ਮੁੱਖ ਮੰਤਰੀ ਚੰਨੀ ਵੱਲੋਂ ਘਨੌਰ ਨੂੰ ਸਬ-ਡਵੀਜ਼ਨ ਬਣਾਉਣ ਦਾ ਐਲਾਨ

CM Channi Sachkahoon

ਬਿਕਰਮ ਮਜੀਠੀਆ ’ਤੇ ਪਰਚਾ ਹਾਈਕੋਰਟ ਦੇ ਆਦੇਸ਼ਾਂ ਅਤੇ ਪੂਰੀ ਜਾਂਚ ਪੜ੍ਹਤਾਲ ਤੋਂ ਬਾਅਦ ਹੋਇਆ

(ਖੁਸ਼ਵੀਰ ਸਿੰਘ ਤੂਰ) ਪਟਿਆਲਾ/ਘਨੌਰ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਘਨੌਰ ਵਿਕਾਸ ਰੈਲੀ ਦੌਰਾਨ ਘਨੌਰ ਨੂੰ ਸਬ-ਡਵੀਜ਼ਨ ਬਣਾਉਣ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾ ਮੁੱਖ ਮੰਤਰੀ ਵੱਲੋਂ ਘਨੌਰ ਵਿਖੇ ਅਨੇਕਾਂ ਵਿਕਾਸ ਕਾਰਜ਼ਾਂ ਦੇ ਉਦਘਾਟਨ ਅਤੇ ਨੀਂਹ ਪੱਥਰ ਵੀ ਰੱਖ ਗਏ। ਹਲਕਾ ਵਿਧਾਇਕ ਮਦਨ ਲਾਲ ਜਲਾਲਪੁਰ ਵੱਲੋਂ ਕਰਵਾਈ ਗਈ ਘਨੌਰ ਵਿਕਾਸ ਰੈਲੀ ਦੌਰਾਨ ਵਿਸ਼ਾਲ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਮੰਤਰੀ ਮੰਡਲ ਦੀ ਅਗਲੀ ਬੈਠਕ ’ਚ ਘਨੌਰ ਨੂੰ ਸਬ-ਡਵੀਜ਼ਨ ਬਣਾਉਣ ਦੀ ਰਸਮੀ ਪ੍ਰਵਾਨਗੀ ਦੇ ਦਿੱਤੀ ਜਾਵੇਗੀ।

ਇਸ ਮੌਕੇ ਮੁੱਖ ਮੰਤਰੀ ਚੰਨੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਨਸ਼ੇ ਦੇ ਸੌਦਾਗਰ ਬਿਕਰਮ ਮਜੀਠੀਆ ਤੇ ਪਰਚਾ ਹਾਈਕੋਰਟ ਦੇ ਆਦੇਸ਼ ਤੋਂ ਬਾਅਦ ਹੀ ਪੂਰੀ ਜਾਂਚ ਪੜ੍ਹਤਾਲ ਕਰਕੇ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਅਕਾਲੀ ਦਲ ’ਚ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਵਰਗੇ ਆਗੂ ਹਨ, ਓਨੀ ਦੇਰ ਅਕਾਲੀ ਦਲ ਦੁਬਾਰਾ ਸੱਤਾ ’ਚ ਨਹੀਂ ਆ ਸਕਦਾ। ਉਨ੍ਹਾਂ ਬਿਕਰਮ ਸਿੰਘ ਮਜੀਠੀਆ ਨੂੰ ਨਸ਼ਿਆਂ ਦਾ ਬਰਾਂਡ ਗਰਦਾਨਦਿਆਂ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਐਨੇ ਸਾਲ ਇਸ ਲਈ ਬਚਿਆ ਰਿਹਾ ਹੈ ਕਿਉਕਿ ਕੈਪਟਨ ਅਮਰਿੰਦਰ ਸਿੰਘ ਚਾਚਾ-ਭਤੀਜਾ ਰਲਕੇ ਚੱਲ ਰਹੇ ਸਨ ਤੇ ਕੈਪਟਨ ਨੇ ਮਜੀਠੀਆ ’ਤੇ ਪਰਚਾ ਦਰਜ਼ ਨਹੀਂ ਹੋਣ ਦਿੱਤਾ। ਉਨ੍ਹਾਂ ਕਿਹਾ ਕਿ ਮਜੀਠੀਆ ਹੁਣ ਲੁਕਿਆ ਫ਼ਿਰਦਾ ਹੈ, ਜੇਕਰ ਸੱਚਾ ਹੈ ਤਾ ਸਾਹਮਣੇ ਆਕੇ ਪੇਸ਼ ਹੋਵੇ। ਉਨ੍ਹਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਕਰਾਰੇ ਹੱਥੀਂ ਲੈਂਦਿਆਂ ਕਿਹਾ ਨਸ਼ਿਆਂ ਦੇ ਮਾਮਲੇ ’ਚ ਕੇਜਰੀਵਾਲ ਨੇ ਮਜੀਠੀਆ ਅੱਗੇ ਗੋਡੇ ਟੇਕ ਦਿੱਤੇ ਜਿਸ ਕਰਕੇ ਇਸਦੇ 10 ਵਿਧਾਇਕ ਤੇ 3 ਸੰਸਦ ਮੈਂਬਰ ਇਸ ਤੋਂ ਕਿਨਾਰਾ ਕਰ ਗਏ। ਉਨ੍ਹਾਂ ਪਿੰਡਾਂ ਦੇ ਸਰਪੰਚਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਪਿੰਡਾਂ ਦੀ ਪੰਚਾਇਤੀ ਜਮੀਨ ’ਚ ਲੋੜਵੰਦਾਂ ਨੂੰ ਬਿਨਾਂ ਕਿਸੇ ਭੇਦਭਾਵ ਦੇ 5-5 ਮਰਲੇ ਦੇ ਪਲਾਟ ਦਿੱਤੇ ਜਾਣ, ਉਨਾਂ ਕਿਹਾ ਕਿ ਇਸ ਲਈ ਸਰਕਾਰੀ ਕਾਰਵਾਈ ਬੀ.ਡੀ.ਪੀ.ਓ ਪੱਧਰ ’ਤੇ ਹੀ ਕੀਤੀ ਜਾਵੇਗੀ।

ਇਸ ਤੋਂ ਪਹਿਲਾ ਮੁੱਖ ਮੰਤਰੀ ਨੇ ਘਨੌਰ ਹਲਕੇ ਲਈ 28 ਕਰੋੜ ਰੁਪਏ ਦਾ ਹੋਰ ਵੱਡਾ ਤੋਹਫ਼ਾ ਦਿੰਦਿਆਂ 10 ਕਰੋੜ ਰੁਪਏ ਬਕਾਇਆ ਕੰਮਾਂ ਸਮੇਤ ਿਕ ਸੜਕਾਂ ਲਈ, 4. 75 ਕਰੋੜ ਰੁਪਏ ਨਰਵਾਣਾ ਨਹਿਰ ਦੀ ਪੱਟੀ ਨੂੰ ਚੌੜਾ ਕਰਨ ਲਈ ਅਤੇ 1 ਕਰੋੜ ਰੁਪਏ ਯੂਨੀਵਰਸਿਟੀ ਕਾਲਜ ਘਨੌਰ ਦੇ ਆਡੀਟੋਰੀਅਮ ਲਈ ਅਤੇ ਹਲਕੇ ’ਚ 50 ਲੱਖ ਰੁਪਏ ਰਾਜਪੂਤ ਭਵਨ ਲਈ, 37 ਲੱਖ ਰੁਪਏ ਗਊਸ਼ਾਲਾਵਾਂ ਲਈ, 50 ਲੱਖ ਰੁਪਏ ਗੀਤਾ ਭਵਨ ਦੇ ਨਿਰਮਾਣ ਲਈ ਵੀ ਦੇਣ ਦਾ ਐਲਾਨ ਕੀਤਾ।

ਇਸ ਮੌਕੇ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਦੱਸਿਆ ਕਿ ਹਲਕੇ ’ਚ 95 ਕਰੋੜ ਰੁਪਏ ਸੜਕਾਂ ਨੂੰ ਚੌੜਾ ਕਰਨ ਤੇ ਮੁਰੰਮਤ ਕਰਨ ’ਤੇ ਖਰਚੇ ਗਏ ਹਨ, ਜਦਕਿ 24 ਕਰੋੜ ਰੁਪਏ ਨਾਲ ਹਲਕੇ ’ਚ ਪੈਂਦੇ ਰਜਵਾਹਿਆਂ ਨੂੰ ਪੱਕਾ ਕਰਨ ਸਮੇਤ ਪੁਲਾਂ ਦੀ ਉਸਾਰੀ ’ਤੇ ਲਗਾਏ ਗਏ ਹਨ ਅਤੇ 10 ਕਰੋੜ ਰੁਪਏ ਨਾਲ ਗੰਦੇ ਪਾਣੀ ਦੀ ਨਿਕਾਸ, ਛੱਪੜਾਂ ਦਾ ਨਵੀਨੀਕਰਨ ਤੇ ਪੰਚਾਇਤ ਘਰਾਂ ਦੀ ਉਸਾਰੀ ਸਮੇਤ ਹਲਕੇ ਦੇ ਸਰਕਾਰੀ ਸਕੂਲਾਂ ਦੇ ਕਮਰਿਆਂ ਦੇ ਨਵੀਨੀਕਰਨ ’ਤੇ ਖਰਚ ਕੀਤਾ ਗਿਆ ਹੈ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ, ਰਾਜਪੁਰਾ ਤੋਂ ਵਿਧਾਇਕ ਹਰਦਿਆਲ ਸਿੰਘ ਕੰਬੋਜ, ਹਰਿੰਦਰਪਾਲ ਸਿੰਘ ਹੈਰੀਮਾਨ, ਸ਼ਹਿਰੀ ਪ੍ਰਧਾਨ ਨਰਿੰਦਰ ਲਾਲੀ, ਅਸ਼ਵਨੀ ਬੱਤਾ, ਗੇਜਾ ਰਾਮ, ਨਗਰ ਪੰਚਾਇਤ ਪ੍ਰਧਾਨ ਨਰਭਿੰਦਰ ਸਿੰਘ ਭਿੰਦਾ, ਹਰਦੀਪ ਸਿੰਘ ਲਾਡਾ, ਰੌਸ਼ਨ ਸਿੰਘ ਨਨਹੇੜਾ, ਬਲਜੀਤ ਸਿੰਘ ਗਿੱਲ, ਗੁਰਨਾਮ ਸਿੰਘ ਭੂਰੀਮਾਜਰਾ ਆਦਿ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ