ਅਨੋਖੀ ਸ਼ਹਾਦਤ ਦੀ ਮਿਸਾਲ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰੰਘ

BabaZorawarSingh, BabaFatehSingh

ਰਮੇਸ਼ ਬੱਗਾ ਚੋਹਲਾ

ਹਕੀਮ ਅੱਲ੍ਹਾ ਯਾਰ ਖਾਂ ਯੋਗੀ ਭਾਵੇਂ ਬੁਨਿਆਦੀ ਰੂਪ ‘ਚ ਸਿੱਖ ਨਹੀਂ ਸੀ ਪਰ ਉਸ ਦੀ ਸ਼ਾਇਰਾਨਾ ਕਲਮ ਮਾਨਵਤਾ ਲਈ ਕੁਰਬਾਨੀ ਦੇ ਉਸ ਜਜ਼ਬੇ ਤੋਂ ਕੁਰਬਾਨ ਜਾਂਦੀ ਹੈ ਜਿਹੜਾ ਹੱਕ ਤੇ ਸੱਚ ਦੀ ਸਲਾਮਤੀ ਲਈ ਮੌਤ ਨੂੰ ਗਲੇ ਲਾਉਣ ਲਈ ਤਿਆਰ-ਬਰ-ਤਿਆਰ ਰਹਿੰਦਾ ਹੈ। ਇਸੇ ਕਰਕੇ ਹੀ ਉਸ ਨੂੰ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਦੋ ਵੱਡੇ ਸਾਹਿਬਜ਼ਾਦਿਆਂ ਅਤੇ ਮੁੱਠੀ ਭਰ ਸਿਦਕੀ ਸਿੱਖਾਂ ਦੇ ਅਣਖ਼ੀ ਲਹੂ ਨਾਲ ਰੰਗੀ ਹੋਈ ਚਮਕੌਰ ਸਾਹਿਬ ਦੀ ਧਰਤੀ ਹਿੰਦੋਸਤਾਨ ਦੇ ਕਿਸੇ ਇਤਿਹਾਸਕ-ਮਿਥਿਹਾਸਕ ਤੀਰਥ ਅਸਥਾਨ ਤੋਂ ਘੱਟ ਨਜ਼ਰ ਨਹੀਂ ਆਉਂਦੀ। ਆਪਣੀ ਸ਼ਰਧਾਮਈ ਭਾਵਨਾ ਤਹਿਤ ਉਹ ਲਿਖਦਾ ਹੈ:-

ਬੱਸ ਏਕ ਹਿੰਦ ਮੇਂ ਤੀਰਥ ਹੈ ਯਾਤਰਾ ਕੇ ਲਿਯੇ।

ਕਟਾਏ ਬਾਪ ਨੇ ਬੱਚੇ ਜਹਾਂ, ਖ਼ੁਦਾ ਕੇ ਲਿਯੇ।

ਚਮਕ ਹੈ ਮਿਹਰ ਕੀ ਚਮਕੌਰ! ਤੇਰੇ ਜ਼ੱਰੋਂ ਮੇਂ,

ਯਹੀਂ ਸੇ ਬਨ ਸਿਤਾਰੇ ਗਏ ਸ਼ਮ੍ਹਾ ਕੇ ਲਿਯੇ।

ਇਸ ਕਵੀ ਦੇ ਇਨ੍ਹਾਂ ਸ਼ਰਧਾਮਈ ਤੇ ਸਤਿਕਾਰਤ ਬੋਲਾਂ ਤੋਂ ਇਹ ਵੀ ਸਾਬਤ ਹੋ ਜਾਂਦਾ ਹੈ ਕਿ ਕਲਗੀਧਰ ਪਾਤਸ਼ਾਹ ਅਤੇ ਉਨ੍ਹਾਂ ਦੇ ਸਿੱਖ ਕਿਸੇ ਖਾਹ-ਮ-ਖਾਹ (ਬਿਨਾਂ ਕਿਸੇ ਠੋਸ ਕਾਰਨ) ਦੀ ਲੜ੍ਹਾਈ ਦੇ ਹੱਕ ਵਿਚ ਨਹੀਂ ਸਨ ਪਰ ਉਸ ਵਕਤ ਦੀ ਰਜਵਾੜਾਸ਼ਾਹੀ ਅਤੇ ਮੁਗ਼ਲੀਆ ਸਲਤਨਤ ਦੀਆਂ ਆਪਹੁਦਰੀਆਂ ਤੇ ਘਾਤਕ ਨੀਤੀਆਂ ਨੂੰ ਠੱਲ੍ਹ ਪਾਉਣ ਹਿੱਤ ਉਨ੍ਹਾਂ ਨੇ ਪਰਿਵਾਰ ਅਤੇ ਖ਼ਾਲਸਾ ਫ਼ੌਜ ਅੰਦਰ ‘ਮੁਹਿ ਮਰਨੇ ਕਾ ਚਾਉ ਹੈ’ ਦੀ ਬਿਰਤੀ ਨੂੰ ਬਲਵਾਨ ਬਣਾਈ ਰੱਖਿਆ। ਇਸ ਬਿਰਤੀ ਦੀ ਹੀ ਗਵਾਹੀ ਭਰਦਾ ਹੈ ਸਾਕਾ ਚਮਕੌਰ ਸਾਹਿਬ ਤੇ ਸਾਕਾ ਸਰਹਿੰਦ। ਪੋਹ ਮਹੀਨੇ ਦੀ ਠੰਢੀ-ਠਾਰ ਰੁੱੱਤ ਵਿਚ ਕੁੱਝ ਕੁ ਦਿਹਾੜਿਆਂ ਦੀ ਵਿੱਥ ਨਾਲ ਵਾਪਰੇ ਇਨ੍ਹਾਂ ਦੋ ਸਾਕਿਆਂ ਵਿਚ ਜਿੱਥੇ ਗੁਰੂ ਕੇ ਸਿੱਖਾਂ ਨੇ ਬੇਮਿਸਾਲ ਬਹਾਦਰੀ ਦਿਖਾ ਕੇ ਮੌਤ ਨੂੰ ਗਲੇ ਲਾਇਆ ਹੈ, ਉੱਥੇ ਗੁਰੂ-ਪਰਿਵਾਰ ਨੇ ਵੀ ‘ਸੀਸ ਦੀਆ ਪਰ ਸਿਰਰੁ ਨ ਦੀਆ’ ਦੀ ਅਣਖੀਲੀ ਰਵਾਇਤ ਨੂੰ ਕਾਇਮ ਰੱਖਿਆ।

ਮੁਗ਼ਲ ਹਕੂਮਤ ਅਤੇ ਪਹਾੜੀ ਰਾਜਿਆਂ ਨੇ ਸ੍ਰੀ ਅਨੰਦਪੁਰ ਸਾਹਿਬ ਨੂੰ ਅੱਧੇ ਸਾਲ ਤੋਂ ਵੱਧ ਸਮੇਂ ਤੱਕ ਘੇਰਾ ਪਾਈ ਰੱਖਿਆ। ਆਪਣਾ ਮਨਸੂਬਾ, ਗੁਰੁ ਸਾਹਿਬ ਨੂੰ ਜਿਉਂਦਿਆਂ ਫੜ੍ਹ ਕੇ ਬਾਦਸ਼ਾਹ ਸਾਹਮਣੇ ਪੇਸ਼ ਕਰਨ ਤੇ ਇਨਾਮ ਹਾਸਲ ਕਰਨ ਦਾ, ਪੂਰਾ ਨਾ ਹੁੰਦਿਆਂ ਦੇਖ ਕੇ ਹਾਕਮ ਧਿਰ ਕਿਲ੍ਹੇ ਨੂੰ ਖਾਲੀ ਕਰਵਾਉਣ ਵਿਚ ਹੀ ਭਲਾ ਸਮਝਣ ਲੱਗੀ। ਇਸ ਉਦੇਸ਼ ਦੀ ਪ੍ਰਾਪਤੀ ਲਈ ਹਾਕਮਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਇੱਕ ਪੰਡਤ ਅਤੇ ਮੌਲਵੀ ਨੂੰ ਕਿਲ੍ਹੇ ਦੇ ਅੰਦਰ ਭੇਜਿਆ ਜਿਨ੍ਹਾਂ ਨੇ ਗੀਤਾ ਅਤੇ ਕੁਰਾਨ ਦੀ ਕਸਮ ਖਾ ਕੇ ਕਿਹਾ, ‘ਜੇਕਰ ਗੁਰੂ ਸਾਹਿਬ ਕਿਲ੍ਹੇ ਨੂੰ ਖਾਲੀ ਕਰ ਜਾਣ ਤਾਂ ਉਨ੍ਹਾਂ ਨੂੰ ਕੁੱਝ ਨਹੀਂ ਕਿਹਾ ਜਾਵੇਗਾ, ਉਹ ਜਿੱਥੇ ਵੀ ਚਾਹੁਣ ਜਾ ਕੇ ਰਹਿ ਸਕਦੇ ਹਨ।’

ਗੁਰੂ ਸਾਹਿਬ ਨੂੰ ਉਨ੍ਹਾਂ ਦੀਆਂ ਇਨ੍ਹਾਂ ਕਸਮਾਂ ‘ਤੇ ਯਕੀਨ ਨਹੀਂ ਸੀ। ਆਪਣੇ ਯਕੀਨ ਨੂੰ ਪੱਕਿਆਂ ਕਰਨ ਲਈ ਦਸਮੇਸ਼ ਪਿਤਾ ਨੇ ਇੱਕ ਗੱਡੇ ਉੱਪਰ ਕੂੜ-ਕਬਾੜ ਲੱਦ ਕੇ ਉੱਪਰ ਇੱਕ ਰੇਸ਼ਮੀ ਕੱਪੜਾ ਪਾ ਦਿੱਤਾ। ਜਦੋਂ ਇੱਕ ਸਿੱਖ ਇਸ ਗੱਡੇ ਨੂੰ ਬਾਹਰ ਲੈ ਕੇ ਆਇਆ ਤਾਂ ਮੁਗਲ ਸਿਪਾਹੀ ਇਸ ਨੂੰ ਗੁਰੁ ਕਾ ਖ਼ਜਾਨਾ ਸਮਝ ਕੇ ਇਸ ਉਪਰ ਟੁੱਟ ਕੇ ਪੈ ਗਏ। ਇਸ ਲਾਲਚੀ ਹਰਕਤ ਕਾਰਨ ਉਨ੍ਹਾਂ ਦੇ ਹੱਥ-ਪੱਲੇ ਤੇ ਕੁੱਝ ਪਿਆ ਨਹੀਂ ਪਰ ਉਨ੍ਹਾਂ ਨੂੰ ਸ਼ਰਮਿੰਦੇ ਜ਼ਰੂਰ ਹੋਣਾ ਪਿਆ।

ਕੁੱਝ ਕੁ ਦਿਨਾਂ ਬਾਅਦ ਮੁਗ਼ਲ ਸਿਪਾਹੀਆਂ ਨੇ ਫਿਰ ਬਾਦਸ਼ਾਹ ਔਰੰਗਜ਼ੇਬ ਦੇ ਦਸਤਖ਼ਤਾਂ ਵਾਲਾ ਕੁਰਾਨ-ਸ਼ਰੀਫ਼ ਤੇ ਇੱਕ ਚਿੱਠੀ ਕਲਗੀਧਰ ਪਾਤਸ਼ਾਹ ਵੱਲ ਭੇਜੀ ਜਿਸ ਵਿਚ ਲਿਖਿਆ ਗਿਆ ਸੀ- ‘ਅਸੀਂ ਆਪਣੀ ਵਾਅਦਾ ਖ਼ਿਲਾਫ਼ੀ ਤੋਂ ਬਹੁਤ ਸ਼ਰਮਿੰਦੇ ਹਾਂ ਤੇ ਦੁਬਾਰਾ ਗੁਰੂ ਸਾਹਿਬ ਨੂੰ ਕਿਲ੍ਹਾ ਖ਼ਾਲੀ ਕਰਨ ਦੀ ਬੇਨਤੀ ਕਰਦੇ ਹਾਂ। ਜੇਕਰ ਗੁਰੂ ਸਾਹਿਬ ਤੇ ਉਨ੍ਹਾਂ ਦੇ ਸਿੱਖ ਸਾਡੀ ਬੇਨਤੀ ਨੂੰ ਪ੍ਰਵਾਨ ਕਰ ਲੈਂਦੇ ਹਨ ਤਾਂ ਅਸੀਂ ਹੁਣ ਕੋਈ ਵੀ ਕੋਝਾ ਕੰਮ ਨਹੀਂ ਕਰਾਂਗੇ।’ ਭਾਵੇਂ ਗੁਰੂ ਸਾਹਿਬ ਇਸ ਲੜਾਈ ਨੂੰ ਕਿਸੇ ਸਿੱਟੇ ‘ਤੇ ਪਹੁੰਚਾਉਣ ਤੋਂ ਪਹਿਲਾਂ ਕਿਲ੍ਹੇ ਨੂੰ ਖਾਲੀ ਕਰਨ ਦੇ ਹੱਕ ਵਿਚ ਨਹੀਂ ਸਨ ਪਰ ਕੁੱਝ ਸਿੱਖਾਂ ਨੇ ਗੁਰੂ ਸਾਹਿਬ ਨੂੰ ਕਿਲ੍ਹਾ ਖਾਲੀ ਕਰਨ ਲਈ ਰਜ਼ਾਮੰਦ ਕਰ ਲਿਆ।

20 ਦਸੰਬਰ 1704 ਈ. ਦੀ ਸਿਆਲ਼ੀ ਰਾਤ ਨੂੰ ਕਲਗੀਧਰ ਪਾਤਸ਼ਾਹ ਆਪਣੇ ਪਰਿਵਾਰ ਅਤੇ ਸਿੱਖਾਂ ਨੂੰ ਲੈ ਕੇ ਕਿਲ੍ਹੇ ‘ਚੋਂ ਬਾਹਰ ਆ ਗਏ।

 ਹਨ੍ਹੇਰੀ ਰਾਤ ਦਾ ਸਫ਼ਰ ਮੁਕਾਉਂਦੀ ਹੋਈ ਖ਼ਾਲਸੇ ਦੀ ਇਹ ਫ਼ੌਜ ਸਰਸਾ ਨਦੀ ‘ਤੇ ਪਹੁੰਚ ਗਈ। ਇੱਥੇ ਪਹੁੰਚ ਕੇ ਗੁਰੂ ਸਾਹਿਬ ਅਤੇ ਸਿੱਖਾਂ ਨੇ ਆਸਾ ਦੀ ਵਾਰ ਦਾ ਕੀਰਤਨ ਕੀਤਾ। ਅਜੇ ਕੀਰਤਨ ਦੀ ਸਮਾਪਤੀ ਹੋਈ ਹੀ ਸੀ ਕਿ ਮੁਗ਼ਲ ਅਤੇ ਪਹਾੜੀ ਰਾਜਿਆਂ ਦੀ ਧਾੜ ਵੀ ਉੱਥੇ ਆਣ ਪਹੁੰਚੀ। ਇਸ ਸੰਕਟ ਦੀ ਘੜੀ ਭਾਈ ਉਦੈ ਸਿੰਘ ਅਤੇ ਭਾਈ ਜੀਵਨ ਸਿੰਘ (ਜੈਤਾ ਜੀ) ਨੇ ਮੁਗ਼ਲ ਫ਼ੌਜ ਦਾ ਡਟ ਕੇ ਸਾਹਮਣਾ ਕੀਤਾ ਅਤੇ ਉਸ ਨੂੰ ਅੱਗੇ ਵਧਣ ਤੋਂ ਰੋਕੀ ਰੱਖਿਆ।

ਸਰਸਾ ਨਦੀ ਨੂੰ ਪਾਰ ਕਰਦਿਆਂ ਹੀ ਗੁਰੂ ਪਰਿਵਾਰ ‘ਚ ਵਿਛੋੜਾ ਪੈ ਗਿਆ। ਮਾਤਾ ਗੁਜ਼ਰ ਕੌਰ ਜੀ ਤੇ ਛੋਟੇ ਸਾਹਿਬਜ਼ਾਦੇ ਗੁਰੂ ਸਾਹਿਬ ਅਤੇ ਸਿੱਖਾਂ ਤੋਂ ਵੱਖ ਹੋ ਕੇ ਕਿਸੇ ਔਝੜੇ ਰਾਹ ਪੈ ਗਏ। ਇੱਧਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਵੱਡੇ ਦੋ ਫ਼ਰਜ਼ੰਦਾਂ ਅਤੇ 40 ਕੁ ਸਿੱਖਾਂ ਨੂੰ ਨਾਲ ਲੈ ਕੇ ਰੋਪੜ ਦੇ ਇਲਾਕੇ ਵਿਚ ਪਹੁੰਚ ਗਏ। ਇਸ ਇਲਾਕੇ ਵਿਚ ਆ ਕੇ ਪਾਤਸ਼ਾਹ ਆਉਣ ਵਾਲੇ ਸੰਕਟ (ਪਿੱਛਾ ਕਰ ਰਹੀਆਂ ਮੁਗ਼ਲ ਫ਼ੌਜਾਂ) ਦਾ ਸਾਹਮਣਾ ਕਰਨ ਦੀ ਵਿਉਂਤਬੰਦੀ ਕਰਨ ਲੱਗੇ। ਇਸ ਵਿਉਂਤਬੰਦੀ ਤਹਿਤ ਗੁਰੂ ਸਾਹਿਬ ਤੇ ਸਿੰਘਾਂ ਨੇ ਦੁਸ਼ਮਣ ਨਾਲ ਦੋ ਹੱਥ ਕਰਨ ਦੀ ਠਾਣ ਲਈ ਅਤੇ ਇਸ ਮਨੋਰਥ ਦੀ ਸਿੱਧੀ ਵਾਸਤੇ ਚਮਕੌਰ ਸਾਹਿਬ ਦੇ ਰਹਿਣ ਵਾਲੇ ਚੌਧਰੀ ਬੁੱਧੂ ਚੰਦ ਦੀ ਕੱਚੀ ਹਵੇਲੀ (ਗੜ੍ਹੀ) ਦੀ ਚੋਣ ਕੀਤੀ ਗਈ।ਹਵੇਲੀ ਦੀ ਮੋਰਚਾਬੰਦੀ ਕਰਕੇ ਗੁਰੂ ਸਾਹਿਬ ਅਤੇ ਖ਼ਾਲਸਾ ਫ਼ੌਜ ਮੁਗ਼ਲਾਂ ਦੇ ਟਿੱਡੀ ਦਲ ਨਾਲ ਲੋਹਾ ਲੈਣ ਲਈ ਤਿਆਰ-ਬਰ-ਤਿਆਰ ਹੋ ਗਏ।

 ਦੂਸਰੇ ਪਾਸੇ ਸਰਹੰਦ ਦੇ ਸੂਬੇਦਾਰ ਅਤੇ ਉਸ ਦੇ ਲਾਮ-ਲਸ਼ਕਰ ਨੇ ਇਸ ਹਵੇਲੀ ਨੂੰ ਬਾਹਰੋਂ ਪੂਰੀ ਤਰ੍ਹਾਂ ਘੇਰ ਲਿਆ। 22 ਦਸੰਬਰ ਵਾਲੇ ਦਿਨ ਇਸ ਸਥਾਨ ‘ਤੇ ਸੰਸਾਰ ਦਾ ਅਨੋਖਾ ਯੁੱਧ ਸ਼ੁਰੂ ਹੋਇਆ। ਸਿੱਖ ਫੌਜ ਦੀ ਤਦਾਦ ਭਾਵੇਂ ਅੱਧੇ ਕੁ ਸੈਂਕੜੇ ਤੱਕ ਵੀ ਨਹੀਂ ਸੀ ਪਹੁੰਚਦੀ ਪਰ ਗੁਰੂ ਸਾਹਿਬ ਦੇ ਪਿਆਰ ਅਤੇ ਵਿਹਾਰ ਕਾਰਨ ਚੜ੍ਹਦੀ ਕਲਾ ਤੇ ਪੂਰੇ ਜਲਾਲ ਵਿਚ ਸੀ। ਵਿਲੱਖਣ ਅਤੇ ਕਾਰਗ਼ਰ ਰਣਨੀਤੀ ਤਹਿਤ ਦਸਮੇਸ਼ ਪਿਤਾ ਜੀ ਪੰਜ-ਪੰਜ ਸਿਪਾਹੀਆਂ ਦਾ ਜਥਾ ਬਣਾ ਕੇ ਮੈਦਾਨ-ਏ-ਜੰਗ ਵਿਚ ਜੂਝਣ ਲਈ ਭੇਜਦੇ ਰਹੇ, ਜੋ ਜੈਕਾਰਿਆਂ ਦੀ ਗੂੰਜ ਨਾਲ ਦੁਸ਼ਮਣਾਂ ‘ਤੇ ਪੈਂਦਾ ਤੇ ਕਈਆਂ ਨੂੰ ਮੌਤ ਦੇ ਮੂੰਹ ਵਿਚ ਪਾ ਕੇ ਆਪ ਸ਼ਹੀਦ ਹੋ ਜਾਂਦਾ। ਇਨ੍ਹਾਂ ਜਥਿਆਂ ਵਿਚ ਗੁਰੂ ਕੇ ਲਾਲਾਂ (ਸਾਹਿਬਜ਼ਾਦਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਜੂਝਾਰ ਸਿੰਘ) ਦਾ ਜਥਾ ਵੀ ਬੇਮਿਸਾਲ ਹੌਂਸਲੇ ਨਾਲ ਲੜਿਆ ਅਤੇ ਸ਼ਹਾਦਤ ਦਾ ਜਾਮ ਪੀ ਗਿਆ।

ਸਰਸਾ ਨਦੀ ਦੇ ਕਿਨਾਰੇ ਤੋਂ ਵਿੱਛੜੇ ਗੁਰੂ ਪਰਿਵਾਰ ਦੇ ਇੱਕ ਹਿੱਸੇ ਨੂੰ ਗੰਗੂ ਦੀ ਗ਼ੱਦਾਰੀ ਦਾ ਸ਼ਿਕਾਰ ਹੋਣਾ ਪਿਆ। ਗੁਰੂ ਕੇ ਗ੍ਰਹਿ ਵਿਖੇ ਸਾਲਾਂਬੱਧੀ ਰਸੋਈਏ ਦੀ ਡਿਊਟੀ ਨਿਭਾਉਣ ਵਾਲਾ ਗੰਗੂ ਜਦੋਂ ਮਾਤਾ ਗੁਜ਼ਰ ਕੌਰ ਜੀ ਤੇ ਛੋਟੇ ਸਾਹਿਬਜ਼ਾਦਿਆਂ (ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਿਹ ਸਿੰਘ) ਨੂੰ ਮਿਲਿਆ ਤਾਂ ਮਾਤਾ ਜੀ ਨੇ ਔਖੀ ਘੜੀ ਵਿਚ ਕਿਸੇ ਆਪਣੇ ਦੇ ਮਿਲਾਪ ਲਈ ਅਕਾਲ-ਪੁਰਖ਼ ਦੀ ਸ਼ੁਕਰਗੁਜ਼ਾਰੀ ਕੀਤੀ। ਪਰ ਲਾਲਚ ਵਿਚ ਆ ਕੇ ਉਸ ਨੇ ਮੋਰਿੰਡੇ ਦੇ ਥਾਣੇ ਵਿਚ ਦਾਦੀ-ਪੋਤਿਆਂ ਦੀ ਮੁਖ਼ਬਰੀ ਕਰ ਦਿੱਤੀ। ਸਿੱਟੇ ਵਜੋਂ ਮੋਰਿੰਡੇ ਦੇ ਥਾਣੇਦਾਰ ਜਾਨੀ ਖਾਂ ਅਤੇ ਮਾਨੀ ਖਾਂ ਨੇ ਬਜ਼ੁਰਗ ਮਾਤਾ ਅਤੇ ਦੋਵਾਂ ਬੱਚਿਆਂ ਨੂੰ ਗ੍ਰਿਫ਼ਤਾਰ ਕਰਕੇ ਸਰਹੰਦ ਦੇ ਸੂਬੇਦਾਰ ਵਜ਼ੀਰ ਖਾਂ ਦੇ ਹਵਾਲੇ ਕਰ ਦਿੱਤਾ।

ਸਰਹੰਦ ਦੇ ਸੂਬੇਦਾਰ ਵਜ਼ੀਰ ਖਾਂ ਨੇ ਬਿਰਧ ਮਾਂ ਅਤੇ ਉਸ ਦੇ ਮਸੂਮ ਪੋਤਿਆਂ ਦੀ ਹਵਾਲ਼ਗੀ ਨੂੰ ਆਪਣੀ ਜਿੱਤ ਸਮਝ ਲਿਆ ਤੇ ਉਨ੍ਹਾਂ ਨੂੰ ਦੀਨ ਕਬੂਲ ਕਰਵਾਉਣ ਦੀਆਂ ਵਿਉਂਤਾਂ ਬਣਾਉਣ ਲੱਗਾ। ਕਲਗੀਧਰ ਦੇ ਲਾਡਲਿਆਂ ਨੂੰ ਇਸਲਾਮ ਵਿਚ ਲਿਆਉਣ ਦਾ ਮਕਸਦ ਕੋਈ ਮੁਸਲਮਾਨਾਂ ਦੀ ਤਦਾਦ ਵਧਾਉਣਾ ਨਹੀਂ ਸੀ, ਸਗੋਂ ਮਨੁੱਖੀ ਬਰਾਬਰਤਾ ਅਤੇ ਆਪਸੀ ਭਾਈਚਾਰੇ ਦੀਆਂ ਕਰੂੰਬਲਾਂ ਕੱਢ ਰਹੇ ਸਿੱਖੀ ਦੇ ਬੂਟੇ ਦੀਆਂ ਜੜ੍ਹਾਂ ਨੂੰ ਕਮਜ਼ੋਰ ਕਰਨਾ ਸੀ। ਪਰ ਇਹ ਕੇਵਲ ਉਸ ਦਾ ਭਰਮ ਹੀ ਨਿੱਕਲਿਆ ਜਦੋਂ 9 ਸਾਲ ਅਤੇ 7 ਸਾਲ ਦੇ ਬੱਚਿਆਂ ਨੇ ਉਸ ਦੇ ਕਿਸੇ ਵੀ ਮਨਸੂਬੇ (ਲਾਲਚ, ਡਰਾਵੇ ਤੇ ਝੂਠ) ਨੂੰ ਕਾਮਯਾਬ ਨਹੀਂ ਹੋਣ ਦਿੱਤਾ, ਸਗੋਂ ਦਲੇਰਾਨਾ ਦਲੀਲਾਂ ਦੇ ਕੇ ਉਸ ਦੀਆਂ ਉਮੀਦਾਂ ‘ਤੇ ਪਾਣੀ ਫੇਰ ਦਿੱਤਾ। ਭਾਵੇਂ ਸੂਬਾ ਸਰਹੰਦ ਦੇ ਕੁੱਝ ਸਰਕਾਰੀ ਕਰਿੰਦਿਆਂ ਨੇ ਵੀ ਸਾਹਿਬਜ਼ਾਦਿਆਂ ਨੂੰ ਧਰਮ ਤੋਂ ਥਿਰਕਾਉਣ ਲਈ ਆਪਣੀ ਵੱਖਰੀ ਵਾਹ ਲਾਈ ਪਰ ਉਨ੍ਹਾਂ ਦੀ ਦ੍ਰਿੜ੍ਹਤਾ ਅੱਗੇ ਉਨ੍ਹਾਂ (ਕਰਿੰਦਿਆਂ) ਦੀ ਕੋਈ ਪੇਸ਼ ਨਾ ਗਈ।

ਆਪਣੇ ਪੱਖ ਦੀ ਕੋਈ ਵੀ ਗੱਲ ਨਾ ਬਣਦੀ ਦੇਖ ਕੇ ਸੂਬਾ ਸਰਹੰਦ ਤੇ ਉਸ ਦੇ ਅਹਿਲਕਾਰਾਂ ਨੇ ਦੋਹਾਂ ਸਾਹਿਬਜ਼ਾਦਿਆਂ ਨੂੰ ਨੀਹਾਂ ਵਿਚ ਚਿਣਨ ਦਾ ਫ਼ੈਸਲਾ ਕਰ ਲਿਆ। ਇਸ ਫ਼ੈਸਲੇ ਮੁਤਾਬਿਕ ਹੀ 26 ਦਸੰਬਰ 1704 ਈ. ਨੂੰ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਿਹ ਸਿੰਘ ਨੂੰ ਦਿੱਲੀ ਦੇ ਸਰਕਾਰੀ ਜ਼ੱਲਾਦਾਂ ਦੇ ਹਵਾਲੇ ਕਰ ਦਿੱਤਾ ਗਿਆ, ਜਿਨ੍ਹਾਂ ਨੇ ਗੁਰੂ ਕੇ ਦੋਹਾਂ ਲਾਲਾਂ ਨੂੰ ਖੜ੍ਹਾ ਕਰਕੇ ਕੰਧ ਦੀ ਉਸਾਰੀ ਆਰੰਭ ਕਰ ਦਿੱਤੀ। ਜਦੋਂ ਕੰਧ ਛਾਤੀ ਤੱਕ ਪਹੁੰਚੀ ਤਾਂ ਦੋਵੇਂ ਮਸੂਮ ਜਿੰਦਾਂ ਬੇਹੋਸ਼ ਹੋ ਗਈਆਂ ਅਤੇ ਕੰਧ ਡਿੱਗ ਗਈ। 27 ਦਸੰਬਰ ਦੀ ਸਵੇਰ ਨੂੰ ਜਦੋਂ ਉਨ੍ਹਾਂ ਨੂੰ ਹੋਸ਼ ਆਈ ਤਾਂ ਦੋਵੇਂ ਅਕਹਿ ਅਤੇ ਅਸਹਿ ਤਸੀਹੇ ਦੇ ਕੇ ਸ਼ਹੀਦ ਕਰ ਦਿੱਤੇ ਗਏ। ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖ਼ਬਰ ਸੁਣ ਮਾਤਾ ਗੁਜ਼ਰ ਕੌਰ ਜੀ ਵੀ ਸੱਚਖੰਡ ਜਾ ਬਿਰਾਜੇ  ਇਸ ਤਰ੍ਹਾਂ ਪੋਹ ਦੇ ਅਤਿ ਸਰਦੀਲੇ ਮਹੀਨੇ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਮਾਨਵਤਾ ਦੇ ਹੱਕ ‘ਚ ਤੇ ਜ਼ੁਲਮ ਦੇ ਖਿਲਾਫ਼ ਕੁਰਬਾਨੀ ਦੇ ਕੇ ਇਤਿਹਾਸ ‘ਚ ਵੱਖਰੀ ਮਿਸਾਲ ਬਣ ਗਿਆ

ਰਿਸ਼ੀ ਨਗਰ ਐਕਸਟੈਨਸ਼ਨ (ਲੁਧਿਆਣਾ)

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।