ਆਜ਼ਾਦੀ ਦਾ ਦਿਨ

ਆਜ਼ਾਦੀ ਦਾ ਦਿਨ

ਐਸ. ਡੀ. ਐਮ. ਨਵਜੋਤ ਸਿੰਘ ਵੱਲੋਂ ਸੁਤੰਤਰਤਾ ਸਮਾਗਮ ’ਤੇ ਦਿੱਤਾ ਗਿਆ ਭਾਸ਼ਣ ਅੱਜ ਟੀ.ਵੀ. ਚੈਨਲ ’ਤੇ ਆਉਣ ਕਰਕੇ ਉਸ ਦੇ ਮਾਤਾ-ਪਿਤਾ ਘਰ ਦਾ ਸਾਰਾ ਕੰਮ ਜਲਦੀ ਨਿਬੇੜ ਕੇ ਟੀ.ਵੀ. ਲਾ ਸਮਾਗਮ ਦੀ ਉਡੀਕ ਕਰ ਰਹੇ ਸਨ। ਕੁੱਝ ਸਮੇਂ ਬਾਅਦ ਹੀ ਨਵਜੋਤ ਦੀ ਪ੍ਰਧਾਨਗੀ ਹੇਠ ਹੋਇਆ ਆਜ਼ਾਦੀ ਦਿਹਾੜੇ ਦਾ ਸਮਾਗਮ ਚੱਲ ਪਿਆ। ਨਵਜੋਤ ਦਾ ਭਾਸ਼ਣ ਸੁਣ ਕੇ ਉਸ ਦੇ ਮਾਤਾ ਪਿਤਾ ਬੜੇ ਖੁਸ਼ ਹੋਏ।
ਸ਼ਾਮ ਨੂੰ ਜਦ ਨਵਜੋਤ ਘਰ ਆਇਆ ਤਾਂ ਉਸਦੇ ਪਿਤਾ ਗੁਰਜੰਟ ਸਿੰਘ ਨੇ ਭਾਸ਼ਣ ਲਈ ਸ਼ਾਬਾਸ਼ੇ ਦਿੰਦੇ ਹੋਏ ਕਿਹਾ, ‘‘ਪੁੱਤ ਨਵਜੋਤ! ਤੇਰਾ ਭਾਸ਼ਣ ਲਾਜ਼ਵਾਬ ਸੀ, ਆਜ਼ਾਦੀ ਦੇ ਇਤਿਹਾਸ ਬਾਰੇ ਦੱਸਦੇ ਹੋਏ ਤੂੰ ਰਿਸ਼ਤਿਆਂ ਦੇ ਹੋ ਰਹੇ ਘਾਣ, ਮਰ ਰਹੀ ਇਨਸਾਨੀਅਤ ਬਾਰੇ ਬਹੁਤ ਚੰਗੇ ਵਿਚਾਰ ਪੇਸ਼ ਕੀਤੇ।’’

ਪਿਤਾ ਤੋਂ ਤਾਰੀਫ ਸੁਣ ਨਵਜੋਤ ਹੋਰ ਵੀ ਜ਼ਿਆਦਾ ਖ਼ੁਸ਼ ਹੋ ਗਿਆ ਉਂਜ ਵੀ ਉਸਦਾ ਭਾਸ਼ਣ ਸੋਸ਼ਲ ਮੀਡੀਆ ਉੱਪਰ ਚਾਰੇ ਪਾਸੇ ਘੁੰਮ ਰਿਹਾ ਸੀ ਹਰ ਕੋਈ ਐਸ. ਡੀ. ਐਮ. ਸਾਹਿਬ ਦਾ ਭਾਸ਼ਣ ਸੁਣ ਕੇ ਵਾਹ! ਵਾਹ! ਕਰ ਰਿਹਾ ਸੀ।
ਰੋਟੀ ਖਾ ਜਦ ਨਵਜੋਤ ਆਪਣੇ ਕਮਰੇ ਵਿੱਚ ਜਾਣ ਲੱਗਾ ਤਾਂ ਅਚਾਨਕ ਹੀ ਪਸ਼ੂਆਂ ਵਾਲੇ ਬਰਾਂਡੇ ਨਾਲ ਬਣੇ ਕਮਰੇ ਵਿੱਚੋਂ ਉਹਦੇ ਪਿਤਾ ਦੇ ਰੋਣ ਦੀ ਆਵਾਜ਼ ਆਉਣ ਲੱਗੀ ਤਾਂ ਉਹ ਭੱਜ ਕੇ ਕੋਠੜੀ ਵੱਲ ਗਿਆ। ਜਿੱਥੇ ਉਸਦਾ ਪਿਤਾ ਆਪਣੀ ਮਾਂ ਦੇ ਮੰਜੇ ਨਾਲ ਬੈਠਾ ਰੋ ਰਿਹਾ ਸੀ। ਪਿਤਾ ਨੂੰ ਰੋਂਦੇ ਦੇਖ ਨਵਜੋਤ ਨੂੰ ਪਤਾ ਲੱਗ ਗਿਆ ਸੀ ਕਿ ਦਾਦੀ ਪੂਰੀ ਹੋ ਗਈ ਹੈ।

ਏਨੇ ਨੂੰ ਉਹਦੀ ਮਾਂ ਵੀ ਕਮਰੇ ਵਿੱਚ ਆਈ ਤੇ ਉੱਚੀ-ਉੱਚੀ ਰੋਣ ਲੱਗ ਗਈ। ਪਰ ਨਾਲ ਵਾਲੇ ਮੰਜੇ ’ਤੇ ਬੈਠਾ ਨਵਜੋਤ ਦਾ ਦਾਦਾ ਚੁੱਪ-ਚਾਪ ਸਭ ਕੁੱਝ ਦੇਖ ਰਿਹਾ ਸੀ। ਉਸਨੇ ਗੁਰਜੰਟ ਦੀ ਬਾਂਹ ਫੜ੍ਹ ਕੇ ਕਿਹਾ, ‘‘ਗੁਰਜੰਟ ਸਿਆਂ ਕਿਉਂ ਰੋ ਰਿਹਾ ਹੈਂ? ਅੱਜ ਤਾਂ ਖੁਸ਼ੀ ਦਾ ਦਿਨ ਹੈ, ਤੇਰੀ ਮਾਂ ਨੂੰ ਆਜ਼ਾਦੀ ਮਿਲ ਗਈ ਹੈ ਇਸ ਕਾਲ ਕੋਠੜੀ ਤੋਂ ਪਰ ਪਤਾ ਨਹੀਂ ਮੇਰੀ ਜ਼ਿੰਦਗੀ ਵਿੱਚ ਇਹ ਆਜ਼ਾਦੀ ਦਾ ਦਿਨ ਕਦੋਂ ਆਵੇਗਾ? ਉਏ ਏਨੀ ਗੁਲਾਮੀ ਤਾਂ ਅਸੀਂ ਅੰਗਰੇਜ਼ਾਂ ਸਮੇਂ ਨਹੀਂ ਹੰਢਾਈ ਸੀ ਜਿੰਨੀ ਬੁਢਾਪੇ ਵਿੱਚ ਹੰਢਾ ਲਈ…’’ ਏਨਾ ਆਖ ਉਸਦੀਆਂ ਅੱਖਾਂ ਵਿੱਚੋਂ ਹੰਝੂਆਂ ਦਾ ਹੜ੍ਹ ਵਗ ਪਿਆ।

ਆਪਣੇ ਦਾਦੇ ਦੀਆਂ ਗੱਲਾਂ ਸੁਣ ਨਵਜੋਤ ਨੂੰ ਆਜ਼ਾਦੀ ਦਿਹਾੜੇ ’ਤੇ ਦਿੱਤਾ ਗਿਆ ਭਾਸ਼ਣ ਫਿੱਕਾ ਪੈ ਗਿਆ ਲੱਗਿਆ। ਉਸਨੇ ਜਦ ਕਮਰੇ ਦੇ ਚਾਰੇ ਪਾਸੇ ਦੇਖਿਆ ਤਾਂ ਉਹ ਕਿਸੇ ਜੇਲ੍ਹ ਤੋਂ ਘੱਟ ਨਹੀਂ ਸੀ ਲੱਗ ਰਿਹਾ। ਹੁਣ ਨਵਜੋਤ ਦੀਆਂ ਅੱਖਾਂ ਵਿੱਚੋਂ ਪਛਤਾਵੇ ਦੇ ਹੰਝੂ ਵਗ ਰਹੇ ਸਨ।
ਜਸਵੰਤ ਗਿੱਲ ਸਮਾਲਸਰ
ਮੋ. 97804-51878

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.