ਅਧਿਆਪਕਾਂ ਦੇ ਨਿਸ਼ਾਨੇ ‘ਤੇ ਸਿੱਖਿਆ ਸਕੱਤਰ

Education, Secretary, Teachers, Targets

ਪੰਜਾਬ ਦਿਵਸ ਮੌਕੇ ਪੰਜਾਬ ਦੀ ਸਿੱਖਿਆ ਨੂੰ ਖਾਤਮੇ ਦੇ ਰਾਹ ਪਾਉਣ ਵਾਲੇ ਸਿੱਖਿਆ ਸਕੱਤਰ ਦੇ ਪੁਤਲੇ ਸਾੜੇ

ਖੁਸ਼ਵੀਰ ਸਿੰਘ ਤੂਰ, ਪਟਿਆਲਾ

ਪੰਜਾਬ ਦੀ ਸਿੱਖਿਆ ਨੂੰ ਬਚਾਉਣ ਤੇ ਆਪਣੀਆਂ ਤਨਖਾਹਾਂ ਨੂੰ ਕਟੌਤੀ ਦੀ ਮਾਰ ਤੋਂ ਬਚਾਉਣ ਖਾਤਰ 7 ਅਕਤੂਬਰ ਤੋਂ ਪਟਿਆਲਾ ‘ਚ ਸਾਂਝੇ ਅਧਿਆਪਕ ਮੋਰਚੇ ਦਾ ਚੱਲ ਰਿਹਾ ਪੱਕਾ ਮੋਰਚਾ ਅੱਜ 26ਵੇਂ ਦਿਨ ‘ਚ ਦਾਖਲ ਹੋ ਗਿਆ। ਅੱਜ ਫਤਹਿਗੜ੍ਹ ਸਾਹਿਬ, ਕਪੂਰਥਲਾ ਤੇ ਫਾਜ਼ਿਲਕਾ ਤੋਂ ਵੱਡੀ ਗਿਣਤੀ ਅਧਿਆਪਕ ਸ਼ਾਮਲ ਹੋਏ ਅਤੇ 41 ਅਧਿਆਪਕਾਂ ਵੱਲੋਂ ਭੁੱਖ ਹੜਤਾਲ ‘ਤੇ ਬੈਠਿਆ ਗਿਆ। ਅਧਿਆਪਕਾਂ ਦੇ ਨਿਸ਼ਾਨੇ ‘ਤੇ ਪੰਜਾਬ ਸਰਕਾਰ ਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਹਨ ਤੇ ਅੱਜ ਜ਼ਿਲ੍ਹੇ ਅੰਦਰ ਪੰਜ ਥਾਵਾਂ ‘ਤੇ ਕ੍ਰਿਸ਼ਨ ਕੁਮਾਰ ਦੇ ਪੁਤਲੇ ਫੂਕੇ ਗਏ।

ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਆਗੂਆਂ ਸੂਬਾ ਕਨਵੀਨਰ ਦਵਿੰਦਰ ਸਿੰਘ ਪੂਨੀਆ, ਸੁਖਵਿੰਦਰ ਸਿੰਘ ਚਾਹਲ, ਕੋ ਕਨਵੀਨਰ ਹਰਵੀਰ ਸਿੰਘ ਸਾਨੀਪੁਰ, ਸੂਬਾ ਕਮੇਟੀ ਮੈਂਬਰ ਵਿਕਰਮ ਦੇਵ ਸਿੰਘ, ਰਣਜੀਤ ਮਾਨ ਤੇ ਅਧਿਆਪਕ ਆਗੂ ਮਨਦੀਪ ਥਿੰਦ ਨੇ ਕਿਹਾ ਕਿ ਜਿੱਥੇ ਤਾਨਾਸ਼ਾਹ ਸਿੱਖਿਆ ਸਕੱਤਰ ਨੇ ਅਖੌਤੀ ‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ’ ਵਰਗੇ ਗੈਰ-ਵਿੱਦਿਅਕ ਪ੍ਰੋਜੈਕਟ ਅਧੀਨ ਬੀਐੱਮ, ਡੀਐੱਮ, ਬੀਐੱਮਟੀ, ਸੀਐੱਮਟੀ ਦੀਆਂ ਵਾਧੂ ਪੋਸਟਾਂ ਖੜ੍ਹੀਆਂ ਕਰਕੇ 2 ਹਜ਼ਾਰ ਦੇ ਕਰੀਬ ਅਧਿਆਪਕਾਂ ਨੂੰ ਸੋਚੀ ਸਮਝੀ ਚਾਲ ਤਹਿਤ ਪਹਿਲਾਂ ਤੋਂ ਅਧਿਆਪਕਾਂ ਦੀ ਘਾਟ ਨਾਲ ਜੂਝ ਰਹੇ ਸਰਕਾਰੀ ਸਕੂਲਾਂ ‘ਚੋਂ ਬਾਹਰ ਕੱਢਿਆ ਹੋਇਆ ਹੈ, ਜਿਸ ਨਾਲ ਇੱਕ ਪਾਸੇ ਜਿੱਥੇ ਬੱਚਿਆਂ ਦੀ ਪੜ੍ਹਾਈ ਦਾ ਬੁਰਾ ਹਾਲ ਹੈ

ਉੱਥੇ ਦੂਜੇ ਪਾਸੇ ਆਪਣੇ ਇਸ ਪ੍ਰੋਜੈਕਟ ਨੂੰ ਵਧੀਆ ਦਿਖਾਉਣ ਲਈ ਝੂਠੇ ਅੰਕੜਿਆਂ ਦਾ ਜਾਲ ਬੁਣ ਕੇ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।  ਉਨ੍ਹਾਂ ਕਿਹਾ ਕਿ ਸਿੱਖਿਆ ਸਕੱਤਰ ਨੇ ਆਪਣੀ ਬੁਖਲਾਹਟ ‘ਚ ਅਧਿਆਪਕਾਂ ਦੇ ਸੰਘਰਸ਼ ਨੂੰ ਦਬਾਉਣ ਲਈ ਸਾਂਝੇ ਮੋਰਚੇ ਦੇ ਆਗੂਆਂ ਨੂੰ ਚੁਣ-ਚੁਣ ਕੇ ਜਬਰੀ ਮੁਅੱਤਲ ਤੇ ਉਹਨਾਂ ਦੀਆਂ ਦੂਰ ਦੁਰਾਡੇ ਦੇ ਇਲਾਕਿਆਂ ‘ਚ ਬਦਲੀਆਂ ਕੀਤੀਆਂ ਹਨ, ਪਰ ਅਧਿਆਪਕ ਲਹਿਰ ਵੀ ਦਿਨੋ-ਦਿਨ ਦੂਣ-ਸਵਾਈ ਹੋ ਕੇ ਟੱਕਰੀ ਹੈ। ਕਾਂਗਰਸ ਪਾਰਟੀ ਨੂੰ ਵੀ ਆਉਣ ਵਾਲੀਆਂ ਪੰਚਾਇਤੀ ਤੇ ਲੋਕ ਸਭਾ ਚੋਣਾਂ ‘ਚ ਇਸ ਸੇਕ ਦਾ ਖਮਿਆਜ਼ਾ ਭੁਗਤਣਾ ਪਵੇਗਾ।

ਉਨ੍ਹਾਂ ਕਿਹਾ 5 ਨਵੰਬਰ ਨੂੰ ਮੁੱਖ ਮੰਤਰੀ ਨਾਲ ਹੋਣ ਵਾਲੀ ਮੀਟਿੰਗ ‘ਚ ਜੇਕਰ 8886 ਐੱਸਐੱਸਏ, ਰਮਸਾ, ਆਦਰਸ਼ ਤੇ ਮਾਡਲ ਸਕੂਲਾਂ ਦੇ ਅਧਿਆਪਕਾਂ ਦੀ ਤਨਖਾਹ ਕਟੌਤੀ ਰੱਦ ਕਰਵਾਕੇ ਪੂਰੀਆਂ ਤਨਖਾਹਾਂ ‘ਤੇ ਰੈਗੂਲਰ ਕਰਵਾਉਣ, ਸਿੱਖਿਆ ਵਿਭਾਗ ਵਿਚਲੇ 5178 ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦੀਆਂ ਸ਼ਰਤਾਂ ਅਨੁਸਾਰ ਨਵੰਬਰ 2017 ਤੋਂ ਰੈਗੂਲਰ ਕਰਵਾਉਣ, ਆਦਰਸ਼ ਸਕੂਲ (ਪੀ.ਪੀ.ਪੀ ਮੋਡ), ਕੰਪਿਊਟਰ ਅਧਿਆਪਕਾਂ ਸਮੇਤ ਹੋਰ ਮੰਗਾਂ ਦਾ ਹਾਂ ਪੱਖੀ ਹੱਲ ਨਾ ਨਿਕਲਿਆ ਤਾਂ ਸੰਘਰਸ਼ ਨੂੰ ਇੰਨਾ ਤੇਜ਼ ਕੀਤਾ ਜਾਵੇਗਾ ਕਿ ਪੰਜਾਬ ਅੰਦਰ ਕਾਂਗਰਸ ਦੇ ਲੋਕ ਨੁਮਾਇੰਦਿਆਂ ਨੂੰ ਆਪਣੇ ਘਰਾਂ ‘ਚੋਂ ਬਾਹਰ ਨਿਕਲਣਾ ਮੁਸ਼ਕਲ ਹੋ ਜਾਵੇਗਾ।

ਇਸ ਮੌਕੇ ਇਕੱਤਰ ਅਧਿਆਪਕਾਂ ਨੂੰ ਕੇਂਦਰੀ ਪੰਜਾਬੀ ਲੇਖਕ ਸਭਾ ਤੋਂ ਸੁਰਿੰਦਰ ਘਣੀਆਂ, ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਤੋਂ ਸਰਬਜੀਤ ਸਿੰਘ ਭੁਰਥਲਾ ਅਤੇ ਅਧਿਆਪਕ ਆਗੂਆਂ ਸੁਰਿੰਦਰ ਬਿੱਲਾ ਪੱਟੀ, ਸੁਨੀਲ ਸਚਦੇਵਾ, ਅਸ਼ਵਨੀ ਟਿੱਬਾ, ਭਗਵੰਤ ਭਟੇਜਾ, ਜੋਸ਼ੀਲ ਤਿਵਾੜੀ, ਹਰਵਿੰਦਰ ਅੱਲੂਵਾਲ, ਜੈਮਲ ਸਿੰਘ, ਰਾਜੇਸ਼ ਕੁਮਾਰ, ਅੰਮ੍ਰਿਤਪਾਲ ਸਿੰਘ, ਜਤਿੰਦਰ ਕੌਰ, ਹਰਦੀਪ ਸਿੰਘ ਅਮਲੋਹ ਆਦਿ ਨੇ ਵੀ ਸੰਬੋਧਨ ਕੀਤਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।