ਔਲਾਦ

ਔਲਾਦ

ਹਰਜੀਤ ਦਾ ਮਨ ਅੱਜ ਬਹੁਤ ਉਦਾਸ ਸੀ ਉਸ ਨੂੰ ਉਹ ਦਿਨ ਚੇਤੇ ਆ ਰਿਹਾ ਸੀ ਜਿਸ ਦਿਨ ਉਹ ਇਸ ਘਰ ਵਿੱਚ ਵਿਆਹ ਕੇ ਆਈ ਸੀ ਕਿੰਨੇ ਚਾਵਾਂ ਨਾਲ ਸਭ ਨੇ ਉਸਦਾ ਸਵਾਗਤ ਕੀਤਾ ਸੀ ਪਰ ਜਦੋਂ ਉਸਦੀ ਪਹਿਲੀ ਬੇਟੀ ਨੇ ਜਨਮ ਲਿਆ ਤਾਂ ਸਭ ਦਾ ਵਤੀਰਾ ਹਰਜੀਤ ਪ੍ਰਤੀ ਬਦਲ ਗਿਆ। ਉਸਦੀ ਸੱਸ ਗੱਲ-ਗੱਲ ਉੱਤੇ ਉਸਨੂੰ ਨਪੁੱਤੀ ਆਖਣ ਲੱਗੀ ਕੋਈ ਵੀ ਉਸਦੀ ਬੇਟੀ ਪ੍ਰਤੀ ਸਨੇਹ ਪ੍ਰਗਟ ਨਾ ਕਰਦਾ।
ਅੱਜ ਇੱਕ ਵਾਰ ਫਿਰ ਵਕਤ ਦੀ ਸੂਈ ਉੱਥੋਂ ਹੀ ਲੰਘੀ ਅਤੇ ਹਰਜੀਤ ਗਰਭਵਤੀ ਹੋ ਗਈ।

ਉਸਦੇ ਸਹੁਰਿਆਂ ਨੇ ਉਸਨੂੰ ਬੱਚੇ ਦੀ ਲਿੰਗ ਜਾਂਚ ਕਰਵਾਉਣ ਲਈ ਦਬਾਅ ਪਾਇਆ ਹਰਜੀਤ ਨੇ ਪਹਿਲਾਂ ਤਾਂ ਹਾੜੇ ਕੱਢੇ ਤਰਲੇ ਪਾਏ ਕਿ ਉਹ ਆਪਣੇ ਬੱਚੇ ਨੂੰ ਜਨਮ ਦੇਣਾ ਚਾਹੁੰਦੀ ਹੈ ਕਿਰਪਾ ਕਰਕੇ ਉਸਦਾ ਲਿੰਗ ਜਾਂਚ ਕਰਵਾ ਕੇ ਕੁੜੀ ਹੋਣ ’ਤੇ ਉਸਨੂੰ ਕੁੱਖ ਵਿੱਚ ਕਤਲ ਨਾ ਕੀਤਾ ਜਾਵੇ। ਅੰਤ ਉਸਨੂੰ ਇਹੋ ਧਮਕੀ ਮਿਲਦੀ ਹੈ ਕਿ ਜਾਂ ਤਾਂ ਉਹ ਗਰਭ ਦੀ ਜਾਂਚ ਕਰਵਾ ਲਵੇ ਜਾਂ ਇਸ ਘਰ ਨੂੰ ਛੱਡ ਕੇ ਚਲੀ ਜਾਵੇ

ਹਰਜੀਤ ਕਾਫੀ ਸੋਚਣ ਤੋਂ ਬਾਅਦ ਘਰ ਛੱਡਣ ਦਾ ਫੈਸਲਾ ਕਰ ਲੈਂਦੀ ਹੈ। ਸ਼ਹਿਰ ਜਾ ਕੇ ਉਹ ਕਿਸੇ ਪ੍ਰਾਈਵੇਟ ਕੰਪਨੀ ਵਿੱਚ ਨੌਕਰੀ ਕਰਨ ਲੱਗ ਪੈਂਦੀ ਹੈ ਇੱਥੇ ਹੀ ਉਹ ਆਪਣੇ ਦੂਸਰੇ ਬੱਚੇ ਨੂੰ ਜਨਮ ਦਿੰਦੀ ਹੈ ਜੋ ਲੜਕੀ ਹੀ ਹੁੰਦੀ ਹੈ। ਹਰਜੀਤ ਆਪਣੀਆਂ ਦੋਵੇਂ ਬੱਚੀਆਂ ਨੂੰ ਲਾਡਾਂ-ਚਾਵਾਂ ਨਾਲ ਪਾਲਦੀ ਹੈ; ਤੇ ਇਸ ਕਾਬਲ ਬਣਾਉਂਦੀ ਹੈ ਕਿ ਉਹ ਖੁਦ ਆਪਣੀ ਰੋਟੀ ਕਮਾ ਕੇ ਖਾ ਸਕਣ। ਦੇਵੇਂ ਧੀਆਂ ਹੀ ਹੋਣਹਾਰ ਅਤੇ ਸੰਸਕਾਰੀ ਹੁੰਦੀਆਂ ਹਨ। ਇੱਕ ਪ੍ਰੋਫੈਸਰ ਅਤੇ ਦੂਜੀ ਡਾਕਟਰ ਬਣਦੀ ਹੈ।

ਉੱਧਰ ਹਰਜੀਤ ਦੇ ਪਤੀ ਨੇ ਉਸਦੇ ਚਲੇ ਜਾਣ ਤੋਂ ਬਾਅਦ ਦੂਜਾ ਵਿਆਹ ਕਰਵਾ ਲਿਆ ਸੀ ਉਸਦੀ ਦੂਜੀ ਪਤਨੀ ਕਾਫੀ ਤੇਜ ਸੁਭਾਅ ਦੀ ਸੀ ਜਿਸਨੇ ਆਪਣੀ ਸੱਸ ਦੀ ਕਦੇ ਪਰਵਾਹ ਨਾ ਕੀਤੀ ਅਤੇ ਹਮੇਸ਼ਾ ਉਸ ਤੋਂ ਨੌਕਰਾਂ ਵਾਂਗੂੰ ਕੰਮ ਕਰਵਾਉਂਦੀ ਰਹਿੰਦੀ ਉਸਨੇ ਇੱਕ ਪੁੱਤਰ ਨੂੰ ਜਨਮ ਦਿੱਤਾ। ਬਹੁਤੇ ਲਾਡ-ਪਿਆਰ ਨਾਲ ਮੁੰਡਾ ਵਿਗੜ ਗਿਆ। ਉਹ ਆਪਣੀ ਮਨ-ਮਰਜ਼ੀ ਕਰਨ ਲੱਗਾ ਅਤੇ ਹੌਲੀ-ਹੌਲੀ ਮਾੜੀ ਸੰਗਤ ਕਾਰਨ ਉਹ ਨਸ਼ਿਆਂ ਵਿੱਚ ਪੈ ਗਿਆ ਸਾਰੀ ਜਮੀਨ-ਜਾਇਦਾਦ ਵਿਕ ਗਈ ਉਹ ਕਿਰਾਏ ’ਤੇ ਰਹਿਣ ਲੱਗੇ।

ਬੇਟੇ ਨੂੰ ਜਿੰਦਾ ਰੱਖਣ ਲਈ ਨਸ਼ਾ ਦੇਣਾ ਜ਼ਰੂਰੀ ਸੀ ਇਸ ਲਈ ਹਰਜੀਤ ਦਾ ਪਤੀ ਦਿਹਾੜੀ ਕਰ-ਕਰ ਕੇ ਉਸਦੇ ਨਸ਼ੇ ਦੀ ਪੂਰਤੀ ਕਰਦਾ ਇੱਕ ਦਿਨ ਅਚਾਨਕ ਬਾਜਾਰ ਵਿੱਚ ਹਰਜੀਤ ਨੂੰ ਉਸਦੀ ਸੱਸ ਦਿਸ ਪਈ ਅਤੇ ਉਹ ਭੱਜ ਕੇ ਆਪਣੀ ਸੱਸ ਨੂੰ ਮਿਲੀ। ਹਰਜੀਤ ਦੀ ਸੱਸ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਤੇ ਉਸਨੇ ਹਰਜੀਤ ਨੂੰ ਉਸਦੇ ਜਾਣ ਤੋਂ ਬਾਅਦ ਦੀ ਸਾਰੀ ਕਹਾਣੀ ਸੁਣਾਈ।

ਹਰਜੀਤ ਨੇ ਉਸਨੂੰ ਹੌਂਸਲਾ ਦਿੱਤਾ ਤੇ ਆਪਣੀਆਂ ਧੀਆਂ ਨਾਲ ਮਿਲਾਇਆ ਤੇ ਕਿਹਾ, ‘‘ਉਸਦੀਆਂ ਪੋਤੀਆਂ ਉੱਚੇ ਅਹੁਦੇ ’ਤੇ ਹਨ।’’ ਹਰਜੀਤ ਨੇ ਉਸਨੂੰ ਮਾਫ ਕੀਤਾ ਅਤੇ ਆਪਣੇ ਘਰ ਰਹਿਣ ਲਈ ਕਿਹਾ ਪਰ ਸ਼ਰਮ ਦੀ ਮਾਰੀ ਉਸਦੀ ਸੱਸ ਇਹ ਸਵੀਕਾਰ ਨਾ ਕਰ ਸਕੀ ਅਤੇ ਉੱਥੋਂ ਚਲੀ ਗਈ। ਜਾਂਦੇ ਹੋਏ ਉਸਦੇ ਮਨ ਵਿੱਚ ਔਲਾਦ ਸਬੰਧੀ ਅਨੇਕਾਂ ਖਿਆਲ ਆ ਰਹੇ ਸਨ ਅੱਜ ਉਸਨੂੰ ਸਹੀ-ਗਲਤ ਦੀ ਸਮਝ ਆ ਚੁੱਕੀ ਸੀ।
ਪ੍ਰੀਤ ਬਖਸ਼ੀਵਾਲਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.