ਦਾਲ ’ਚ ਇੱਕ ਤਿਣਕਾ ਪਾਇਆ ਤੇ ਬਣ ਗਿਆ ਹਿੱਸੇਦਾਰ

Partner

ਬਾਣੀਏ ਤੇ ਤਰਖ਼ਾਣ ਨੇ ਮਿਲ ਕੇ ਖੇਤੀ ਕਰਨ ਦੀ ਧਾਰੀ | Partner

ਕਿਸੇ ਸਮੇਂ ਇੱਕ ਬਾਣੀਏ ਤੇ ਤਰਖ਼ਾਣ ਨੇ ਮਿਲ ਕੇ ਖੇਤੀ ਕਰਨ ਦੀ ਧਾਰੀ ਤੇ ਇੱਕ ਖੂਹ ਪੁੱਟਿਆ। ਖੂਹ ’ਚ ਹਲ਼ਟ ਲਾਉਣ ਦਾ ਫ਼ੈਸਲਾ ਹੋਇਆ। ਤਰਖ਼ਾਣ ਹਲ਼ਟ ਬਣਾਉਦਾ ਸੀ, ਬਾਣੀਆ ਸਾਮਾਨ ਲੈ ਕੇ ਆਉਦਾ ਸੀ। ਜਦੋਂ ਹਲ਼ਟ ਲੱਗ ਗਿਆ ਤਾਂ ਬਾਣੀਆ ਬੋਲਿਆ, ‘‘ਹੁਣ ਤਾਂ ਕੁਝ ਨਹੀਂ ਲੱਗਣਾ?’’ ਤਰਖ਼ਾਣ ਬਹੁਤ ਚਲਾਕ ਸੀ, ‘‘ਬੋਲਿਆ, ਅਜੇ ਤਾਂ ਇੱਕ ਸੌ ਇੱਕ ਲੱਕੜ ਹੋਰ ਲੱਗੇਗੀ।’’ ਬਾਣੀਆ ਸੁਣ ਕੇ ਘਬਰਾ ਗਿਆ। ਹਿੱਸੇਦਾਰੀ ਛੱਡ ਕੇ ਘਰ ਚਲਾ ਗਿਆ। ਉੱਥੇ ਤਰਖ਼ਾਣ ਨੇ ਇੱਕ ਸੌ ਇੱਕ ਲੱਕੜਾਂ ਲਾ ਲਈਆਂ ਤੇ ਖੇਤੀ ਸ਼ੁਰੂ ਕਰ ਦਿੱਤੀ।

ਲੱਕੜਾਂ ਹਲ਼ਟ ਦੀ ਮਾਲ ’ਚ ਲੱਗਣੀਆਂ ਸਨ ਜੋ ਛੋਟੀਆਂ-ਛੋਟੀਆਂ ਹੁੰਦੀਆਂ ਹਨ। ਇੱਕ ਦਿਨ ਬਾਣੀਆ ਫਿਰ ਆਇਆ ਤੇ ਹਲ਼ਟ ਨੂੰ ਚੱਲਦਾ ਦੇਖ ਕੇ ਉਸ ਨੇ ਪੁੱਛਿਆ, ‘‘ਕਿੱਥੇ ਲੱਗੀਆਂ ਹਨ ਉਹ ਇੱਕ ਸੌ ਇੱਕ ਲੱਕੜਾਂ?’’ ਤਰਖ਼ਾਣ ਨੇ ਤੁਰੰਤ ਦਿਖਾ ਦਿੱਤੀਆਂ। ਬਾਣੀਆ ਉਸ ਦੀ ਚਲਾਕੀ ਸਮਝ ਗਿਆ। ਫਿਰ ਅਣਜਾਨ ਬਣ ਕੇ ਬੋਲਿਆ, ‘‘ਕਿਉ ਦਾਦਾ, ਹਲ਼ਟ ਦੀਆਂ ਇਨ੍ਹਾਂ ਬਾਲਟੀਆਂ ’ਚ ਪਾਣੀ ਕੌਣ ਭਰਦਾ ਹੋਵੇਗਾ?’’ ਤਰਖ਼ਾਣ ਗੁੱਸੇ ਨਾਲ ਬੋਲਿਆ, ‘‘ਤੇਰਾ ਪਿਓ।’’ ਬਾਣੀਏ ਨੇ ਫਿਰ ਨਿਮਰਤਾ ਨਾਲ ਪੁੱਛਿਆ, ‘‘ਉਸ ਨੂੰ ਹੇਠਾਂ ਠੰਢ ਲੱਗਦੀ ਹੋਵੇਗੀ?’’ ਤਰਖ਼ਾਣ ਬੋਲਿਆ, ‘‘ਤਾਂ ਪਾ ਆਪਣਾ ਕੰਬਲ।’’ ਉਥੇ ਕੁਝ ਹੋਰ ਲੋਕ ਖੜ੍ਹੇ ਸਨ, ਉਨ੍ਹਾਂ ਨੂੰ ਦਿਖਾ ਕੇ ਤੇ ਗਵਾਹ ਬਣਾ ਕੇ ਬਾਣੀਏ ਨੇ ਆਪਣਾ ਕੰਬਲ ਖੂਹ ’ਚ ਪਾ ਦਿੱਤਾ।

ਇਹ ਵੀ ਪੜ੍ਹੋ : ਊਰਜਾ ਤਬਦੀਲੀ ’ਚ ਸ਼ਲਾਘਾਯੋਗ ਪ੍ਰਦਰਸ਼ਨ

ਜਦੋਂ ਫ਼ਸਲ ਪੱਕ ਗਈ, ਉਦੋਂ ਬਾਣੀਆ ਫਿਰ ਆਇਆ ਤੇ ਬੋਲਿਆ, ‘‘ਮੇਰਾ ਹਿੱਸਾ ਦਿਓ।’’ ‘‘ਕਿਸ ਗੱਲ ਦਾ ਹਿੱਸਾ?’’ ਤਰਖ਼ਾਣ ਨੇ ਗੁੱਸੇ ਨਾਲ ਪੁੱਛਿਆ। ਬਾਣੀਆ ਗਵਾਹਾਂ ਨੂੰ ਬੁਲਾ ਲਿਆਇਆ ਤੇ ਉਨ੍ਹਾਂ ਤੋਂ ਪੱੁਛਣ ਲੱਗਾ, ‘‘ਮੇਰਾ ਪਿਓ ਹਲ਼ਟ ਦੀਆਂ ਬਾਲਟੀਆਂ ’ਚ ਪਾਣੀ ਭਰਦਾ ਰਿਹਾ ਹੈ ਕਿ ਨਹੀਂ? ਮੈਂ ਉਸ ਲਈ ਕੰਬਲ ਪਾਇਆ ਸੀ ਕਿ ਨਹੀਂ?’’ ਗਵਾਹਾਂ ਨੇ ਹਾਮੀ ਭਰ ਦਿੱਤੀ। ਇਸ ਤਰ੍ਹਾਂ ਤਰਖ਼ਾਣ ਨੂੰ ਫ਼ਸਲ ਦਾ ਅੱਧਾ ਹਿੱਸਾ ਬਾਣੀਏ ਨੂੰ ਦੇਣਾ ਪਿਆ ਤੇ ਉਦੋਂ ਤੋਂ ਇਹ ਕਹਾਵਤ ਪ੍ਰਚੱਲਤ ਹੋ ਗਈ, ‘‘ਦਾਲ ’ਚ ਇੱਕ ਤਿਣਕਾ ਪਾਇਆ ਤੇ ਬਣ ਗਿਆ ਹਿੱਸੇਦਾਰ’’।