ਰੇਤ ਘਪਲੇ ਸਬੰਧੀ ਆਪ ਚੁੱਪ ਨਹੀਂ ਬੈਠੇਗੀ; ਛੇਤੀ ਕਰਾਂਗੇ ਸੰਘਰਸ਼ : ਭਗਵੰਤ ਮਾਨ

Bhagwant Mann, Speaks, Against  Government, Punjab

‘ਸੱਤਾ ਪਰਿਵਰਨ ਦੇ ਬਾਵਜ਼ੂਦ ਅਕਾਲੀਆਂ-ਕਾਂਗਰਸੀਆਂ ਦੀ ਸਾਂਝ ਜਾਰੀ’

ਗੁਰਪ੍ਰੀਤ ਸਿੰਘ, ਸੰਗਰੂਰ: ਆਮ ਆਦਮੀ ਪਾਰਟੀ ਦੇ ਸੂਬਾ ਕਨਵੀਨਰ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਕਿਹਾ ਹੈ ਕਿ ਰੇਤ ਘਪਲੇ ਦੀ ਜਾਂਚ ਲਈ ਗਠਿਤ ਕਮੇਟੀ ਦੀ ਇਕ ਮਹੀਨੇ ਦੀ ਜਾਂਚ ਮਿਆਦ ਸਮਾਪਤ ਹੋ ਚੁੱਕੀ ਹੈ ਅਤੇ ਕਾਂਗਰਸ ਸਰਕਾਰ ਨੇ ਇਸ ਮਾਮਲੇ ਵਿੱਚ ਦੋਸ਼ਾਂ ਵਿੱਚ ਘਿਰੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਨੂੰ ਕਲੀਨ ਚਿੱਟ ਦੇਣ ਦੇ ਮਕਸਦ ਨਾਲ ਹੀ ਉਕਤ ਕਮੇਟੀ ਦਾ ਗਠਨ ਕੀਤਾ ਸੀ। ਉਨ੍ਹਾਂ ਕਿਹਾ ਕਿ ਉਕਤ ਮਾਮਲੇ ਵਿੱਚ ਆਮ ਆਦਮੀ ਪਾਰਟੀ ਚੁੱਪ ਨਹੀਂ ਬੈਠੇਗੀ। ਜਲਦੀ ਹੀ ਇਸ ਮਾਮਲੇ ਨੂੰ ਲੈ ਕੇ ਪਾਰਟੀ ਪੰਜਾਬ ਵਿੱਚ ਅੰਦੋਲਨ ਸ਼ੁਰੂ ਕਰੇਗੀ।

ਅੱਜ ਸੁਨਾਮ ਦੇ ਗੁਰੂ ਨਾਨਕ ਦੇਵ ਡੈਂਟਲ ਕਾਲਜ਼ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਪਿਛਲੇ ਇਕ ਦਹਾਕੇ ਤੋਂ ਚੱਲ ਰਿਹਾ ਰੇਤ, ਕੇਬਲ ਅਤੇ ਟਰਾਂਸਪੋਰਟ ਮਾਫੀਆ, ਸੱਤਾ ਪਰਿਵਰਤਨ ਦੇ ਬਾਵਜ਼ੂਦ ਵਰਤਮਾਨ ਦੌਰ ਵਿੱਚ ਵੀ ਕਾਇਮ ਹੈ। ਸਿਰਫ ਪੱਗਾਂ ਦਾ ਰੰਗ ਹੀ  ਬਦਲਿਆ ਹੈ। ਸਰਕਾਰ ਆਪਣੇ ਇਕ ਸੌ ਦਿਨ ਮਨਾਉਣ ਦਾ ਜਸ਼ਨ ਮਨਾ ਰਹੀ ਹੈ ਪ੍ਰੰਤੂ ਦੁਖਦ ਪਹਿਲੂ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਇਨ੍ਹਾਂ ਸੌ ਦਿਨ ਵਿੱਚ ਪੰਜਾਬ ਹੀ ਨਹੀਂ ਆਏ। ਕਾਂਗਰਸ ਤੇ ਅਕਾਲੀ ਦਲ ਦੇ ਆਗੂ ਆਪਸ ਵਿੱਚ ਮਿਲੇ ਹੋਏ ਹਨ। ਕਾਂਗਰਸ ਦੇ ਵਿਧਾਨ  ਸਭਾ ਸੈਸ਼ਨ ਵਿੱਚ ਵੀ ਪਾਰਟੀ ਵਿਧਾਇਕਾਂ ਦੀ ਆਵਾਜ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਸੀ।

ਸੰਸਦ ਦੇ ਮਾਨਸੂਨ ਸੈਸ਼ਨ ‘ਚ ਕੇਂਦਰ ਨੂੰ ਘੇਰਾਂਗੇ

ਭਗਵੰਤ ਮਾਨ ਨੇ ਕਿਹਾ ਕਿ ਜੀਐਸਟੀ ਲਾਗੂ ਹੋਣ ਨਾਲ ਲੋਕਾਂ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਪ੍ਰਧਾਨ ਮੰਤਰੀ ਮੋਦੀ ਲਗਾਤਾਰ ਜਨ ਵਿਰੋਧੀ ਫੈਸਲੇ ਲੈ ਰਹੇ ਹਨ। ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ  ਇਸ ਮਾਮਲੇ ਨੂੰ ਲੈ ਕੇ ਸੰਸਦ ਵਿੱਚ ਮਾਨਸੂਨ ਸਤਰ ਵਿੱਚ ਕੇਂਦਰ ਸਰਕਾਰ ਨੂੰ ਘੇਰੇਗੀ।  ਇਸ ਮੌਕੇ ਸਾਂਸਦ ਪ੍ਰੋ. ਸਾਧੂ ਸਿੰਘ , ਵਿਧਾਇਕ ਅਮਨ ਅਰੋੜਾ, ਵਿਧਾਇਕ ਬਲਜਿੰਦਰ ਕੌਰ, ਐਡਵੋਕੇਟ ਹਰਦੀਪ ਸਿੰਘ ਭਰੂਰ, ਸਾਹਿਬ ਸਿੰਘ, ਰੁਪਿੰਦਰ ਕੌਰ, ਕੁਲਤਾਰ ਸਿੰਘ ਆਦਿ ਮੌਜੂਦ ਸਨ।