ਨਸ਼ੇ ਨਾਲ ਮੌਤਾਂ ਦੇ ਮੁੱਦੇ ‘ਤੇ ‘ਆਪ’ 12 ਨੂੰ ਘੇਰੇਗੀ ਫਰੀਦਕੋਟ ਪੁਲਿਸ

Faridkot, Police, Cover, AAP Drug, Related, Deaths

ਨਸ਼ਿਆਂ ਉੱਤੇ ਐੱਸ.ਟੀ.ਐਫ ਦੀ ਰਿਪੋਰਟ ਜਨਤਕ ਕਰਨ ਕੈਪਟਨ : ਡਾ. ਬਲਬੀਰ ਸਿੰਘ |AAP Govt

ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਨਸ਼ਿਆਂ ਦੀ ਗ੍ਰਿਫ਼ਤ ਵਿੱਚ ਆਏ ਨੌਜਵਾਨਾਂ ਦੀਆਂ ਨਿੱਤ ਹੋ ਰਹੀਆਂ ਮੌਤਾਂ ਉੱਤੇ ਸਖ਼ਤ ਸਟੈਂਡ ਲੈਂਦਿਆਂ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਨੇ ਐਲਾਨ ਕੀਤਾ ਕਿ ਉਹ 12 ਜੁਲਾਈ ਨੂੰ ਐਸਐਸਪੀ ਫ਼ਰੀਦਕੋਟ ਦਾ ਦਫ਼ਤਰ ਘੇਰਨਗੇ। ਚੰਡੀਗੜ੍ਹ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਸਹਿ ਪ੍ਰਧਾਨ ਡਾ. ਬਲਬੀਰ ਸਿੰਘ, ਆਪ ਯੂਥ ਵਿੰਗ ਦੇ ਇੰਚਾਰਜ ਅਤੇ ਵਿਧਾਇਕ ਮੀਤ ਹੇਅਰ ਅਤੇ ਯੂਥ ਪ੍ਰਧਾਨ ਮਨਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਸਰਕਾਰ ਨਸ਼ਿਆਂ ਪ੍ਰਤੀ ਗੰਭੀਰ ਨਹੀਂ ਹੈ ਅਤੇ ‘ਆਪ’ ਇਸ ਮੁੱਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਨੂੰ ਉਨ੍ਹਾਂ ਵੱਲੋਂ ਗੁਟਕਾ ਸਾਹਿਬ ਫੜ ਕੇ ਚੁੱਕੀ ਸਹੁੰ ਯਾਦ ਕਰਵਾਉਂਦੇ ਰਹਿਣਗੇ। ਡਾ. ਬਲਬੀਰ ਨੇ ਮੰਗ ਕੀਤੀ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਸ਼ਿਆਂ ਦੇ ਮਾਮਲੇ ਵਿਚ ਐਸ.ਟੀ.ਐਫ ਦੀ ਰਿਪੋਰਟ ਜਨਤਕ ਕਰਨ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਨਸ਼ੇ ਦੇ ਵਪਾਰ ਵਿੱਚ ਸ਼ਾਮਲ ਅਕਾਲੀ ਆਗੂਆਂ ਨੂੰ ਜੇਲ੍ਹ ਭੇਜਣ ਦਾ ਦਾਅਵਾ ਕਰਨ ਵਾਲੇ ਕੈਪਟਨ ਸਪੱਸ਼ਟ ਕਰਨ ਕਿ ਉਨ੍ਹਾਂ ਖ਼ਿਲਾਫ਼ ਕਾਰਵਾਈ ਕਦੋਂ ਹੋਵੇਗੀ।

ਯੂਥ ਵਿੰਗ ਦੀ ਘਿਰਾਓ ਦੀ ਚਿਤਾਵਨੀ ਤੋਂ ਬਾਅਦ ਸਰਕਾਰ ਨੇ ਮੁਅੱਤਲ ਕੀਤੇ ਅਰਨੀਵਾਲਾ ਥਾਣੇ ਦੇ ਕਰਮਚਾਰੀ : ਮਨਜਿੰਦਰ ਸਿੱਧੂ | AAP Govt

ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਮੀਤ ਹੇਅਰ ਨੇ ਕਿਹਾ ਕਿ ਸਰਕਾਰ ਡੋਪ ਟੈਸਟ ਦਾ ਡਰਾਮਾ ਕਰ ਕੇ ਨਸ਼ਿਆਂ ਦੇ ਮੁੱਦੇ ਤੋਂ ਧਿਆਨ ਭਟਕਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਡੋਪ ਟੈੱਸਟ ਇਸ ਮੁੱਦੇ ਦਾ ਕੋਈ ਸਾਰਥਿਕ ਹੱਲ ਨਹੀਂ ਹੈ ਅਤੇ ਜੇਕਰ ਕੈਪਟਨ ਅਮਰਿੰਦਰ ਸਿੰਘ ਇਸ ਗੱਲ ਦੀ ਗਰੰਟੀ ਦਿੰਦੇ ਹਨ ਕਿ ਅਜਿਹਾ ਕਰਨ ਨਾਲ ਨਸ਼ੇ ਦੀ ਸਮੱਸਿਆ ਹੱਲ ਹੋ ਜਾਵੇਗੀ ਅਤੇ ਸੂਬੇ ਵਿਚ ਕੋਈ ਨੌਜਵਾਨ ਨਹੀਂ ਮਰੇਗਾ ਤਾਂ ਉਹ ਦਿਨ ਵਿਚ 2 ਵਾਰ ਡੋਪ ਟੈੱਸਟ ਕਰਵਾਉਣ ਲਈ ਤਿਆਰ ਹਨ।

ਹੇਅਰ ਨੇ ਕਿਹਾ ਕਿ ਸਰਕਾਰ ਨਸ਼ੇ ਦੇ ਤਸਕਰਾਂ ਨੂੰ ਫੜਨ ਦੀ ਥਾਂ ਆਪਣੇ ਹੀ ਕਰਮਚਾਰੀਆਂ ਨੂੰ ਪਰੇਸ਼ਾਨ ਕਰਨ ਉੱਤੇ ਤੁਲੀ ਹੋਈ ਹੈ। ਇਸ ਮੌਕੇ ਵਿਧਾਇਕ ਹਰਪਾਲ ਚੀਮਾ, ਮਾਝਾ ਜ਼ੋਨ ਪ੍ਰਧਾਨ ਕੁਲਦੀਪ ਧਾਲੀਵਾਲ, ਮਾਲਵਾ ਜ਼ੋਨ-2 ਪ੍ਰਧਾਨ ਗੁਰਦਿੱਤ ਸੇਖੋਂ, ਮਾਲਵਾ ਜ਼ੋਨ 3 ਪ੍ਰਧਾਨ ਦਲਬੀਰ ਢਿੱਲੋਂ, ਯੂਥ ਵਿੰਗ ਮਾਲਵਾ-2 ਪ੍ਰਧਾਨ ਅਮਨ ਮੋਹੀ, ਯੂਥ ਵਿੰਗ ਮਾਝਾ ਪ੍ਰਧਾਨ ਸੁਖਰਾਜ ਬਲ, ਯੂਥ ਵਿੰਗ ਦੋਆਬਾ ਪ੍ਰਧਾਨ ਰੋਬੀ ਕੰਗ ਅਤੇ ਹੋਰ ਅਹੁਦੇਦਾਰ ਮੌਜੂਦ ਸਨ।