Drug dependence vs addiction : ਹਿੰਮਤ ਤੇ ਦਲੇਰੀ ਨਾਲ ਤੈਅ ਹੁੰਦੈ ਹਨ੍ਹੇਰੇ ਤੋਂ ਚਾਨਣ ਦਾ ਸਫ਼ਰ

Drug dependence vs addiction

ਜੇਕਰ ਨਸ਼ੱਈ ਨੂੰ ਖਲਨਾਇਕ ਦੀ ਥਾਂ ਪੀੜਤ ਸਮਝਕੇ ਦੁਆ ਤੇ ਦਵਾਈ ਦੇ ਸੁਮੇਲ ਨਾਲ ਉਸ ਦੀ ਸਹੀ ਅਗਵਾਈ ਕੀਤੀ ਜਾਵੇ ਤਾਂ ਸਾਰਥਿਕ ਨਤੀਜੇ ਜ਼ਰੂਰ ਹੀ ਸਾਹਮਣੇ ਆਉਣਗੇ। ਇਲਾਜ ਦੇ ਦਰਮਿਆਨ ਜਦੋਂ ਨਸ਼ੱਈ ਮਰੀਜ਼ ਨੂੰ ਚੰਗੇ-ਮਾੜੇ ਦੀ ਪਹਿਚਾਣ ਦਾ ਅਹਿਸਾਸ ਹੋ ਜਾਵੇ, ਢੀਠਤਾ ਦੀ ਥਾਂ ਸਵੈਮਾਣ ਜਾਗ ਪਵੇ, ਮਰਨ ਦੀ ਥਾਂ ਜ਼ਿੰਦਗੀ ਜਿਉਣ ਦਾ ਚਾਅ ਪੈਦਾ ਹੋ ਜਾਵੇ, ਕਿਸੇ ਉਚੇਰੀ ਸ਼ਕਤੀ ਵਿੱਚ ਵਿਸ਼ਵਾਸ ਪੈਦਾ ਹੋ ਜਾਵੇ ਤੇ ਤਿੜਕੇ ਰਿਸ਼ਤਿਆਂ ਪ੍ਰਤੀ ਮੋਹ ਤੇ ਸਤਿਕਾਰ ਜਾਗ ਪਵੇ ਤਾਂ ਕੁਰਾਹੇ ਪਏ ਨਸ਼ੱਈ ਲਈ ਇਹ ਸ਼ੁੱਭ ਸ਼ਗਨ ਹਨ। ਅਜਿਹੀ ਸਥਿਤੀ ਵਿੱਚ ਉਹ ਆਪਣੀ ਜ਼ਿੰਦਗੀ ਵਿੱਚ ਹੀ ਸੂਹੇ ਰੰਗ ਨਹੀਂ ਬਿਖੇਰਦਾ ਸਗੋਂ ਬੇਵੱਸ ਮਾਪਿਆਂ, ਕੁਰਲਾਉਂਦੀ ਪਤਨੀ ਤੇ ਮਾਸੂਮ ਬੱਚਿਆਂ ਦੀ ਗੁੰਮ ਹੋਈ ਖੁਸ਼ੀ ਨੂੰ ਵੀ ਮੋੜ ਲਿਆਉਂਦਾ ਹੈ। (Drug dependence vs addiction)

ਨਸ਼ੱਈ ਪੁੱਤ ਦਾ ਜ਼ਿਕਰ | Drug dependence vs addiction

ਇੰਜ ਹੀ ਇੱਕ ਅਫ਼ਸਰ ਪਿਤਾ ਨੇ ਖੂਨ ਦੇ ਅੱਥਰੂ ਕੇਰਦਿਆਂ ਆਪਣੇ ਇਕਲੌਤੇ ਨਸ਼ੱਈ ਪੁੱਤ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਉਹਦੀਆਂ ਹਰਕਤਾਂ ਕਾਰਨ ਹਾਲਾਤ ਕੱਖੋਂ ਹੌਲੇ ਤੇ ਪਾਣੀਓਂ ਪਤਲੇ ਹੋ ਗਏ ਹਨ। ਉਹਦੀ ਪਤਨੀ ਉਹਦੀਆਂ ਹਰਕਤਾਂ ਤੋਂ ਦੁਖੀ ਹੋ ਕੇ ਪੇਕੀਂ ਜਾ ਚੁੱਕੀ ਹੈ ਪੰਜ-ਛੇ ਵਾਰ ਮੈਨੂੰ ਇਹਦੇ ਕਾਰਨ ਥਾਣੇ ਦਾ ਮੂੰਹ ਵੀ ਵੇਖਣਾ ਪਿਆ ਹੈ। ਸਿਵਿਆਂ ਦੇ ਰਾਹ ਪਏ ਮੇਰੇ ਪੁੱਤ ਨੂੰ ਜੇ ਠੀਕ ਰਾਹ ’ਤੇ ਲੈ ਆਵੋਂ, ਪਲੀਜ਼…! ਵਹਿੰਦੇ ਅੱਥਰੂਆਂ ਕਾਰਨ ਉਹ ਗੱਲ ਪੂਰੀ ਨਹੀਂ ਕਰ ਸਕਿਆ। (Drug dependence vs addiction)

ਲੜਕੇ ਨਾਲ ਕੌਂਸਲਿੰਗ ਕਰਦਿਆਂ ਇਹ ਗੱਲ ਸਾਹਮਣੇ ਆਈ ਕਿ ਉਹ ਪੜ੍ਹਾਈ ਵਿੱਚ ਕਾਫ਼ੀ ਹੁਸ਼ਿਆਰ ਸੀ ਪਰ ਕਾਲਜ ਵਿੱਚ ਸੰਗੀਆਂ-ਸਾਥੀਆਂ ਨਾਲ ਰਲ਼ ਕੇ ਚਿੱਟੇ ਦੀ ਦਲਦਲ ਵਿੱਚ ਧਸਕੇ ਥਿੜਕ ਗਿਆ ਸੀ। ਜਿਸ ਕੁੜੀ ਨਾਲ ਉਸ ਨੇ ਮੈਰਿਜ ਕਰਵਾਈ, ਉਸਨੇ ਵੀ ਉਸਨੂੰ ਨਸ਼ਾ ਰਹਿਤ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ। ਪਰ ਪਰਨਾਲਾ ਉੱਥੇ ਦਾ ਉੁਥੇ ਹੀ ਰਿਹਾ। ਉਸ ਨੂੰ ਨਸ਼ਾ ਛੁਡਾਊ ਕੇਂਦਰ ਵਿੱਚ ਦਾਖਲ ਤਾਂ ਕਰ ਲਿਆ ਪਰ ਠੀਕ ਰਾਹ ’ਤੇ ਲਿਆਉਣਾ ਸਮੁੱਚੇ ਸਟਾਫ਼ ਲਈ ਇੱਕ ਗੰਭੀਰ ਚੈਲੇਂਜ ਸੀ।

ਪੰਜ-ਸੱਤ ਦਿਨ ਤਾਂ ਉਸਨੇ ਪੈਰਾਂ ’ਤੇ ਪਾਣੀ ਨਾ ਪੈਣ ਦਿੱਤਾ। ਕਹੀਆਂ ਗੱਲਾਂ ਨੂੰ ਵੀ ਉਹ ਅਣਸੁਣਿਆ ਕਰਦਾ ਰਿਹਾ। ਸ਼ੁਰੂ ਵਿੱਚ ਉਹਦੀ ਹਉਮੈ ਨੂੰ ਮਾਰਨ ਲਈ ਪ੍ਰੇਰਨਾਦਾਇਕ ਪ੍ਰਸੰਗਾਂ ਰਾਹੀਂ ਸਮਝਾਉਣ ਦੀ ਕੋਸ਼ਿਸ਼ ਕੀਤੀ। ਗੱਲਾਂ ਕਰਦਿਆਂ ਜਦੋਂ ਉਹਦੇ ਚਿਹਰੇ ’ਤੇ ਤੈਰਦੀ ਜਿਹੀ ਨਜ਼ਰ ਸੁੱਟੀ ਜਾਂਦੀ ਤਾਂ ਇੰਜ ਲੱਗਦਾ ਸੀ ਜਿਵੇਂ ਕਹੀਆਂ ਗੱਲਾਂ ਦਾ ਉਹਦੇ ’ਤੇ ਅਸਰ ਹੋ ਰਿਹਾ ਹੋਵੇ। ਗੱਲਾਂ ਸੁਣਦਿਆਂ ਗੁਰਵਿੰਦਰ ਸਮੇਤ ਸਾਰੇ ਹੀ ਦਾਖ਼ਲ ਨਸ਼ੱਈ ਮਰੀਜ਼ ਗੰਭੀਰ ਹੋ ਗਏ।

ਖੁਸ਼ੀਆਂ ਲਈ ਦੁਆਵਾਂ

ਗੱਲ ਨੂੰ ਅਗਾਂਹ ਤੋਰਦਿਆਂ ਉਨ੍ਹਾਂ ਦੀ ਜ਼ਮੀਰ ਨੂੰ ਹਲੂਣਦਿਆਂ ਕਿਹਾ, ਆਪਣੇ ਦਿਲ ’ਤੇ ਹੱਥ ਰੱਖ ਕੇ ਸੋਚੋ। ਤੁਹਾਡੇ ਮਾਤਾ-ਪਿਤਾ, ਭੈਣ-ਭਰਾ ਤੇ ਤੁਹਾਡੀਆਂ ਪਤਨੀਆਂ ਹਰ ਸਮੇਂ ਤੁਹਾਡੀ ਲੰਮੀ ਉਮਰ ਤੇ ਖੁਸ਼ੀਆਂ ਲਈ ਦੁਆਵਾਂ ਕਰਦੇ ਹਨ, ਪਰ ਬਦਲੇ ਵਿੱਚ ਉਨ੍ਹਾਂ ਨੂੰ ਤੁਸੀਂ ਕੀ ਦੇ ਰਹੇ ਹੋ? ਅੱਥਰੂ, ਹਉਂਕੇ, ਝੋਰੇ ਤੇ ਘੋਰ ਉਦਾਸੀ। ਜੇ ਸੱਚੇ ਦਿਲੋਂ ਉਨ੍ਹਾਂ ਨੂੰ ਪਿਆਰ ਕਰਦੇ ਹੋ ਤਾਂ ਪ੍ਰਣ ਕਰੋ ਕਿ ਭਵਿੱਖ ਵਿੱਚ ਉਨ੍ਹਾਂ ਦਾ ਦਿਲ ਨਹੀਂ ਦੁਖਾਉਗੇ, ਉਨ੍ਹਾਂ ਨੂੰ ਪ੍ਰੇਸ਼ਾਨ ਨਹੀਂ ਕਰੋਗੇ।

ਗੁਰਵਿੰਦਰ ਦੇ ਆਪ-ਮੁਹਾਰੇ ਵਹਿੰਦੇ ਅੱਥਰੂ ਤੇ ਹਟਕੋਰਿਆਂ ਦੀ ਅਵਾਜ਼ ਕਾਰਨ ਗੱਲ ਅਧੂਰੀ ਰਹਿ ਗਈ। ਬਾਅਦ ਵਿੱਚ ਉਸਨੇ ਦਫ਼ਤਰ ਵਿੱਚ ਆ ਕੇ ਰੋਂਦਿਆਂ ਇਸ ਗੱਲ ’ਤੇ ਅਫ਼ਸੋਸ ਜ਼ਾਹਿਰ ਕੀਤਾ ਕਿ ਉਸਨੇ ਨਸ਼ਿਆਂ ਦੇ ਵੱਸ ਪੈ ਕੇ ਆਪਣੇ ਮਾਂ-ਬਾਪ ਤੇ ਪਤਨੀ ਦੀਆਂ ਰੀਝਾਂ ਨੂੰ ਬੁਰੀ ਤਰ੍ਹਾਂ ਮਧੋਲਿਆ ਹੈ। ਉਸਨੇ ਆਪਣੀ ਜ਼ਿੰਦਗੀ ਦੇ ਸਤਾਈ ਸਾਲ ਅਜਾਈਂ ਗੁਆ ਦਿੱਤੇ ਹਨ। ਉਸ ਨੇ ਡਾਢੇ ਹੀ ਤਰਲੇ ਨਾਲ ਕਿਹਾ, ਸਰ, ਮੇਰੇ ’ਤੇ ਹੁਣ ਹੱਥ ਰੱਖੋ। ਉਸਦੇ ਨੈਣਾਂ ਦੇ ਕੋਇਆਂ ’ਚੋਂ ਵਹਿ ਰਹੇ ਅੱਥਰੂ ਸੱਚਮੁੱਚ ਹੀ ਪਛਤਾਵੇ ਦੇ ਚਿੰਨ੍ਹ ਸਨ। ਅਗਲੇ ਦਿਨ ਦੀ ਮੁਲਾਕਾਤ ਵੇਲੇ ਉਹਦੇ ਗੱਲ ਕਰਨ ਦਾ ਹੋਛਾ ਢੰਗ, ਚਿਹਰੇ ’ਤੇ ਸ਼ਰਾਰਤ ਤੇ ਲਾਪਰਵਾਹੀ ਦੇ ਚਿੰਨ੍ਹ ਅਲੋਪ ਹੋ ਚੁੱਕੇ ਸਨ ਤੇ ਉਹਦੀ ਥਾਂ ਉਹ ਗੰਭੀਰ ਤੇ ਸੰਜਮੀ ਜਿਹਾ ਨੌਜਵਾਨ ਲੱਗ ਰਿਹਾ ਸੀ।

Drug dependence vs addiction

ਨਸ਼ਾ ਛੁਡਾਊ ਕੇਂਦਰ ਵਿੱਚ ਸਮੇਂ ਦੀ ਵੰਡ ਅਨੁਸਾਰ ਪ੍ਰਭੂ ਸਿਮਰਨ, ਸਾਹਿਤ ਅਧਿਐਨ, ਯੋਗਾ-ਮੈਡੀਟੇਸ਼ਨ ਤੇ ਸਾਫ-ਸਫਾਈ ਜਿਹੀਆਂ ਉਸਾਰੂ ਕਿਰਿਆਵਾਂ ਵਿੱਚ ਵੀ ਉਹ ਡੂੰਘੀ ਦਿਲਚਸਪੀ ਲੈਣ ਲੱਗ ਪਿਆ ਸੀ। ਫਿਰ ਇੱਕ ਦਿਨ ਉਹਨੇ ਦਫ਼ਤਰ ਆ ਕੇ ਕਾਪੀ, ਪੈੱਨ ਤੇ ਸ੍ਰੀ ਗੁਟਕਾ ਸਾਹਿਬ ਦੀ ਮੰਗ ਕੀਤੀ। ਉਹਦੀ ਮੰਗ ਤੁਰੰਤ ਪੂਰੀ ਕਰ ਦਿੱਤੀ ਗਈ। ਹੁਣ ਉਹ ਪਹਿਲਾਂ ਨਾਲੋਂ ਵੀ ਜ਼ਿਆਦਾ ਗੰਭੀਰ ਰਹਿਣ ਲੱਗ ਪਿਆ ਸੀ। ਵੀਹ ਕੁ ਦਿਨਾਂ ਬਾਅਦ ਉਹ ਦਫ਼ਤਰ ’ਚ ਆਇਆ। ਤਣਾਓ ਰਹਿਤ ਚਿਹਰੇ ’ਤੇ ਕੁੱਝ ਕਰ ਸਕਣ ਦੀ ਖੁਸ਼ੀ ਡਲਕਾਂ ਮਾਰਦੀ ਸੀ। ਉਸਨੇ ਦੋ ਕਾਪੀਆਂ ਮੇਰੇ ਵੱਲ ਵਧਾਉਂਦਿਆਂ ਕਿਹਾ, ਸਰ, ਪਲੀਜ਼ ਮੇਰਾ ਇਹ ਕੰਮ ਵੇਖਿਉ।

ਮੈਂ ਸ੍ਰੀ ਜਪੁਜੀ ਸਾਹਿਬ ਦਾ ਅੰਗਰੇਜ਼ੀ ਵਿੱਚ ਤਰਜ਼ਮਾ ਕੀਤਾ ਹੈ। ਜਿਉਂ ਜਿਉਂ ਮੈਂ ਉਹਦਾ ਕੀਤਾ ਸ੍ਰੀ ਜਪੁਜੀ ਸਾਹਿਬ ਦਾ ਅੰਗਰੇਜ਼ੀ ਅਨੁਵਾਦ ਪੜ੍ਹ ਰਿਹਾ ਸੀ, ਤਿਉਂ-ਤਿਉਂ ਹੈਰਾਨੀਜਨਕ ਖੁਸ਼ੀ ਨਾਲ ਮੇਰਾ ਆਪਣਾ-ਆਪ ਉੱਛਲ ਰਿਹਾ ਸੀ। ਇਹ ਸੱਚਮੁੱਚ ਇੱਕ ਕਰਿਸ਼ਮਾ ਹੀ ਸੀ। ਜ਼ਿੰਦਗੀ ਦੀਆਂ ਕਦਰਾਂ-ਕੀਮਤਾਂ ਤੋਂ ਬਾਗੀ ਮਾਪਿਆਂ ਦਾ ਨਲਾਇਕ ਪੁੱਤ, ਪਤਨੀ ਲਈ ਜ਼ਾਲਮ ਪਤੀ , ਇੱਕ ਗੈਰ-ਜਿੰਮੇਵਾਰ ਅਤੇ ਹਰ ਕਿਸਮ ਦਾ ਨਸ਼ਾ ਕਰਨ ਵਾਲੇ ਨੌਜਵਾਨ ਨੇ ਗੁਰੂ ਸਾਹਿਬ ਦੀ ਬਾਣੀ ਦਾ ਸਿਰਫ਼ ਸਹਾਰਾ ਹੀ ਨਹੀਂ ਲਿਆ ਸਗੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇਲਾਹੀ ਬਾਣੀ ਦਾ ਅੰਗਰੇਜ਼ੀ ਵਿੱਚ ਤਰਜ਼ਮਾ ਕਰਕੇ ਹੋਰਾਂ ਲਈ ਮਾਰਗ-ਦਰਸ਼ਨ ਦਾ ਕੰਮ ਕੀਤਾ ਸੀ। ਫਿਰ ਉਸਦੇ ਇਸ ਨੇਕ ਤੇ ਉਸਾਰੂ ਕਾਰਜ ਨੂੰ ਕਿਤਾਬੀ ਰੂਪ ਦੇ ਕੇ ਉਹ ਪੁਸਤਕ ਅੰਗਰੇਜ਼ੀ ਮਾਧਿਅਮ ਵਾਲੇ ਸਕੂਲਾਂ ਵਿੱਚ ਮੁਫ਼ਤ ਵੰਡੀ ਗਈ ਤਾਂ ਜੋ ਗੁਰੂ ਸਾਹਿਬ ਦੇ ਉਪਦੇਸ਼ਾਂ ਤੋਂ ਵਿਦਿਆਰਥੀ ਵਰਗ ਜਾਣੂ ਹੋ ਸਕੇ।

Drug dependence vs addiction

ਕੁਝ ਦਿਨ ਹੋਰ ਰੱਖਣ ਉਪਰੰਤ ਉਸਨੂੰ ਛੁੱਟੀ ਦੇ ਦਿੱਤੀ ਗਈ। ਘਰ ਜਾਂਦਿਆਂ ਹੀ ਜਿੱਥੇ ਉਹ ਅਗਲੀ ਪੜ੍ਹਾਈ ਵਿੱਚ ਜੁਟ ਗਿਆ, ਉਥੇ ਹੀ ਸ਼ਾਮ ਨੂੰ ਅੰਦਾਜ਼ਨ ਡੇਢ ਘੰਟਾ ਗੁਰੂ ਘਰ ਜਾ ਕੇ ਸੇਵਾ ਵੀ ਕਰਨ ਲੱਗ ਪਿਆ। ਫਿਰ ਇੱਕ ਦਿਨ ਗੁਰਵਿੰਦਰ ਦੀ ਪਤਨੀ ਦਾ ਟੈਲੀਫੋਨ ਆਇਆ। ਅੰਕਲ ਜੀ, ਅਸ਼ੀਰਵਾਦ ਦਿਓ! ਹੁਣ ਮੈਂ ਆਪਣੇ ਘਰ ਜਾਣਾ ਚਾਹੁੰਦੀ ਹਾਂ। ਅਗਲੇ ਦਿਨ ਲੜਕੀ ਦਾ ਪਿਤਾ ਆਪ ਆ ਕੇ ਮਿਲਿਆ। ਉਹਦੇ ਚਿਹਰੇ ’ਤੇ ਖੁਸ਼ੀ ਡੁੱਲ੍ਹ-ਡੁੱਲ੍ਹ ਪੈਂਦੀ ਸੀ।

ਆਉਂਦਿਆਂ ਹੀ ਉਸ ਨੇ ਕਿਹਾ, ਵਿਆਹੀ ਹੋਈ ਧੀ ਨੂੰ ਪੇਕੇ ਘਰ ਬਿਠਾ ਕੇ ਰੱਖਣਾ ਬਹੁਤ ਹੀ ਮੁਸ਼ਕਲ ਹੈ। ਸਾਡਾ ਤਾਂ ਸਾਰਾ ਪਰਿਵਾਰ ਹੀ ਚਿੰਤਾ ਵਿੱਚ ਰਹਿੰਦਾ ਸੀ। ਲੜਕਾ ਹੁਣ ਸਹੀ ਰਾਹ ’ਤੇ ਆ ਗਿਆ ਹੈ। ਹੁਣ ਲੜਕੀ ਨੂੰ ਉਹਦੇ ਸਹੁਰੇ ਘਰ ਅਸੂਲੀ ਤੌਰ ’ਤੇ ਛੱਡ ਕੇ ਵੀ ਮੈਂ ਆਵਾਂਗਾ। ਅਗਲੇ ਦਿਨ ਸ਼ਾਮ ਦੇ ਸਮੇਂ ਜਦੋਂ ਉਹ ਆਪਣੀ ਪਤਨੀ ਨੂੰ ਨਾਲ ਲੈ ਕੇ ਲੜਕੀ ਨੂੰ ਸਹੁਰੇ ਘਰ ਛੱਡਣ ਗਏ ਤਾਂ ਗੁਰਵਿੰਦਰ ਦੇ ਮਾਪਿਆਂ ਨੇ ਤੇਲ ਚੋਅ ਕੇ ਉਨ੍ਹਾਂ ਦਾ ਸਵਾਗਤ ਕੀਤਾ।

ਗੁਰਵਿੰਦਰ ਦੀ ਮਾਂ ਨੇ ਆਪਣੀ ਨੂੰਹ ਨੂੰ ਬੁੱਕਲ ਵਿੱਚ ਲੈ ਕੇ ਕਿੰਨੀ ਹੀ ਦੇਰ ਨਹੀਂ ਛੱਡਿਆ ਤੇ ਫਿਰ ਗੱਚ ਭਰ ਕੇ ਕਿਹਾ, ਧੀਏ, ਹੁਣ ਛੱਡ ਕੇ ਨਾ ਜਾਈਂ! ਉਹਦੇ ਨੈਣਾਂ ’ਚੋਂ ਸਿੰਮਦੇ ਅੱਥਰੂਆਂ ਨੇ ਗੱਲ ਪੂਰੀ ਨਹੀਂ ਹੋਣ ਦਿੱਤੀ। ਫਿਰ ਗੁਰਵਿੰਦਰ ਅੱਗੇ ਆਇਆ। ਆਪਣੇ ਸੱਸ-ਸਹੁਰੇ ਦੇ ਪੈਰੀਂ ਹੱਥ ਲਾਉਣ ਤੋਂ ਬਾਅਦ ਆਪਣੀ ਜੀਵਨ ਸਾਥਣ ਦਾ ਹੱਥ ਫੜ੍ਹ ਕੇ ਡਾਢੇ ਹੀ ਮੋਹ ਨਾਲ ਕਿਹਾ, ਮੈਨੂੰ ਮਾਫ਼ ਕਰੀਂ। ਅੱਗੇ ਤੋਂ ਤੈਨੂੰ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗਾ। ਅਸੀਂ ਇੱਕ ਪਾਸੇ ਖੜੋਤੇ ਮਾਨਸਿਕ ਸਕੂਨ ਵਾਲੇ ਇਨ੍ਹਾਂ ਪਲਾਂ ਦਾ ਅਨੰਦ ਮਾਣ ਰਹੇ ਸੀ। ਹਾਂ, ਹੁਣ ਗੁਰਵਿੰਦਰ ਬੈਂਕ ਅਧਿਕਾਰੀ ਵਜੋਂ ਕੰਮ ਕਰ ਰਿਹਾ ਹੈ।

ਮੋਹਨ ਸ਼ਰਮਾ
ਕਿ੍ਰਸ਼ਨਪੁਰਾ ਬਸਤੀ, ਬਾਹਰ ਨਾਭਾ ਗੇਟ, ਸੰਗਰੂਰ।
ਮੋ. 94171-48866