ਕਿਸਾਨ ਜਥੇਬੰਦੀਆਂ ਨੇ 18 ਜੂਨ ਦੇ ਸ਼ਡਿਊਲ ਨੂੰ ਕੀਤਾ ਰੱਦ, 10 ਜੂਨ ਤੋਂ ਝੋਨਾ ਲਾਉਣ ਦਾ ਕੀਤਾ ਐਲਾਨ

Farmer Organizations Sachkahoon

16 ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਪਾਵਰਕੌਮ ਦੇ ਚੇਅਰਮੈਨ ਸਮੇਤ ਹੋਰ ਅਧਿਕਾਰੀਆਂ ਨਾਲ ਕੀਤੀ ਮੀਟਿੰਗ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸੰਯੁਕਤ ਕਿਸਾਨ ਮੋਰਚੇ ਵਿੱਚ ਸਾਮਲ ਪੰਜਾਬ ਦੀਆਂ 16 ਕਿਸਾਨ ਜਥੇਬੰਦੀਆਂ ਵੱਲੋਂ 18 ਜੂਨ ਤੋਂ ਝੋਨਾ ਲਾਉਣ ਸਬੰਧੀ ਪੰਜਾਬ ਸਰਕਾਰ ਵੱਲੋਂ ਤੈਅ ਕੀਤਾ ਗਿਆ ਸ਼ੈਡਿਊਲ ਰੱਦ ਕਰ ਦਿੱਤਾ ਹੈ। ਕਿਸਾਨ ਜਥੇਬੰਦੀਆਂ ਵੱਲੋਂ 10 ਜੂਨ ਤੋਂ ਹੀ ਝੋਨਾ ਲਾਉਣ ਦਾ ਐਲਾਨ ਕਰਦੇ ਹੋਏ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਜੇਕਰ ਸਰਕਾਰ ਨੇ 18 ਜੂਨ ਵਾਲਾ ਸ਼ਡਿਊਲ ਰੱਦ ਨਾ ਕੀਤਾ ਤਾਂ ਤਕੜੇ ਸੰਘਰਸ਼ ਦਾ ਐਲਾਨ ਕਰਨਗੇ । ਇੱਧਰ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਪਾਵਰਕੌਮ ਦੇ ਚੇਅਰਮੈਨ ਬਲਦੇਵ ਸਿੰਘ ਸਰਾਂ ਸਮੇਤ ਹੋਰ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ । ਇਸ ਮੌਕੇ ਕਿਸਾਨ ਆਗੂਆਂ ਨੇ ਪਾਵਰਕੌਮ ਦੇ ਅਧਿਕਾਰੀਆਂ ਨੂੰ ਸਪੱਸ਼ਟ ਸ਼ਬਦਾਂ ਵਿਚ ਕਹਿ ਦਿੱਤਾ ਗਿਆ ਕਿ 18 ਜੂਨ ਦਾ ਬਿਜਲੀ ਸ਼ਡਿਊਲ ਵੀ ਮਨਜੂਰ ਨਹੀਂ ਹੈ ।

ਅੱਜ ਦੀ ਮੀਟਿੰਗ ਵਿੱਚ ਸਤਨਾਮ ਸਿੰਘ ਬਹਿਰੂ,ਹਰਮੀਤ ਸਿੰਘ ਕਾਦੀਆਂ,ਨਿਰਭੈ ਸਿੰਘ ਢੁੱਡੀਕੇ, ਬੂਟਾ ਸਿੰਘ ਬੁਰਜਗਿੱਲ,ਸਤਨਾਮ ਸਿੰਘ ਸਾਹਨੀ, ਬਲਦੇਵ ਸਿੰਘ ਨਿਹਾਲਗੜ੍ਹ ,ਰੁਲਦੂ ਸਿੰਘ ਮਾਨਸਾ,ਬਲਵਿੰਦਰ ਸਿੰਘ ਮੱਲ੍ਹੀਨੰਗਲ,ਕੁਲਦੀਪ ਸਿੰਘ ਵਜੀਦਪੁਰ,ਕਿਰਨਜੀਤ ਸਿੰਘ ਸੇਖੋਂ, ਬੂਟਾ ਸਿੰਘ ਸਾਦੀਪੁਰ ਡਾਕਟਰ ਸਤਨਾਮ ਅਜਨਾਲਾ ਅਤੇ ਫੁਰਮਾਨ ਸਿੰਘ ਸੰਧੂ ਆਦਿ ਕਿਸਾਨ ਆਗੂ ਸਾਮਲ ਸਨ।  ਇਸ ਮੌਕੇ ਸੰਯੁਕਤ ਕਿਸਾਨ ਮੋਰਚਾ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਰਾਮਿੰਦਰ ਸਿੰਘ ਪਟਿਆਲਾ ਨੇ ਕਿਹਾ ਕਿ ਅੱਜ ਦੀ ਮੀਟਿੰਗ ਵਿੱਚ ਕਿਸਾਨਾਂ ਦੀਆਂ ਬਿਜਲੀ ਮਹਿਕਮੇ ਨਾਲ ਸਬੰਧਿਤ ਕਈ ਮੰਗਾਂ ਤੇ ਹਾਂ ਪੱਖੀ ਚਰਚਾ ਕੀਤੀ ਗਈ ਜਿਸ ਵਿਚ ਹਰ ਕਿਸਮ ਦੇ ਓਵਰਲੋਡ ਸਿਸਟਮ ਨੂੰ ਅੰਡਰਲੋਡ ਕਰਨ ਬਾਰੇ ਚੇਅਰਮੈਨ ਨੇ ਹਾਂ ਪੱਖੀ ਹੁੰਗਾਰਾ ਭਰਿਆ ਹੈ।

ਲੋਡ ਫੀਸਦੀ 4700 ਰੁਪਏ ਪ੍ਰਤੀ ਹਾਰਸ ਪਾਵਰ ਤੋਂ ਘੱਟ ਕਰ ਕੇ 1200 ਰੁਪਏ ਕਰਨ ਉਪਰ ਵੀ ਚੇਅਰਮੈਨ ਸਾਹਿਬ ਨੇ ਕਿਹਾ ਕਿ ਸੱਚਮੁੱਚ ਹੀ 4700 ਰੁਪਏ ਰੇਟ ਜ਼ਿਆਦਾ ਹੈ ਉਹ ਬਿਜਲੀ ਰੈਗੂਲੇਟਰੀ ਕਮਿਸਨ ਨੂੰ ਰੇਟ ਘੱਟ ਕਰਨ ਦੀ ਅਪੀਲ ਕਰਨਗੇ। ਕਿਸਾਨ ਆਗੂ ਨੇ ਦੱਸਿਆ ਕਿ ਚੇਅਰਮੈਨ ਨੇ ਝੋਨੇ ਦੇ ਸੀਜਨ ਲਈ ਜਾਰੀ ਸਡਿਊਲ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮਾਮਲੇ ਵਿਚ ਬਿਜਲੀ ਬੋਰਡ ਨੂੰ ਭਰੋਸੇ ਵਿੱਚ ਨਹੀ ਲਿਆ ਗਿਆ।  ਉਨ੍ਹਾਂ ਕਿਹਾ ਕਿ 16 ਕਿਸਾਨ ਜਥੇਬੰਦੀਆਂ ਨੇ ਪੰਜਾਬ ਸਰਕਾਰ ਨੂੰ ਇਸ ਸਡਿਊਲ ਬਾਰੇ ਮੁੜ ਵਿਚਾਰਨ ਦੀ ਅਪੀਲ ਕਰਦੇ ਹੋਏ ਚੇਤਾਵਨੀ ਦਿਤੀ ਕਿ ਜੇਕਰ ਸਰਕਾਰ ਨੇ ਇਸ ਬਾਰੇ ਮੁੜ ਵਿਚਾਰ ਨਾ ਕੀਤੀ ਤਾਂ ਕਿਸਾਨ ਤਿੱਖਾ ਸੰਘਰਸ ਕਰਨ ਲਈ ਮਜਬੂਰ ਹੋਣਗੇ ਅਤੇ 20 ਮਈ ਨੂੰ ਕਿਸਾਨ ਭਵਨ, ਚੰਡੀਗੜ੍ਹ ਵਿਖੇ ਮੀਟਿੰਗ ਕਰ ਕੇ ਅਗਲੇ ਤਿੱਖੇ ਸੰਘਰਸ ਦਾ ਐਲਾਨ ਕੀਤਾ ਜਾਵੇਗਾ। ਇਸ ਮੌਕੇ ਜਗਮੋਹਣ ਸਿੰਘ ਉੱਪਲ, ਜਤਿੰਦਰ ਸਿੰਘ ਛੀਨਾ, ਦਵਿੰਦਰ ਸਿੰਘ, ਵੀਰਪਾਲ ਸਿੰਘ ਢਿੱਲੋਂ ਅਤੇ ਗੁਰਨਾਮ ਸਿੰਘ ਭੀਖੀ ਸਮੇਤ ਕਈ ਕਿਸਾਨ ਆਗੂ ਵੀ ਹਾਜਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ