ਨੌਜਵਾਨ ਕਤਲ ਮਾਮਲਾ: ਚਾਰ ਮੁਲਜ਼ਮ ਪੰਜ ਦਿਨਾਂ ਰਿਮਾਂਡ ‘ਤੇ

Four, Accused, Police remand, Youth, Murder, Case

ਬੀਤੇ ਦਿਨੀਂ ਗ੍ਰਿਫਤਾਰ ਕੀਤੇ ਸਨ ਚਾਰ ਨੌਜਵਾਨ

ਖੁਸ਼ਵੀਰ ਸਿੰਘ ਤੂਰ, ਪਟਿਆਲਾ: ਸਥਾਨਕ ਧੀਰੂ ਨਗਰ ਵਾਸੀ ਇੱਕ ਦਲਿਤ ਨੌਜਵਾਨ ਦੇ ਕਤਲ ਮਾਮਲੇ ‘ਚ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਮੁਲਜ਼ਮਾਂ ਨੂੰ ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠਾਂ ਚੀਫ਼ ਜੁਡੀਸ਼ਲ ਮੈਜਿਸਟਰੇਟ ਪੂਨਮ ਬਾਂਸਲ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ । ਅਦਾਲਤ ਨੇ ਮੁਲਜ਼ਮਾਂ ਨੂੰ ਪੰਜ ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ

ਜਾਣਕਾਰੀ ਅਨੁਸਾਰ ਤਿੰਨ ਦਿਨ ਪਹਿਲਾਂ ਪਾਰਸ ਨਾਂਅ ਦੇ ਨੌਜਵਾਨ ਨੂੰ ਆਜ਼ਾਦ ਗਰੁੱਪ ਦੇ ਨੌਜਵਾਨਾਂ ਨੇ ਤੇਜਧਾਰ ਹਥਿਆਰਾਂ ਨਾਲ ਕਤਲ ਤੇ ਉਸਦੇ ਇੱਕ ਸਾਥੀ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਸੀ। ਇਨ੍ਹਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਵਾਉਣ ਲਈ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਅਤੇ ਮੁਹੱਲਾ ਨਿਵਾਸੀਆਂ ਵੱਲੋਂ ਪ੍ਰਦਰਸ਼ਨ ਕਰਦਿਆਂ ਕਈਂ ਦੁਕਾਨਾਂ , ਵਾਹਨਾਂ ਆਦਿ ਦੀ ਭੰਨਤੋੜ ਵੀ ਕੀਤੀ ਗਈ ਸੀ।

ਪੁਲਿਸ ਵੱਲੋਂ ਪਾਰਸ ਦੇ ਕਤਲ ਦੇ ਦੋਸ਼ ‘ਚ ਅਜ਼ਾਦ ਗਰੁੱਪ ਦੇ ਆਗੂ ਹਰਮਿੰਦਰ ਸਿੰਘ ਉਰਫ਼ ਲਵਲੀ ਜੈਲਦਾਰ ਵਾਸੀ ਨੈਣਾ ਕੌਤ, ਸਤਵੀਰ ਸਿੰਘ ਸੱਤੀ ਵਾਸੀ ਆਨੰਦ ਨਗਰ ਬੀ, ਮਨਜਿੰਦਰ ਸਿੰਘ ਵਾਸੀ ਬਠੋਈ ਕਲਾਂ ਅਤੇ ਧੰਨਾ ਸਿੰਘ ਵਾਸੀ ਜੋਗੀਪੁਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਨ੍ਹਾਂ ਨੂੰ ਅੱਜ ਇੱਥੇ ਜੁਡੀਸੀਅਲ ਮੈਜਿਸਟ੍ਰੇਟ ਪੂਨਮ ਬਾਂਸਲ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ। ਇਸ ਮੌਕੇ ਪੁਲਿਸ ਵੱਲੋਂ ਵਾਰਦਾਤ ‘ਚ ਵਰਤੇ ਹਥਿਆਰਾਂ ਦੀ ਬਰਾਮਦਗੀ ਤੇ ਇਨ੍ਹਾਂ ਦੇ ਬਾਕੀਆਂ ਸਾਥੀਆਂ ਦਾ ਪਤਾ ਲਾਉਣ ਦੇ ਹਵਾਲੇ ਨਾਲ ਸੱਤ ਦਿਨਾਂ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਗਈ। ਪਰ ਮਾਣਯੋਗ ਅਦਾਲਤ ਨੇ ਪੰਜ ਦਿਨਾਂ ਦਾ ਪੁਲਿਸ ਰਿਮਾਂਡ ਦਿੱਤਾ ਗਿਆ।

ਦੱਸਣਯੋਗ ਹੈ ਕਿ ਜਖਮੀ ਹੋਏ ਅਭੀਜੀਤ ਸਿੰਘ ਦੇ ਬਿਆਨਾ ‘ਤੇ ਥਾਣਾ ਡਵੀਜ਼ਨ ਨੰਬਰ 2 ਦੀ  ਪੁਲਿਸ ਨੇ  ਮੁਲਜਮਾਂ ਦੇ  ਖ਼ਿਲਾਫ਼ 302,307, 148 ਅਤੇ 149 ਸਮੇਤ 25,54, 59 ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਹੈ। ਜਿਨ੍ਹਾਂ ਵਿਚੋਂ ਹੀ ਇਨ੍ਹਾਂ ਚਾਰਾਂ ਨੂੰ ਕੱਲ੍ਹ ਗ੍ਰਿਫ਼ਤਾਰ ਕੀਤਾ ਗਿਆ ਸੀ। ਥਾਣਾ ਮੁਖੀ ਸੁਰਿੰਦਰ ਭੱਲਾ ਦਾ ਕਹਿਣਾ ਸੀ ਕਿ ਬਾਕੀ  ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਵੀ ਛਾਪੇ ਮਾਰੇ  ਜਾ ਰਹੇ ਹਨ।