗ ਨੇ ਅੱਗੇ ਵਧ ਕੇ 13 ਵਰਗ ਕਿਲੋਮੀਟਰ ਤਕ ਦੀ ਹਰ ਚੀਜ਼ ਨੂੰ ਆਪਣੇ ਘੇਰੇ ਵਿਚ ਲੈ ਲਿਆ।

90 ਫੀਸਦੀ ਸ਼ਹਿਰ ਇਸ ਬੰਬ ਦੇ ਪ੍ਰਭਾਵ ਅਧੀਨ ਆਇਆ। ਪੂਰਾ ਸ਼ਹਿਰ ਧੂੰਏਂ, ਧੂੜ ਤੇ ਮਿੱਟੀ ਦੇ ਗਿਲਾਫ਼ ਵਿਚ ਲਪੇਟਿਆ ਗਿਆ। ਇਸਨੇ ਪਲਕ ਝਪਕਦਿਆਂ ਲੱਖਾਂ ਲੋਕਾਂ, ਜਾਨਵਰਾਂ, ਪਸ਼ੂ-ਪੰਛੀਆਂ, ਇਮਾਰਤਾਂ ਨੂੰ ਸੁਆਹ ਦੇ ਢੇਰ ਵਿਚ ਬਦਲ ਦਿੱਤਾ। ਤਾਪਮਾਨ ਇੰਨਾ ਵਧ ਗਿਆ ਕਿ ਮਿੱਟੀ, ਪੱਥਰ, ਧਾਤਾਂ ਸਭ ਕੁਝ ਪਿਘਲ ਗਿਆ। ਪਲ ਭਰ ਵਿਚ ਇਹ ਸਹਿਰ ਉੱਜੜ ਗਿਆ। ਉਸ ਸਮੇਂ ਹੀਰੋਸੀਮਾ ਦੀ ਅਬਾਦੀ ਕਰੀਬ ਸਾਢੇ ਤਿੰਨ ਲੱਖ ਸੀ, ਜਿਸ ਵਿਚੋਂ ਕਰੀਬ 70,000 ਲੋਕ ਮੌਕੇ ’ਤੇ ਮਾਰੇ ਗਏ ਅਤੇ ਇੰਨੇ ਹੀ ਬਾਅਦ ਵਿਚ ਰੇਡੀਏਸਨ ਦੇ ਦੁਰਪ੍ਰਭਾਵ ਨਾਲ ਮਾਰੇ ਜਾਣ ਦਾ ਅੰਦਾਜਾ ਹੈ।

ਇਸ ਤਰ੍ਹਾਂ ਕੁੱਲ ਮਿਲਾ ਕੇ ਇਕ ਲੱਖ ਚਾਲੀ ਹਜਾਰ ਤੋਂ ਵੱਧ ਜਾਨਾਂ ਚਲੀਆਂ ਗਈਆਂ। ਹੀਰੋਸ਼ੀਮਾ ਦੀ ਘਟਨਾ ਉਪਰੰਤ ਅਮਰੀਕੀ ਰਾਸ਼ਟਰਪਤੀ ਹੈਰੀ ਟਰੂਮੈਨ ਦਾ ਬਿਆਨ ਸੀ: ਜੰਗ ਤਾਂ ਅਸੀਂ ਪਹਿਲਾਂ ਹੀ ਜਿੱਤ ਚੁੱਕੇ ਸਾਂ। ਪਰਮਾਣੂ ਬੰਬਾਂ ਦੀ ਵਰਤੋਂ ਦਾ ਮਤਲਬ ਦੁਨੀਆਂ ਨੂੰ ਇਹ ਅਹਿਸਾਸ ਕਰਾਉਣਾ ਹੈ ਕਿ ਜਿਸ ਨੇ ਵੀ ਯੁੱਧ ਤੋਂ ਬਾਅਦ ਦੀ ਦੁਨੀਆਂ ਵਿਚ ਰਹਿਣਾ ਹੈ, ਸਾਡੇ ਕੋਲੋਂ ਡਰ ਕੇ ਰਹਿਣਾ ਹੋਵੇਗਾ।’’ 9 ਅਗਸਤ 1945 ਨੂੰ ਨਾਗਾਸਾਕੀ ’ਤੇ ‘ਫੈਟ ਬੌਇ’ ਨੇ ਕਹਿਰ ਵਰਤਾਇਆ।

16 ਘੰਟੇ ਬਾਅਦ ਅਮਰੀਕੀ ਰਾਸ਼ਟਰਪਤੀ ਟਰੂਮੈਨ ਦੇ ਰੇਡੀਓ ’ਤੇ ਦਿੱਤੇ ਸੁਨੇਹੇ ਤੋਂ ਪਤਾ ਲੱਗਿਆ ਕਿ ਅਮਰੀਕਾ ਨੇ ਜਪਾਨ ’ਤੇ ਪਰਮਾਣੂ ਬੰਬ ਸੁੱਟਿਆ ਸੀ। ਜਪਾਨ ਨੂੰ ਆਤਮ-ਸਪਰਮਣ ਕਰਨ ਲਈ ਕਿਹਾ ਗਿਆ ਤੇ ਧਮਕੀ ਦਿੱਤੀ ਗਈ ਕਿ ਅਜਿਹਾ ਨਾ ਕਰਨ ਦੀ ਸੂਰਤ ਵਿਚ ਜਪਾਨ ’ਤੇ ਅਜਿਹੇ ਹੋਰ ਬੰਬ ਸੁੱਟੇ ਜਾਣਗੇ। ਜਪਾਨ ਦੇ ਲੋਕ ਹਫੜਾ-ਦਫੜੀ ਵਿਚ ਸਨ ਤੇ ਹਾਕਮ ਦੁਚਿੱਤੀ ਵਿਚ। ਇਸੇ ਸਮੇਂ ਅਮਰੀਕਾ ਨੇ ਜਪਾਨ ’ਤੇ ਇਕ ਹੋਰ ਹਮਲਾ ਕਰਕੇ ਪਲੂਟੋਨੀਅਮ ਵਾਲੇ ਪਰਮਾਣੂ ਬੰਬ ਨੂੰ ਵੀ ਪਰਖਣ ਦਾ ਫੈਸਲਾ ਲਿਆ। 9 ਅਗਸਤ ਨੂੰ ਪਾਇਲਟ ਚਾਰਲਸ ਡਬਲਿਊ ਸਵੀਨੇ ਨੇ ਜਹਾਜ ਉਡਾਇਆ ਅਤੇ ਜਪਾਨ ਦੇ ਸ਼ਹਿਰ ਨਾਗਾਸਾਕੀ ’ਤੇ ਸਵੇਰ 11 ਵਜੇ ਇਕ ਹੋਰ ਪਰਮਾਣੂ ਬੰਬ ‘ਫੈਟ ਬੌਇ’ ਸੁੱਟਿਆ, ਜਿਸਨੇ ਲਗਪਗ 5 ਵਰਗ ਕਿਲੋਮੀਟਰ ਦੇ ਘੇਰੇ ਤਕ ਸ਼ਹਿਰ ਵਿਚ ਮੌਤ ਵਿਛਾ ਦਿੱਤੀ। ਇਸ ਵਿਚ ਵੀ 80,000 ਦੇ ਕਰੀਬ ਲੋਕ ਮਾਰੇ ਗਏ। ਦੋਵਾਂ ਬੰਬ ਧਮਾਕਿਆਂ ਵਿਚ ਜਖਮੀਆਂ ਦੀ ਹਾਲਤ ਬਹੁਤ ਦਰਦਨਾਕ ਸੀ।

ਲੋਕਾਂ ਦੀ ਚਮੜੀ ਪਿਘਲ ਰਹੀ ਸੀ, ਸਰੀਰ ਵਿਚ ਕੱਚ ਦੇ ਟੁਕੜੇ ਖੁਭ ਗਏ, ਅੰਗ ਜਲ ਗਏ ਤੇ ਅੱਖਾਂ, ਮੂੰਹ, ਨੱਕ ਆਦਿ ’ਚੋਂ ਖੂਨ ਵਹਿ ਰਿਹਾ ਸੀ। ਨਾਗਾਸਾਕੀ ਉੱਪਰ ਬੰਬ ਵਰਸਾਉਣ ਪਿੱਛੋਂ ਰਾਸ਼ਟਰਪਤੀ ਹੈਰੀ ਟਰੂਮੈਨ ਫਿਰ ਬੋਲਿਆ: ‘‘ਪਰਮਾਣੂ ਬੰਬਾਂ ਦੀ ਖੋਜ ਕਰ ਕੇ ਅਸੀਂ ਇਨ੍ਹਾਂ ਦੀ ਵਰਤੋਂ ਕਰ ਲਈ ਹੈ। ਅਸੀਂ ਇਨ੍ਹਾਂ ਦੀ ਵਰਤੋਂ ਉਨ੍ਹਾਂ ਖਿਲਾਫ਼ ਕੀਤੀ ਹੈ ਜਿਨ੍ਹਾਂ ਨੇ ਬਿਨਾਂ ਚਿਤਾਵਨੀ ਦਿੱਤਿਆਂ ਸਾਡੇ ’ਤੇ ਹਮਲਾ ਕੀਤਾ ਹੈ। ਇਹ ਹਮਲਾ ਉਨ੍ਹਾਂ ਖਿਲਾਫ਼ ਹੈ ਜਿਨ੍ਹਾਂ ਨੇ ਅਮਰੀਕੀ ਜੰਗੀ ਕੈਦੀਆਂ ਨੂੰ ਮਾਰਿਆ ਹੈ।

ਇਹ ਹਮਲਾ ਉਨ੍ਹਾਂ ਉੱਪਰ ਕੀਤਾ ਗਿਆ ਹੈ ਜਿਨ੍ਹਾਂ ਨੇ ਯੁੱਧ ਦੇ ਅੰਤਰ-ਰਾਸ਼ਟਰੀ ਜੰਗੀ ਨਿਯਮਾਂ ਦੀ ਉਲੰਘਣਾ ਕੀਤੀ ਹੈ।’’ ਦੋਵਾਂ ਬੰਬ ਧਮਾਕਿਆਂ ਵਿਚੋਂ ਮੌਤ ਦੇ ਮੂੰਹੋਂ ਬਚ ਕੇ ਆਏ ਲੋਕਾਂ ਦੀ ਜ਼ਿੰਦਗੀ ਮੌਤ ਨਾਲੋਂ ਵੀ ਭੈੜੀ ਹੋ ਗਈ। ਕੁਝ ਲੋਕ ਦਿਨਾਂ ਵਿਚ ਤੇ ਕੁਝ ਮਹੀਨਿਆਂ ਵਿਚ ਤੜਫ-ਤੜਫ ਕੇ ਮਰ ਗਏ ਤੇ ਕਈ ਸਾਲਾਂਬੱਧੀ ਰੇਡੀਏਸ਼ਨਾਂ ਦੇ ਪ੍ਰਭਾਵ ਨਾਲ ਜੂਝਦੇ ਰਹੇ। ਲੋਕਾਂ ਦੇ ਸਰੀਰ ਵਿਚ ਖੁਭੇ ਕੱਚ ਦੇ ਟੁਕੜੇ ਕਈ ਸਾਲਾਂ ਤਕ ਨਿਕਲਦੇ ਰਹੇ। ਕਈਆਂ ਨੂੰ ਅਪਾਹਜਾਂ ਦੀ ਜ਼ਿੰਦਗੀ ਬਤੀਤ ਕਰਨੀ ਪਈ। ਚਮੜੀ ਰੋਗ, ਕੈਂਸਰ ਅਤੇ ਲਿਊਕੈਮੀਆ ਦੇ ਮਰੀਜ਼ਾਂ ਦੀ ਗਿਣਤੀ ਵਿਚ ਕਾਫ਼ੀ ਵਾਧਾ ਹੋ ਗਿਆ।

ਮਾਵਾਂ ਦੀਆਂ ਕੁੱਖਾਂ ਵਿਚ ਪਲ਼ ਰਹੇ ਬੱਚੇ ਰੇਡੀਏਸ਼ਨ ਦੇ ਅਸਰ ਨਾਲ ਜਾਂ ਤਾਂ ਸਰੀਰਿਕ ਤੌਰ ’ਤੇ ਅਵਿਕਸਿਤ ਪੈਦਾ ਹੋਏ ਜਾਂ ਜਮਾਂਦਰੂ ਦੋਸ਼ਪੂਰਨ ਸਰੀਰਕ ਬਣਤਰ ਨਾਲ ਜਨਮੇ ਤੇ ਜਾਂ ਦਿਮਾਗੀ ਤੌਰ ’ਤੇ ਅਵਿਕਸਤ ਰਹਿ ਗਏ। ਕਈਆਂ ਵਿਚ ਰੇਡੀਏਸ਼ਨ ਦੇ ਪ੍ਰਭਾਵ ਇਕ ਜਾਂ ਦੋ ਪੀੜ੍ਹੀਆਂ ਛੱਡ ਕੇ ਅਗਲੀਆਂ ਪੀੜ੍ਹੀਆਂ ਵਿਚ ਪ੍ਰਗਟ ਹੁੰਦੇ ਰਹੇ। ਅੱਖ ਦੇ ਫੋਰ ’ਚ ਮੌਤ ਦੇ ਮੂੰਹ ਜਾ ਪਏ ਹੀਰੋਸ਼ੀਮਾ-ਨਾਗਾਸਾਕੀ ਦੇ ਉਨ੍ਹਾਂ ਲੋਕਾਂ ਨੇ ਅੰਤਰ-ਰਾਸ਼ਟਰੀ ਜੰਗੀ ਕਾਨੂੰਨਾਂ ਦੀ ਉਲੰਘਣ ਨਹੀਂ ਕੀਤੀ ਸੀ। ਉਹ ਤਾਂ ਬੇਕਸੂਰ ਸਨ। ਦੂਸਰੇ ਗੁੱਟ ਨੂੰ ਜੰਗੀ ਨੇਮਾਂ ਦੀ ਉਲੰਘਣਾ ਦਾ ਦੋਸ਼ ਦੇਣ ਵਾਲੇ ਅਮਰੀਕੀ ਸਾਮਰਾਜ ਨੇ ਹੋਰ ਵੀ ਵੱਡੀ ਤੇ ਭਿਆਨਕ ਉਲੰਘਣਾ ਕੀਤੀ ਸੀ।

ਇੱਥੇ ਹੀ ਬਸ ਨਹੀਂ ਪਰਮਾਣੂ ਹਮਲਿਆਂ ਦੇ ਕੇਂਦਰ ਬਣੀਆਂ ਇਨ੍ਹਾਂ ਥਾਵਾਂ ’ਤੇ ਅੱਜ ਵੀ ਬੱਚੇ ਪੈਦਾ ਹੋਣ ਅਤੇ ਰਹਿਣ ਲਈ ਉੱਚਿਤ ਵਾਤਾਵਰਨ ਨਹੀਂ ਹੈ। ਕੈਂਸਰ, ਚਮੜੀ ਰੋਗ, ਸਾਹ ਰੋਗ ਅਤੇ ਅਪੰਗਤਾ ਜਿਹੀਆਂ ਮੁਸ਼ਕਲਾਂ ਹੀਰੋਸ਼ੀਮਾ-ਨਾਗਾਸਾਕੀ ਦੇ ਇਲਾਕਿਆਂ ਵਿਚ ਅੱਜ ਦੀ ਪੀੜ੍ਹੀ ਦਾ ਵੀ ਪਿੱਛਾ ਕਰ ਰਹੀਆਂ ਹਨ। ਇਨ੍ਹਾਂ ਪਰਮਾਣੂ ਬੰਬ ਧਮਾਕਿਆਂ ਦਾ ਸ਼ਿਕਾਰ ਹੋਏ ਲੋਕਾਂ ਦੀ ਯਾਦ ਵਿੱਚ ਹੀਰੋਸ਼ੀਮਾ ਸ਼ਹਿਰ ਵਿਚ ‘ਅਮਨ ਅਜਾਇਬ ਘਰ’ ਸਥਾਪਿਤ ਕੀਤਾ ਗਿਆ ਹੈ ਜਿੱਥੇ ਇਨ੍ਹਾਂ ਬੰਬ ਧਮਾਕਿਆਂ ਦੀਆਂ ਭਿਆਨਕਤਾਵਾਂ ਨਾਲ ਜੁੜੀਆਂ ਯਾਦਾਂ ਮੌਜੂਦ ਹਨ। ਇਸ ਅਜਾਇਬ ਘਰ ਵਿਚ ਸਕੂਲੀ ਬੱਚਿਆਂ ਦੇ ਪਿਘਲੇ ਸਾਈਕਲ, ਟਿਫਨ, ਬੱਕਲ ਅਤੇ ਹੋਰ ਯਾਦਾਂ ਧਮਾਕਿਆਂ ਪ੍ਰਤੀ ਨਫਰਤ ਤੇ ਰੋਸ ਪੈਦਾ ਕਰਦੀਆਂ ਹਨ।

ਅੱਜ ਸੰਸਾਰ ਨੂੰ ਨਫਰਤ ਤੇ ਗੁੱਸੇ ਦੀ ਨਹੀਂ ਬਲਕਿ ਅਮਨ ਤੇ ਭਾਈਚਾਰੇ ਦੀ ਲੋੜ ਹੈ। ਲੋੜ ਹੈ ਮਨੁੱਖ ਦੇ ਭੇਸ ਵਿਚ ਲੁਕੇ ਅਜਿਹੇ ਆਮਦਖੋਰਾਂ ਦੀ ਨਿਸ਼ਾਨਦੇਹੀ ਕਰਨ ਦੀ ਤਾਂ ਕਿ ਸੱਚੇ ਅਰਥਾਂ ਵਿਚ ਅਮਨ ਤੇ ਭਾਈਚਾਰੇ ਦੀ ਬਹਾਲੀ ਕੀਤੀ ਜਾ ਸਕੇ। ਤੁਰਕੀ ਦੇ ਮਹਾਨ ਕਵੀ ਨਾਜ਼ਿਮ ਹਿਕਮਤ ਵੱਲੋਂ ਹੀਰੋਸ਼ੀਮਾ ਵਿਚ ਮਾਰੇ ਬੱਚੇ ’ਤੇ ਲਿਖੀ ਗਈ ਕਵਿਤਾ ਦੀਆਂ ਕੁਝ ਪੰਕਤੀਆਂ ਨਾਲ ਇਸਦਾ ਅੰਤ ਕਰਦੇ ਹਾਂ: ਮੈਨੂੰ ਨਹੀਂ ਚਾਹੀਦੇ ਫਲ਼, ਨਹੀਂ ਚਾਹੀਦੇ ਚੌਲ਼ ਮੈਨੂੰ ਨਹੀਂ ਚਾਹੀਦੀ ਮਠਿਆਈ ਤੇ ਨਾ ਹੀ ਰੋਟੀ ਮੈਂ ਆਪਣੇ ਲਈ ਕੁਝ ਨਹੀਂ ਮੰਗਦਾ ਕਿਉਂਕਿ ਮੈਂ ਮਰ ਚੁੱਕਾ ਹਾਂ ਕਿਉਂਕਿ ਮੈਂ ਮਰ ਚੁੱਕਾ ਹਾਂ ਮੈਂ ਮੰਗਦਾ ਹਾਂ ਬਸ ਅਮਨ ਅੱਜ ਤੁਹਾਨੂੰ ਲੜਨਾ ਪਵੇਗਾ ਲੜਨਾ ਪਵੇਗਾ ਤਾਂ ਕਿ ਇਸ ਸੰਸਾਰ ਦੇ ਸਾਰੇ ਬੱਚੇ ਜਿਉਂਦੇ ਰਹਿਣ ਤੇ ਵਧਣ, ਹੱਸਣ ਤੇ ਖੇਡਣ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ