ਚੰਗੀ ਸਿੱਖਿਆ (Good Education)

ਚੰਗੀ ਸਿੱਖਿਆ (Good Education)

ਰਮੇਸ਼ ਤੀਸਰੀ ਜਮਾਤ ਵਿੱਚ ਪੜ੍ਹਦਾ ਸੀ। ਉਹ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ। ਉਸ ਨੂੰ ਕੇਵਲ ਪੜ੍ਹਾਈ ਦੀ ਲਗਨ ਸੀ। ਇਸ ਲਈ ਉਹ ਦਿਨ ਵਿੱਚ ਕਾਫੀ ਸਮਾਂ ਪੜ੍ਹਨ ਵਿੱਚ ਲਗਾਉਂਦਾ ਸੀ। ਪੜ੍ਹਾਈ ਦੀ ਇਸ ਲਗਨ ਕਾਰਨ ਉਹ ਕਾਫੀ ਸਮਾਂ ਲਿਖਣ ਵਿੱਚ ਲਗਾਉਂਦਾ ਸੀ। ਇਸ ਕਾਰਨ ਉਸਦੀ ਲਿਖਾਈ ਵੀ ਬਹੁਤ ਸੁੰਦਰ ਹੋ ਗਈ ਸੀ। ਉਸਦੇ ਸਕੂਲ ਵਿੱਚ ਉਸਦੀ ਸੁੰਦਰ ਲਿਖਾਈ ਦੀ ਹਰ ਕੋਈ ਪ੍ਰਸੰਸਾ ਕਰਨ ਲੱਗਾ। ਇਸ ਕਾਰਨ ਉਸ ਵਿੱਚ ਹੰਕਾਰ ਪੈਦਾ ਹੋਣ ਲੱਗ ਪਿਆ। ਹੌਲੀ-ਹੌਲੀ ਉਹ ਇਹ ਸਮਝਣ ਲੱਗ ਪਿਆ ਕਿ ਉਹ ਜੋ ਕੁਝ ਕਰਦਾ ਹੈ ਓਹੀ ਸਹੀ ਹੈ। ਹੁਣ ਉਸਦੇ ਹੰਕਾਰ ਕਾਰਨ ਉਸ ਵਿੱਚ ਕਈ ਔਗੁਣ ਪੈਦਾ ਹੋ ਰਹੇ ਸਨ।

ਇੱਕ ਦਿਨ ਤੀਸਰੀ ਜਮਾਤ ਦੇ ਇੰਚਾਰਜ ਨੇ ਕਿਹਾ ਕਿ ਜਮਾਤ ਦੇ ਮਨੀਟਰ ਦੀ ਚੋਣ ਮਹੀਨੇ ਦੇ ਅਖੀਰਲੇ ਦਿਨ ਨੂੰ ਕੀਤੀ ਜਾਵੇਗੀ। ਹਰੇਕ ਵਿਦਿਆਰਥੀ ਦੇ ਸਾਰੇ ਗੁਣਾਂ ਨੂੰ ਵੇਖ ਕੇ ਮਨੀਟਰ ਚੁਣਿਆ ਜਾਵੇਗਾ। ਹਰੇਕ ਵਿਦਿਆਰਥੀ ਨੂੰ ਆਪਣੇ-ਆਪ ਨੂੰ ਸਾਬਤ ਕਰਨ ਲਈ ਪੂਰਾ ਮਹੀਨਾ ਹੈ। ਇਸ ਲਈ ਮਿਹਨਤ ਕਰਨ ਲਈ ਜੁਟ ਜਾਓ। ਸਾਰੇ ਬੱਚੇ ਅਧਿਆਪਕ ਦੀਆਂ ਹਦਾਇਤਾਂ ਮੁਤਾਬਕ ਜੁਟ ਗਏ।

ਮਨੀਟਰ ਦੀ ਚੋਣ ਦਾ ਦਿਨ ਆ ਗਿਆ। ਰਮੇਸ਼ ਨੂੰ ਅੱਜ ਪੂਰਾ ਭਰੋਸਾ ਸੀ ਕਿ ਉਹ ਹੀ ਹੋਵੇਗਾ, ਜਮਾਤ ਦਾ ਮਨੀਟਰ। ਇਸ ਕਰਕੇ ਅੱਜ ਉਹ ਇਸ ਹੰਕਾਰ ਵਿੱਚ ਕਈਆਂ ਨੂੰ ਰੋਅਬ ਮਾਰਦਾ ਰਿਹਾ। ਸਕੂਲ ਲੱਗ ਗਿਆ ਮਾਸਟਰ ਜੀ ਜਮਾਤ ਵਿੱਚ ਆਏ ਤਾਂ ਸਭ ਦੀਆਂ ਨਜ਼ਰਾਂ ਮਾਸਟਰ ਜੀ ਵੱਲ ਸਨ। ਮਾਸਟਰ ਜੀ ਨੇ ਜੋ ਨਵੇਂ ਮਨੀਟਰ ਦਾ ਨਾਂਅ ਦੱਸਿਆ, ਉਹ ਗੁਰਵਿੰਦਰ ਸਿੰਘ ਸੀ। ਰਮੇਸ਼ ਇਹ ਸੁਣ ਕੇ ਰੋਣ ਲੱਗ ਪਿਆ ਅਤੇ ਸਕੂਲ ਵਿੱਚੋਂ ਭੱਜ ਗਿਆ। ਮਾਸਟਰ ਜੀ ਨੇ ਉਸ ਦੇ ਘਰ ਫੋਨ ਕਰ ਦਿੱਤਾ।

ਕੁਝ ਦੇਰ ਬਾਅਦ ਉਸ ਦੇ ਪਿਤਾ ਜੀ ਉਸਨੂੰ ਛੱਡਣ ਆ ਗਏ। ਉਹ ਵੀ ਉਦਾਸ ਸਨ। ਉਹਨਾਂ ਨੇ ਮਾਸਟਰ ਜੀ ਨੂੰ ਪੁੱਛਿਆ, ‘ਹੁਸ਼ਿਆਰ ਹੋਣ ਅਤੇ ਸੁੰਦਰ ਲਿਖਾਈ ਤੋਂ ਬਾਅਦ ਵੀ ਉਹਨਾਂ ਦੇ ਬੇਟੇ ਨੂੰ ਮਨੀਟਰ ਕਿਉਂ ਨਹੀਂ ਬਣਾਇਆ?’ ਮਾਸਟਰ ਜੀ ਨੇ ਉੱਤਰ ਦਿੱਤਾ, ‘ਅੱਜ ਜੋ ਹਰਕਤ ਇਸ ਨੇ ਕੀਤੀ ਹੈ, ਇਹ ਹੀ ਮੇਰਾ ਜਵਾਬ ਹੈ ਕਿ ਇਸ ਨੂੰ ਮਨੀਟਰ ਕਿਉਂ ਨਹੀਂ ਬਣਾਉਣਾ ਚਾਹੀਦਾ।’

ਰਮੇਸ਼ ਦੇ ਪਿਤਾ ਜੀ ਨੂੰ ਸਮਝ ਆ ਗਈ ਅਤੇ ਉਹਨਾਂ ਨੇ ਮਾਸਟਰ ਜੀ ਤੋਂ ਮਾਫੀ ਮੰਗੀ। ਮਾਸਟਰ ਜੀ ਬੋਲੇ, ‘ਸਕੂਲ ਸਾਰਿਆਂ ਲਈ ਹੈ। ਇਹ ਉਹ ਥਾਂ ਹੈ ਜੋ ਆਦਮੀ ਨੂੰ ਇਨਸਾਨ ਬਣਾਉਣ ਵਿੱਚ ਮੱਦਦ ਕਰਦੀ ਹੈ। ਮਨੀਟਰ ਅਧਿਆਪਕ ਦਾ ਪਰਛਾਵਾਂ ਹੋਣਾ ਚਾਹੀਦਾ ਹੈ। ਹੰਕਾਰ, ਬਦਤਮੀਜ਼ੀ ਅਤੇ ਆਪਣੇ ਆਲੇ-ਦੁਆਲੇ ਦੀ ਸਫ਼ਾਈ ਨਾ ਰੱਖਣ ਵਾਲਿਆਂ ਨੂੰ ਮਨੀਟਰ ਨਹੀਂ ਬਣਾਇਆ ਜਾ ਸਕਦਾ । ਬੇਸ਼ੱਕ ਨਵਾਂ ਮਨੀਟਰ ਰਮੇਸ਼ ਵਰਗੀ ਸੁੰਦਰ ਲਿਖਾਈ ਨਹੀਂ ਕਰਦਾ, ਪਰ ਉਸਦੀ ਲਿਖਾਈ ਵੀ ਸੁੰਦਰ ਹੈ ਅਤੇ ਪੜ੍ਹਨ ਵਿੱਚ ਵੀ ਬਹੁਤ ਵਧੀਆ ਹੋਣ ਦੇ ਨਾਲ-ਨਾਲ ਹਰੇਕ ਬੱਚੇ ਨਾਲ ਪਿਆਰ ਨਾਲ ਰਹਿੰਦਾ ਹੈ।

ਅਧਿਆਪਕ ਦੀ ਆਗਿਆ ਦਾ ਪਾਲਣ ਕਰਦਾ ਹੈ। ਜਦੋਂਕਿ ਇਹ ਗੁਣ ਰਮੇਸ਼ ਵਿੱਚ ਨਹੀਂ ਹਨ। ਹੁਣ ਰਮੇਸ਼ ਨੇ ਇਹ ਸਭ ਕੁਝ ਸਿੱਖਣਾ ਹੈ ਤਾਂ ਕਿ ਇਹ ਚੰਗਾ ਇਨਸਾਨ ਬਣ ਸਕੇ। ਅਜਿਹਾ ਕਰਨ ਨਾਲ ਹੋ ਸਕਦਾ ਹੈ ਕਿ ਇਹ ਅਗਲੇ ਸਾਲ ਮਨੀਟਰ ਬਣ ਸਕੇ।’ ਰਮੇਸ਼ ਨੂੰ ਵੀ ਆਪਣੀ ਗ਼ਲਤੀ ਦਾ ਅਹਿਸਾਸ ਹੋ ਗਿਆ। ਉਸਨੇ ਆਪਣੇ ਅਧਿਆਪਕ ਅਤੇ ਬੱਚਿਆਂ ਤੋਂ ਮਾਫੀ ਮੰਗੀ ਅਤੇ ਅੱਗੇ ਤੋਂ ਅਧਿਆਪਕ ਦੀ ਸਿੱਖਿਆ ਦੀ ਪਾਲਣਾ ਕਰਨ ਅਤੇ ਸਭ ਨਾਲ ਪਿਆਰ ਨਾਲ ਰਹਿਣ ਦਾ ਵਾਅਦਾ ਕੀਤਾ। ਫਿਰ ਸਾਰੇ ਬੱਚਿਆਂ ਨੇ ਆਪਣੇ ਨਵੇਂ ਮਨੀਟਰ ਨੂੰ ਵਧਾਈਆਂ ਦਿੱਤੀਆਂ।
ਸੁਖਦੀਪ ਸਿੰਘ ਗਿੱਲ, ਮਾਨਸਾ
ਮੋ. 94174-51887

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।