ਪ੍ਰਿੰਸੀਪਲਾਂ ਦੇ ਹੱਥਾਂ ‘ਚ ਆਈ ਅਧਿਆਪਕਾਂ ਨੂੰ ਮੁਅੱਤਲ ਕਰਨ ਦੀ ਕਮਾਨ

Head Principal, Suspend, Teachers, Hands, Principals

ਹੁਣ ਤੱਕ ਡੀ.ਪੀ.ਆਈ. ਦੇ ਹੱਥ ਸੀ ਕਮਾਨ

ਪ੍ਰਿੰਸੀਪਲ ਅਤੇ ਹੈੱਡਮਾਸਟਰਾਂ ਨੂੰ ਮੁਅੱਤਲ ਕਰ ਸਕਣਗੇ ਜਿਲ੍ਹਾ ਸਿੱਖਿਆ ਅਧਿਕਾਰੀ

ਅਸ਼ਵਨੀ ਚਾਵਲਾ, ਚੰਡੀਗੜ੍ਹ

ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਹੁਣ ਤੱਕ ਫਰਲੋ ਮਾਰਨ ਅਤੇ ਹੜਤਾਲ ਵਿੱਚ ਭਾਗ ਲੈਣ ਵਾਲੇ ਅਧਿਆਪਕਾਂ ਦੀ ਹੁਣ ਖੈਰ ਨਹੀਂ ਹੈ ਕਿਉਂਕਿ ਹੜਤਾਲ਼ੀ ਜਾਂ ਫਿਰ ਸਕੂਲਾਂ ਵਿੱਚ ਤੈਨਾਤ ਅਧਿਆਪਕਾਂ ‘ਤੇ ਹੁਣ ਵੱਡੀ ਤਲਵਾਰ ਲਟਕਾਉਂਦੇ ਹੋਏ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਨਵੇਂ ਆਦੇਸ਼ ਜਾਰੀ ਕਰ ਦਿੱਤੇ ਹਨ।

ਹੁਕਮਾਂ ਤਹਿਤ ਕੋਈ ਵੀ ਸਕੂਲ ਪ੍ਰਿੰਸੀਪਲ ਜਾਂ ਫਿਰ ਹੈਡ ਮਾਸਟਰ ਆਪਣੇ ਸਕੂਲ ਦੇ ਅਧਿਆਪਕ ਨੂੰ ਕਿਸੇ ਵੀ ਕਾਰਨ ਮੁਅੱਤਲ ਕਰ ਸਕੇਗਾ। ਜਿਸ ਨਾਲ ਹੁਣ ਤੋਂ ਬਾਅਦ ਸਕੂਲ ਪ੍ਰਿੰਸੀਪਲ ਅਤੇ ਹੈਡ ਮਾਸਟਰ ਦੇ ਹੱਥ ਵੱਡੀ ਸ਼ਕਤੀ ਆ ਗਈ ਹੈ। ਜਿਹੜੀ ਕਿ ਹੁਣ ਤੱਕ ਸਿਰਫ਼ ਡੀ.ਪੀ.ਆਈ. ਦੇ ਕੋਲ ਹੀ ਸੀ।

ਇਸ ਨਾਲ ਹੀ ਜ਼ਿਲ੍ਹਾ ਸਿਖਿਆ ਅਫ਼ਸਰ ਕੋਲ ਪ੍ਰਿੰਸੀਪਲ ਅਤੇ ਹੈਡ ਮਾਸਟਰ ਨੂੰ ਮੁਅੱਤਲ ਕਰਨ ਦੀ ਸ਼ਕਤੀ ਦੇ ਦਿੱਤੀ ਹੈ। ਇਸ ਤਰ੍ਹਾਂ ਮੁਅੱਤਲ ਕਰਨ ਦੀਆਂ ਨਵੀਂ ਸ਼ਕਤੀਆਂ ਦੀ ਵੰਡ ਕਰਨ ਤੋਂ ਬਾਅਦ ਅਧਿਆਪਕਾਂ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ, ਕਿਉਂਕਿ ਹੜਤਾਲ ‘ਤੇ ਜਾਣ ਜਾਂ ਫਿਰ ਸਕੂਲ ਤੋਂ ਫਰਲੋ ਮਾਰਨ ਵਾਲੇ ਕਿਸੇ ਵੀ ਅਧਿਆਪਕ ਨੂੰ ਹੁਣ ਪ੍ਰਿੰਸੀਪਲ ਹੀ ਮੌਕੇ ‘ਤੇ ਮੁਅੱਤਲ ਕਰ ਸਕਦਾ ਹੈ।

ਜਾਣਕਾਰੀ ਅਨੁਸਾਰ ਸਿੱਖਿਆ ਵਿਭਾਗ ਵਿੱਚ ਹੁਣ ਤੱਕ ਕਿਸੇ ਵੀ ਅਧਿਆਪਕ ਅਤੇ ਪ੍ਰਿੰਸੀਪਲ ਤੋਂ ਲੈ ਕੇ ਹੈੱਡਮਾਸਟਰ ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਖ਼ਿਲਾਫ਼ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਕਰਨ ਦਾ ਅਧਿਕਾਰ ਸਿਰਫ਼ ਸਿੱਖਿਆ ਵਿਭਾਗ ਡਾਇਰੈਕਟਰ ਕੋਲ ਹੀ ਸੀ। ਇਸ ਲਈ ਜੇਕਰ ਕਿਸੇ ਵੀ ਸਕੂਲ ਵਿੱਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਆਉਂਦੀ ਤਾਂ ਪ੍ਰਿੰਸੀਪਲ ਜਾਂ ਫਿਰ ਹੈਡ ਮਾਸਟਰ ਨੂੰ ਲਿਖਤੀ ਰੂਪ ਵਿੱਚ ਜਿਲਾ ਸਿੱਖਿਆ ਅਧਿਕਾਰੀ ਰਾਹੀਂ ਡੀ.ਪੀ.ਆਈ. ਨੂੰ ਹੀ ਭੇਜਣਾ ਪੈਂਦਾ ਸੀ। ਜਿਥੇ ਕਿ ਡੀ.ਪੀ.ਆਈ. ਆਪਣੀ ਮਰਜ਼ੀ ਅਨੁਸਾਰ ਫੈਸਲਾ ਲੈਂਦੇ ਹੋਏ ਮੁਅੱਤਲ ਕਰਦਾ ਸੀ।

ਹੁਣ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਨਵੇਂ ਆਦੇਸ਼ ਜਾਰੀ ਕਰਦੇ ਹੋਏ ਮੁਅੱਤਲ ਕਰਨ ਦੀਆਂ ਸ਼ਕਤੀਆਂ ਹੇਠਾਂ ਪੱਧਰ ‘ਤੇ ਅਧਿਕਾਰੀਆਂ ਅਤੇ ਅਧਿਆਪਕਾਂ ਨੂੰ ਦੇ ਦਿੱਤੀਆਂ ਹਨ। ਇਸ ਨਾਲ ਕੋਈ ਵੀ ਪ੍ਰਿੰਸੀਪਲ ਅਤੇ ਹੈਡ ਮਾਸਟਰ ਆਪਣੇ ਸਕੂਲ ਦੇ ਅਧਿਆਪਕ ਅਤੇ ਕਲਰਕ ਨੂੰ ਮੁਅੱਤਲ ਕਰ ਸਕੇਗਾ। ਜਦੋਂ ਕਿ ਪ੍ਰਿੰਸੀਪਲ ਅਤੇ ਹੈੱਡਮਾਸਟਰ ਨੂੰ ਮੁਅੱਤਲ ਕਰਨ ਦੀ ਸ਼ਕਤੀ ਜਿਲ੍ਹਾ ਸਿੱਖਿਆ ਅਧਿਕਾਰੀ ਕੋਲ ਆ ਗਈ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।