‘ਸਾਡਾ ਭਾਜਪਾ ਨਾਲ ਨਹੀਂ ਕੋਈ ਸਰੋਕਾਰ’

ਭਾਜਪਾ ’ਚ ਸ਼ਾਮਲ ਸਾਬਕਾ ਸਰਪੰਚਾਂ ਨੇ ਅਗਲੀ ਸਵੇਰ ਹੀ ਲਿਆ ਯੂ-ਟਰਨ

ਲਿਖਤੀ ਤੇ ਵੀਡੀਓ ਵਾਇਰਲ ਕਰਕੇ ਦਿੱਤਾ ਆਪਣਾ ਸਪੱਸ਼ਟੀਕਰਨ

ਬਰਨਾਲਾ, (ਜਸਵੀਰ ਸਿੰਘ ਗਹਿਲ) ਸੋਮਵਾਰ ਨੂੰ ਚੰਡੀਗੜ ਵਿਖੇ ਪੁੱਜ ਕੇ ਭਾਜਪਾ ਦੀ ਮਜ਼ਬੂਤੀ ਤੇ ਬਿਹਤਰੀ ਦਾ ਵਾਅਦਾ ਕਰਨ ਵਾਲਿਆਂ ਨੇ ਕਿਸਾਨ ਰੋਹ ਅੱਗੇ ਝੁਕ ਕੇ ਯੂ- ਟਰਨ ਲੈਂਦਿਆਂ ਪਾਰਟੀ ’ਚ ਸ਼ਾਮਲ ਹੋਣ ਦੀ ਅਗਲੀ ਸਵੇਰ ਹੀ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਹੈ। ਇਸ ਪਿੱਛੋਂ ਸਬੰਧਿਤ ਸਾਬਕਾ ਸਰਪੰਚਾਂ ਦੀਆਂ ਵਾਇਰਲ ਵੀਡੀਓਜ਼ ਨੂੰ ਸ਼ੋਸਲ ਮੀਡੀਆ ’ਤੇ ਦੱਬ ਕੇ ਸ਼ੇਅਰ ਕੀਤਾ ਜਾ ਰਿਹਾ ਹੈ।

ਪੰਜਾਬ ਦੇ ਪਿੰਡਾਂ ’ਚ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਪ੍ਰਤੀ ਕਾਫੀ ਗੁੱਸਾ ਪਾਇਆ ਜਾ ਰਿਹਾ ਹੈ ਜਿਸ ਦਾ ਅਸਰ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਲੰਘੇ ਸੋਮਵਾਰ ਆਪਣੇ-ਆਪਣੇ ਪਿੰਡਾਂ ’ਤੋਂ ਖੁਦ ਚੱਲ ਕੇ ਚੰਡੀਗੜ੍ਹ ਪਹੁੰਚੇ ਜ਼ਿਲ੍ਹੇ ਭਰ ਦੇ ਸਾਢੇ ਚਾਰ ਦਰਜ਼ਨ ਦੇ ਕਰੀਬ ਵਿਅਕਤੀਆਂ ਵਿੱਚੋਂ ਕੁੱਝ ਸਾਬਕਾ ਸਰਪੰਚਾਂ ਨੇ ਅਗਲੀ ਸਵੇਰ ਹੀ ਭਾਜਪਾ ਜਨਤਾ ਪਾਰਟੀ ਨਾਲ ਕੋਈ ਵੀ ਨਾਤਾ ਨਾ ਹੋਣ ਦਾ ਫੁਰਮਾਨ ਜਾਰੀ ਕਰ ਦਿੱਤਾ ਹੈ।

ਪਾਰਟੀ ਆਗੂਆਂ ਨਾਲ ਫੋਟੋਆਂ ਖਿਚਵਾਉਣ ਵਾਲਿਆਂ ਖਿਲਾਫ਼ ਪਿੰਡ ਨੂੰ ਵਾਪਸੀ ਤੋਂ ਪਹਿਲਾਂ ਹੀ ਉਠ ਰਹੇ ਕਿਸਾਨ ਰੋਹ ਦੀ ਭਾਫ਼ ਵੀ ਨਿਕਲਣੀ ਸ਼ੁਰੂ ਹੋ ਗਈ ਜੋ ਅਗਲੇ ਦਿਨ ਹੀ ਪਿੰਡ ਚੰਨਣਵਾਲ ਦੇ ਮੌਜੂਦਾ ਸਰਪੰਚ ਖਿਲਾਫ਼ ਜੁੜੇ ਕਿਸਾਨਾਂ ਤੇ ਪਿੰਡ ਵਾਸੀਆਂ ਦੇ ਭਰਵੇਂ ਇਕੱਠ ਦੇ ਰੂਪ ਵਿੱਚ ਉਜਾਗਰ ਹੋ ਗਈ। ਜਿੱਥੇ ਵੱਡੀ ਗਿਣਤੀ ਇਕੱਤਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਸਮੇਤ ਪਿੰਡ ਵਾਸੀਆਂ ਨੇ ਪੰਚਾਇਤ ਘਰ ਨੂੰ ਜਿੰਦਰਾ ਵੀ ਜੜ ਦਿੱਤਾ ਹੈ।

ਜਿਸ ਪਿੱਛੋਂ ਕੁੱਝ ਸਾਬਕਾ ਸਰਪੰਚਾਂ ਨੇ ਤੁਰੰਤ ਭਾਰਤੀ ਜਨਤਾ ਪਾਰਟੀ ਨੂੰ ਅਲਵਿਦਾ ਆਖ ਕੇ ਮੋੜਾ ਕੱਟਣ ’ਚ ਹੀ ਆਪਣੀ ਭਲਾਈ ਸਮਝੀ। ਦੱਸ ਦਈਏ ਕਿ ਜ਼ਿਲ੍ਹਾ ਬਰਨਾਲਾ ਦੇ 53 ਕੁ ਵਿਅਕਤੀ ਸੋਮਵਾਰ ਨੂੰ ਭਾਰਤੀ ਜਨਤਾ ਪਾਰਟੀ ਦੇ ਸਥਾਨਕ ਜ਼ਿਲ੍ਹਾ ਆਗੂਆਂ ਦੀ ਅਗਵਾਈ ਹੇਠ ਚੰਡੀਗੜ੍ਹ ਵਿਖੇ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਪਹੁੰਚ ਕੇ ਪਾਰਟੀ ’ਚ ਸ਼ਾਮਲ ਹੋਏ ਸਨ ਜਿੰਨ੍ਹਾਂ ਵਿੱਚ ਜ਼ਿਲੇ੍ਹ ਦੇ ਦੋ ਪਿੰਡਾਂ ਦੇ ਮੌਜੂਦਾ ਸਰਪੰਚ, ਇੱਕ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਇੱਕ ਬਸਪਾ ਦਾ ਸੀਨੀਅਰ ਆਗੂ, ਦੋ ਸਾਬਕਾ ਸਰਪੰਚਾਂ ਸਮੇਤ ਕਈ ਮੌਜੂਦਾ ਪੰਚਾਇਤ ਮੈਂਬਰਾਂ ਨੇ ਵੀ ਪਾਰਟੀ ’ਚ ਸ਼ਮੂਲੀਅਤ ਕੀਤੀ ਸੀ

ਜੋ ਇਸ ਤੋਂ ਪਹਿਲਾਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ’ਚ ਸ਼ਾਮਲ ਸਨ, ਨੇ ਕਿਸਾਨ ਰੋਹ ਤੋਂ ਡਰਦਿਆਂ ਪੈਰ ਪਿੱਛੇ ਖਿੱਚਦਿਆਂ ਪਾਰਟੀ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਨਾਤਾ ਨਾ ਹੋਣ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਨੂੰ ਅਲਵਿਦਾ ਆਖਣ ਵਾਲਿਆਂ ਵਿੱਚ ਪਿੰਡ ਦੀਪਗੜ ਦੇ ਸਾਬਕਾ ਸਰਪੰਚ ਮੰਦਰ ਸਿੰਘ ਅਤੇ ਪਿੰਡ ਪੰਡੋਰੀ ਦੇ ਸਾਬਕਾ ਸਰਪੰਚ ਸੁਰਿੰਦਰ ਸਿੰਘ ਸ਼ਾਮਲ ਹਨ ਜਿੰਨ੍ਹਾਂ ਨੇ ਆਪਣੇ ਪਿੰਡਾਂ ਦੇ ਪਤਵੰਤਿਆਂ, ਕਿਸਾਨ ਜਥੇਬੰਦੀਆਂ ਦੇ ਇਕਾਈ ਆਗੂਆਂ ਦੀ ਮੌਜੂਦਗੀ ਵਿੱਚ ਭਾਜਪਾ ’ਚ ਸ਼ਾਮਲ ਹੋਣ ਦੀਆਂ ਖ਼ਬਰਾਂ ਦਾ ਲਿਖ਼ਤੀ ਤੇ ਵੀਡੀਓ ਰਾਹੀਂ ਖੰਡਨ ਕਰਦਿਆਂ ਪਾਰਟੀ ਤੋਂ ਮੋੜਾ ਕੱਟਿਆ ਹੈ।

ਘੁਮਾਉਣ- ਫਿਰਾਉਣ ਦੇ ਬਹਾਨੇ ਚੰਡੀਗੜ੍ਹ ਲਿਜਾਇਆ ਗਿਆ

ਸਾਬਕਾ ਸਰਪੰਚ ਮੰਦਰ ਸਿੰਘ ਦੀਪਗੜ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਘੁਮਾਉਣ- ਫਿਰਾਉਣ ਦੇ ਬਹਾਨੇ ਚੰਡੀਗੜ੍ਹ ਲਿਜਾਇਆ ਗਿਆ ਜਿੱਥੇ ਉਨ੍ਹਾਂ ਦੇ ਗਲਾਂ ਵਿੱਚ ਭਾਜਪਾ ਦੀ ਲੋਗੋ ਵਾਲਾ ਪਰਨਾ ਪਾ ਕੇ ਮੀਡੀਆ ਨੂੰ ਸੂਚਨਾ ਦੇ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਹ ਸਭ ਕੁੱਝ ਉਨ੍ਹਾਂ ਨੂੰ ਹਨੇ੍ਹਰੇ ਵਿੱਚ ਰੱਖ ਕੇ ਕੀਤਾ ਗਿਆ ਹੈ ਜਦਕਿ ਉਨ੍ਹਾਂ ਦਾ ਭਾਜਪਾ ਨਾਲ ਕੋਈ ਵੀ ਰਿਸ਼ਤਾ ਨਹੀਂ।

ਸਾਬਕਾ ਸਰਪੰਚ ਸੁਰਿੰਦਰ ਸਿੰਘ ਪੰਡੋਰੀ ਨੇ ਕਿਹਾ ਕਿ ਉਹ ਆਪਣੇ ਮਿੱਤਰ ਨਾਲ ਪੀਜੀਆਈ ਚੰਡੀਗੜ੍ਹ ਵਿਖੇ ਦਵਾਈ ਲੈਣ ਗਿਆ ਸੀ, ਜਿੱਥੇ ਉਨ੍ਹਾਂ ਨੂੰ ਉਨ੍ਹਾਂ ਦੇ ਮਿੱਤਰ ਤੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰਿੰਦਰ ਦਾਸ ਤੋਤਾ ਦਾ ਫੋਨ ਆਇਆ ਤੇ ਆਪਣੇ ਕੋਲ ਭਾਜਪਾ ਦੇ ਦਫ਼ਤਰ ਬੁਲਾਇਆ। ਜਿੱਥੇ ਉਨ੍ਹਾਂ ਦੇ ਧੱਕੇ ਨਾਲ ਪਾਰਟੀ ਦੇ ਲੋਗੋ ਵਾਲਾ ਪਰਨਾ ਪਾ ਦਿੱਤਾ ਗਿਆ।

ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਭਾਜਪਾ ’ਚ ਸ਼ਾਮਲ ਹੋਣ ਦੀਆਂ ਪ੍ਰਕਾਸ਼ਿਤ ਖ਼ਬਰਾਂ ਗਲਤ ਹਨ। ਪਿੰਡ ਚੰਨਣਵਾਲ ਦੇ ਜਗਰੂਪ ਸਿੰਘ ਨੇ ਕਿਹਾ ਕਿ 2017 ’ਚ ਉਨ੍ਹਾਂ ਦੇ ਪਰਿਵਾਰ ’ਚ ਬੱਚੇ ਨੇ ਖੁਦਕੁਸ਼ੀ ਕਰ ਲਈ ਸੀ ਜਿਸ ਦੀ ਸਹਾਇਤਾ ਦਿਵਾਉਣ ਦਾ ਲਾਲਚ ਦੇ ਕੇ ਭਾਜਪਾ ਆਗੂ ਉਸਨੂੰ ਪਾਰਟੀ ਦੇ ਚੰਡੀਗੜ੍ਹ ਸਥਿਤ ਦਫਤਰ ਲੈ ਗਏ ਜਿੱਥੇ ਉੁਸਦੇ ਗਲ ’ਚ ਪਾਰਟੀ ਦਾ ਮਫ਼ਲਰ ਪਾ ਕੇ ਭਾਜਪਾ ’ਚ ਸ਼ਾਮਲ ਹੋਣ ਦੀ ਖਬਰ ਫੈਲਾਅ ਦਿੱਤੀ ਗਈ। ਉਨ੍ਹਾਂ ਦਾ ਭਾਜਪਾ ਨਾਲ ਕੋਈ ਲੈਣਾ ਦੇਣਾ ਨਹੀਂ।

ਮਰਜ਼ੀ ਨਾਲ ਆਏ ਸਨ

ਸੰਪਰਕ ਕਰਨ ’ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸੰਟੀ ਨੇ ਕਿਹਾ ਕਿ ਪਾਰਟੀ ’ਚ ਵੱਖ-ਵੱਖ ਪਿੰਡਾਂ ਦੇ ਪਤਵੰਤੇ ਆਪਣੀ ਮਰਜ਼ੀ ਨਾਲ ਭਾਜਪਾ ’ਚ ਸ਼ਾਮਲ ਹੋਏ ਸਨ ਨਾ ਕਿ ਕਿਸੇ ਤਰ੍ਹਾਂ ਦੇ ਦਬਾਅ ਹੇਠ। ਉਨ੍ਹਾਂ ਕਿਹਾ ਕਿ ਅੱਜ ਜਦ ਉਹ ਪਾਰਟੀ ’ਚ ਧੱਕੇ ਨਾਲ ਸ਼ਾਮਲ ਕਰਨ ਦੇ ਐਲਾਨ ਕਰ ਰਹੇ ਹਨ ਤਾਂ ਇਹ ਕਿਸੇ ਨਾ ਕਿਸੇ ਦਬਾਅ ਹੇਠ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅਗਲੇ ਕੁੱਝ ਦਿਨਾਂ ਅੰਦਰ ਹੀ ਅਜਿਹਾ ਇੱਕ ਹੋਰ ਵੀ ਧਮਾਕਾ ਕੀਤਾ ਜਾਵੇਗਾ।

ਪਾਰਟੀ ਨਾਲ ਚਟਾਨ ਵਾਂਗ ਖੜ੍ਹੇ ਹਾਂ

ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰਿੰਦਰ ਦਾਸ ਤੋਤਾ, ਚੰਦ ਸਿੰਘ ਬੀਹਲਾ ਤੇ ਸਰਪੰਚ ਬੂਟਾ ਸਿੰਘ ਚੰਨਣਵਾਲ ਨੇ ਕਿਹਾ ਕਿ ਬੇਸ਼ੱਕ ਪਿੰਡਾਂ ਅੰਦਰ ਉਨ੍ਹਾਂ ਦਾ ਵੱਡੇ ਪੱਧਰ ’ਤੇ ਵਿਰੋਧ ਚੱਲ ਰਿਹਾ ਹੈ ਪਰ ਉਹ ਪਾਰਟੀ ਨਾਲ ਚਟਾਂਨ ਵਾਂਗ ਖੜ੍ਹੇ ਹਨ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਇੱਕਾ-ਦੁੱਕਾ ਨੂੰ ਛੱਡ ਕੇ ਪਾਰਟੀ ’ਚ ਸ਼ਾਮਲ ਹੋਏ ਸਮੁੱਚੇ ਆਗੂ/ਵਰਕਰ ਪਾਰਟੀ ਦੇ ਨਾਲ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ