ਪੰਜਾਬ ਦਿਵਸ ਮੌਕੇ ਵੀ ਭਾਸ਼ਾ ਵਿਭਾਗ ਦੇ ਖੀਸੇ ਰਹੇ ਖਾਲੀ

Language, Department, Remains, Tired Occasion, Punjab Day

ਭਾਸ਼ਾ ਵਿਭਾਗ ਨੇ ਅੱਜ ਪੰਜਾਬ ਦਿਵਸ ਮੌਕੇ ਸਾਹਿਤਕ ਸਮਾਗਮ ਕਰਵਾ ਕੇ ਬੁੱਤਾ ਸਾਰਿਆ

ਪੰਜਾਬੀ ਸਪਤਾਹ ਗ੍ਰਾਂਟਾਂ ਦੇ ਫੇਰ ‘ਚ ਲਮਕਿਆ

ਖੁਸ਼ਵੀਰ ਸਿੰਘ ਤੂਰ, ਪਟਿਆਲਾ

ਸੂਬੇ ਅੰਦਰ ਕਾਂਗਰਸ ਸਰਕਾਰ ਆਉਣ ਤੋਂ ਬਾਅਦ ਵੀ ਭਾਸ਼ਾ ਵਿਭਾਗ ਪੰਜਾਬ ਦੇ ਖਾਲੀ ਖੀਸਿਆਂ ‘ਚ ਗ੍ਰਾਂਟਾਂ ਦਾ ਵਜਨ ਨਹੀਂ ਪਿਆ। ਭਾਸ਼ਾ ਵਿਭਾਗ ਪੰਜਾਬ ਵੱਲੋਂ ਅੱਜ ਪੰਜਾਬ ਦਿਵਸ ਮੌਕੇ ਆਪਣੇ ਪੱਧਰ ‘ਤੇ ਸਿਰਫ਼ ਸਾਹਿਤਕ ਸਮਾਗਮ ਕਰਵਾ ਕੇ ਹੀ ਬੁੱਤਾ ਸਾਰਨਾ ਪਿਆ ਹੈ। ਪੰਜਾਬ ਦਿਵਸ ਮੌਕੇ ਮਨਾਏ ਜਾਂਦੇ ਪੰਜਾਬੀ ਸਪਤਾਹ ਹੁਣ ਭਲਿਆਂ ਵੇਲਿਆਂ ਦੀ ਗੱਲ ਬਣਦੀ ਜਾ ਰਹੀ ਹੈ।

ਉਂਜ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਰਕਾਰ ਕੋਲ ਪੰਜਾਬ ਦਿਵਸ ਮਨਾਉਣ ਸਮੇਤ ਹੋਰ ਸਮਾਗਮਾਂ ਲਈ ਗ੍ਰਾਂਟ ਦੀ ਮੰਗ ਰੱਖੀ ਗਈ ਸੀ, ਪਰ ਅਜੇ ਸਰਕਾਰ ਵੱਲੋਂ ਉਕਤ ਗ੍ਰਾਂਟ ਦੇਣ ਲਈ ਕੋਈ ਕਾਹਲੀ ਨਹੀਂ ਦਿਖਾਈ ਗਈ। ਜਾਣਕਾਰੀ ਅਨੁਸਾਰ ਮੁੱਖ ਮੰਤਰੀ ਦੇ ਸ਼ਹਿਰ ਅੰਦਰ ਉਸਰਿਆ ਭਾਸ਼ਾ ਵਿਭਾਗ ਪੰਜਾਬ, ਪੰਜਾਬੀ ਭਾਸ਼ਾ ਦੀ ਰਾਖੀ ਕਰਨ ਦੀ ਥਾਂ ਆਪਣੇ ਵਜ਼ੂਦ ਦੀ ਰਾਖੀ ਲਈ ਹੀ ਜੱਦੋ-ਜਹਿਦ ਕਰ ਰਿਹਾ ਹੈ। ਸਮੇਂ ਦੀਆਂ ਸਰਕਾਰਾਂ ਵੱਲੋਂ ਇਸ ਵਿਭਾਗ ਵੱਲ ਸਵੱਲੀ ਨਜ਼ਰ ਰੱਖਣ ਦੀ ਥਾਂ ਸੌਕਣਾ ਵਾਲਾ ਵਿਵਹਾਰ ਅਪਣਾਇਆ ਹੋਇਆ ਹੈ।

ਅੱਜ ਪੰਜਾਬ ਦੇ ਜਨਮ ਦਿਨ ਮੌਕੇ ਵੀ ਭਾਸ਼ਾ ਵਿਭਾਗ ਪੰਜਾਬ ਨੂੰ ਸਰਕਾਰ ਦਾ ਥਾਪੜਾ ਹਾਸਲ ਨਹੀਂ ਹੋਇਆ ਤੇ ਵਿਭਾਗ ਵੱਲੋਂ ਆਪਣੇ ਪੱਧਰ ‘ਤੇ ਹੀ ਸਮਾਗਮ ਕਰਵਾ ਕੇ ਆਪਣੀ ਹਾਜ਼ਰੀ ਦਰਜ ਕਰਵਾਈ ਗਈ। ਇਸ ਤੋਂ ਪਹਿਲਾ ਭਾਸ਼ਾ ਵਿਭਾਗ ਵੱਲੋਂ ਪੰਜਾਬ ਦਿਵਸ ਮੌਕੇ ਪੰਜਾਬੀ ਸਪਤਾਹ ਸਮੇਤ ਹੋਰ ਸਾਹਿਤਕ ਸਮਾਗਮਾਂ ਨਾਲ ਸਾਰਾ ਮਹੀਨਾ ਹੀ ਪੰਜਾਬੀ ਸੂਬੇ ਦੀ ਚਰਚਾ ਕੀਤੀ ਜਾਂਦੀ ਸੀ, ਪਰ ਹੁਣ ਇਹ ਸਮਾਗਮ ਭਲੇ ਸਮੇਂ ਦੀ ਹੀ ਗੱਲ ਬਣ ਗਏ ਹਨ।

ਪਤਾ ਲੱਗਾ ਹੈ ਕਿ ਭਾਸ਼ਾ ਵਿਭਾਗ ਵੱਲੋਂ ਆਪਣਾ ਬਜਟ ਬਣਾ ਕੇ ਭੇਜਿਆ ਸੀ, ਜਿਸ ‘ਚ 40 ਲੱਖ ਰੁਪਏ ਗ੍ਰਾਂਟ ਦੀ ਮੰਗ ਕੀਤੀ ਗਈ ਸੀ। 20 ਲੱਖ ਰੁਪਏ ਪੰਜਾਬ ਦਿਵਸ ਨਾਲ ਸਬੰਧਿਤ ਸਮਾਗਮਾਂ ਤੇ 20 ਲੱਖ ਰੁਪਏ ਵਿਭਾਗ ਵੱਲੋਂ ਆਪਣੇ ਹੋਰ ਕੰਮਾਂ ਕਾਰਾਂ ਲਈ ਮੰਗੇ ਗਏ ਹਨ, ਪਰ ਅਜੇ ਤੱਕ ਸਰਕਾਰ ਵੱਲੋਂ ਵਿਭਾਗ ਨੂੰ ਇੱਕ ਫੁੱਟੀ ਕੋੜੀ ਨਹੀਂ ਦਿੱਤੀ ਗਈ। ਉਂਜ ਅਕਾਲੀ ਸਰਕਾਰ ਵੱਲੋਂ ਪਿਛਲੇ ਸਾਲ ਆਪਣੇ ਆਖਰੀ ਸਾਲ ‘ਚ ਪੰਜਾਬ ਦਿਵਸ ਕਾਫੀ ਧੂਮ-ਧਾਮ ਨਾਲ ਮਨਾਇਆ ਗਿਆ ਸੀ ਤੇ ਵੱਖ-ਵੱਖ ਜ਼ਿਲ੍ਹਿਆਂ ਅੰਦਰ ਸਮਾਗਮ ਕਰਵਾਏ ਗਏ ਸਨ।

ਪਰ ਕਾਂਗਰਸ ਸਰਕਾਰ ਆਉਣ ਤੋਂ ਬਾਅਦ ਪਿਛਲੇ ਸਾਲ ਵੀ ਭਾਸ਼ਾ ਵਿਭਾਗ ਦੇ ਹੱਥ ਖਾਲੀ ਰਹੇ ਤੇ ਇਸ ਵਾਰ ਵੀ ਪੰਜਾਬ ਦਿਵਸ ਮੌਕੇ ਵਿਭਾਗ ਦੇ ਖਾਲੀ ਭਾਂਡੇ ਖੜਕ ਰਹੇ ਹਨ। ਅੱਜ ਜੋਂ ਸਮਾਗਮ ਕਰਵਾਇਆ ਗਿਆ ਹੈ ਉਹ ਵਿਭਾਗ ਦੇ ਅਧਿਕਾਰੀਆਂ ਨੇ ਆਪਣੀਆਂ ਹੀ ਜੇਬਾਂ ‘ਚੋਂ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਪੰਜਾਬੀ ਭਾਸ਼ਾ ਦੇ ਪ੍ਰਚਾਰ, ਪ੍ਰਸਾਰ ਤੇ ਰਾਖੀ ਲਈ ਹੋਂਦ ਵਿੱਚ ਆਇਆ ਵਿਭਾਗ ਤਿਲ-ਤਿਲ ਕਰਕੇ ਸਹਿਕ ਰਿਹਾ ਹੈ।

ਅਗਲੇ ਦਿਨਾਂ ‘ਚ ਗ੍ਰਾਂਟ ਮਿਲਣ ਦੀ ਸੰਭਾਵਨਾ : ਡਾਇਰੈਕਟਰ

ਇਸ ਸਬੰਧੀ ਜਦੋਂ ਭਾਸ਼ਾ ਵਿਭਾਗ ਪੰਜਾਬ ਦੀ ਡਾਇਰੈਕਟਰ ਸ੍ਰੀਮਤੀ ਗੁਰਸ਼ਰਨ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਮੰਨਿਆ ਕਿ ਸਰਕਾਰ ਨੂੰ ਬਜਟ ਸਬੰਧੀ ਫਾਈਲ ਭੇਜੀ ਹੋਈ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਉਨ੍ਹਾਂ ਨੂੰ ਗ੍ਰਾਂਟ ਮਿਲਣ ਦੀ ਸੰਭਾਵਨਾ ਹੈ ਕਿਉਂਕਿ ਫਾਈਲ ਵਿੱਤ ਵਿਭਾਗ ਕੋਲ ਅੱਪੜ ਗਈ ਹੈ। ਜਦੋਂ ਉਨ੍ਹਾਂ ਤੋਂ ਪੰਜਾਬੀ ਸਪਤਾਹ ਮਨਾਉਣ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਅਗਲੇ ਦਿਨਾਂ ‘ਚ ਪੰਜਾਬੀ ਹਫਤਾ ਮਨਾਉਣ ਲਈ ਉਹ ਲੱਗੇ ਹੋਏ ਹਨ। ਉਨ੍ਹ੍ਹਾਂ ਕਿਹਾ ਕਿ ਸਰਕਾਰ ਕੋਲੋਂ 40 ਲੱਖ ਗ੍ਰਾਂਟ ਲਈ ਮੰਗ ਕੀਤੀ ਹੋਈ ਹੈ, ਤਾਂ ਜੋ ਵਿਭਾਗ ਆਪਣਾ ਕੰਮਕਾਰ ਕਰ ਸਕੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।