ਏਐੱਫਐੱਸਓ ਵੀਹ ਹਜ਼ਾਰ ਦੀ ਵੱਢੀ ਲੈਂਦਾ ਕਾਬੂ

FIFA, Thousand, Bribe

ਪਟਿਆਲਾ, (ਖੁਸ਼ਵੀਰ ਤੂਰ/ਸੱਚ ਕਹੂੰ ਨਿਊਜ਼)। ਵਿਜੀਲੈਂਸ ਵੱਲੋਂ ਫੂਡ ਸਪਲਾਈ ਦਫਤਰ ਸਨੌਰ ਦੇ ਏਐੱਫਐੱਸਓ ਨੂੰ 20 ਹਜ਼ਾਰ ਦੀ ਵੱਢੀ ਲੈਂਦਿਆਂ ਰੰਗੀ ਹੱਥੀਂ ਗ੍ਰਿਫਤਾਰ ਕੀਤਾ ਗਿਆ ਹੈ। ਉਕਤ ਏਐੱਫਐੱਸਓ ਵੱਲੋਂ ਇਹ ਰਕਮ ਸਸਤੇ ਰਾਸ਼ਨ ਦਾ ਸਰਕਾਰੀ ਡਿੱਪੂ ਦਾ ਲਾਇਸੈਂਸ ਜਾਰੀ ਕਰਵਾਉਣ ਬਦਲੇ ਮੰਗੀ ਗਈ ਸੀ। ਵਿਜੀਲੈਂਸ ਬਿਊਰੋ ਦੇ ਐੱਸਐੱਸਪੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਜਗਵਿੰਦਰ ਸਿੰਘ ਪੁੱਤਰ ਸ਼ਮਸ਼ੇਰ ਸਿੰਘ ਵਾਸੀ ਪਿੰਡ ਭਾਨਰੀ ਜ਼ਿਲ੍ਹਾ ਪਟਿਆਲਾ ਨੇ ਆਪਣੇ ਪਿੰਡ ਭਾਨਰੀ ਵਿਖੇ ਸਸਤੇ ਰਾਸ਼ਨ ਦਾ ਸਰਕਾਰੀ ਡਿੱਪੂ ਖੋਲ੍ਹਣ ਲਈ ਸਰਕਾਰੀ ਫੀਸ ਭਰਨ ਤੋਂ ਇਲਾਵਾ ਹੋਰ ਜਰੂਰੀ ਦਸਤਾਵੇਜ਼ ਫੁਡ ਸਪਲਾਈ ਵਿਭਾਗ ਪਟਿਆਲਾ ਵਿਖੇ ਅਪਲਾਈ ਕੀਤਾ ਹੋਇਆ ਸੀ। ਪਿੰਡ ਭਾਨਰੀ ਦਾ ਚਾਰਜ ਜੀਵਨ ਕੁਮਾਰ ਏਐੱਫਐੱਸਓ ਵੱਲੋਂ ਪਾਸ ਹੋਣ ਕਰਕੇ ਸਾਰੀ ਫਾਰਮੈਲਟੀ ਇਸ ਵੱਲੋਂ ਹੀ ਪੂਰੀ ਕਰਵਾਈ ਗਈ ਸੀ।

ਉਕਤ ਏਐੱਫਐੱਸਓ ਨੇ ਜਗਵਿੰਦਰ ਸਿੰਘ ਦੇ ਸਰਕਾਰੀ ਡਿੱਪੂ ਦਾ ਲਾਇਸੈਂਸ ਜਾਰੀ ਕਰਵਾਉਣ ਬਦਲੇ 25 ਹਜ਼ਾਰ ਰੁਪਏ ਦੀ ਮੰਗ ਕੀਤੀ ਤੇ ਸੌਦਾ 20 ਹਜ਼ਾਰ ਰੁਪਏ ‘ਚ ਤੈਅ ਹੋ ਗਿਆ। ਵਿਜੀਲੈਂਸ ਦੇ ਇੰਸਪੈਕਟਰ ਪ੍ਰਿਤਪਾਲ ਸਿੰਘ ਨੇ ਸਮੇਤ ਟੀਮ ਸਰਕਾਰੀ ਗਵਾਹਾਂ ਦੀ ਹਾਜ਼ਰੀ ‘ਚ 20 ਹਜ਼ਾਰ ਦੀ ਰਿਸ਼ਵਤ ਲੈਂਦਿਆਂ ਏਐੱਫਐੱਸਓ ਨੂੰ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਤੋਂ ਗ੍ਰਿਫਤਾਰ ਕੀਤਾ। ਵਿਜੀਲੈਂਸ ਦੀ ਟੀਮ ‘ਚ ਏਐੱਸਆਈ ਪਵਿੱਤਰ ਸਿੰਘ, ਕੁੰਦਨ ਸਿੰਘ, ਵਿਜੈ ਸ਼ਾਰਦਾ, ਸ਼ਾਮ ਸੁੰਦਰ, ਹਰਮੀਤ ਸਿੰਘ, ਸਿਪਾਹੀ ਕਾਰਜ ਸਿੰਘ ਤੇ ਸੁਖਵਿੰਦਰ ਸਿੰਘ ਮੌਜੂਦ ਸਨ। (FIR)