ਨਹੀਂ ਹੋਵੇਗਾ ਪੰਜਾਬ ’ਚ ਮੁੱਖ ਮੰਤਰੀ ਦਾ ਕੋਈ ਚਿਹਰਾ : ਸੁਨੀਲ ਜਾਖੜ, ਬਰਾਤ ਦੀ ਤਿਆਰੀ ਹੋ ਰਹੀ ਐ ਲਾੜਾ ਵੀ ਜਰੂਰੀ : ਸਿੱਧੂ

ਮੁੱਖ ਮੰਤਰੀ ਦੇ ਚਿਹਰੇ ਦੀ ਮੰਗ ’ਤੇ ਜਾਖੜ ਤੇ ਸਿੱਧੂ ਆਹਮੋ ਸਾਹਮਣੇ

  • ਨਵਜੋਤ ਸਿੱਧੂ ਨੇ ਬੁੱਧਵਾਰ ਨੂੰ ਹੀ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰਨ ਸਬੰਧੀ ਦਿੱਤਾ ਬਿਆਨ
  • ਇੱਕ ਵਾਰੀ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਗਿਆ ਸੀ ਹਰ ਵਾਰੀ ਨਹੀਂ ਐਲਾਨਿਆ ਜਾ ਸਕਦਾ : ਜਾਖੜ

(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਹੀ ਪਾਰਟੀ ਦੇ ਵੱਡੇ ਲੀਡਰ ਆਹਮੋ-ਸਾਹਮਣੇ ਹੁੰਦੇ ਨਜ਼ਰ ਆ ਰਹੇ ਹਨ। ਨਵਜੋਤ ਸਿੱਧੂ ਵੱਲੋਂ ਮੰਗ ਕਰ ਦਿੱਤੀ ਗਈ ਹੈ ਕਿ ਪੰਜਾਬ ਵਿੱਚ ਮੁੱਖ ਮੰਤਰੀ ਹੋਣਾ ਚਾਹੀਦਾ ਹੈ, ਕਿਉਂਕਿ 2017 ਵਿੱਚ ਆਮ ਆਦਮੀ ਪਾਰਟੀ ਨੂੰ ਨੁਕਸਾਨ ਹੀ ਇਹੋ ਹੋਇਆ ਸੀ ਕਿ ਉਨ੍ਹਾਂ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਨਹੀਂ ਗਿਆ ਸੀ ਅਤੇ ਉਹ ਖ਼ਤਮ ਹੋ ਗਏ ਸਨ।

ਸਿੱਧੂ ਦਾ ਕਹਿਣਾ ਹੈ ਕਿ ਪਹਿਲਾਂ ਮੈ ਕਹਿੰਦਾ ਸੀ ਕਿ ਆਮ ਆਦਮੀ ਪਾਰਟੀ ਦੀ ਬਰਾਤ ਤੁਰਦੀ ਫਿਰਦੀ ਐ ਪਰ ਲਾੜਾ ਨਹੀਂ ਸੀ ਅਤੇ ਉਹ ਖ਼ੁਦ ਪੁੱਛਦੇ ਹੁੰਦੇ ਸਨ ਕਿ ਆਪ ਦਾ ਲਾੜਾ ਕਿੱਥੇ ਹੈ ਤਾਂ ਹੁਣ ਉਹ ਲੋਕ ਸਾਨੂੰ ਪੁੱਛਣਗੇ ਕਿ ਕਾਂਗਰਸ ਦਾ ਲਾੜਾ ਕਿੱਥੇ ਹੈ, ਇਸ ਲਈ ਜਲਦ ਫੈਸਲਾ ਕੀਤਾ ਜਾਣਾ ਚਾਹੀਦਾ ਹੈ।

ਨਵਜੋਤ ਸਿੱਧੂ ਦੇ ਇਸ ਬਿਆਨ ਤੋਂ ਸਾਫ਼ ਹੁੰਦਾ ਨਜ਼ਰ ਆ ਰਿਹਾ ਹੈ ਕਿ ਉਹ ਮੁੱਖ ਮੰਤਰੀ ਦੇ ਚਿਹਰੇ ਨਾਲ ਹੀ ਚੋਣਾਂ ਵਿੱਚ ਉੱਤਰਨਾ ਚਾਹੁੰਦੇ ਹਨ। ਨਵਜੋਤ ਸਿੱਧੂ ਦੇ ਇਸ ਬਿਆਨ ਤੋਂ ਕੁਝ ਘੰਟੇ ਬਾਅਦ ਹੀ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ ਨੇ ਸਪੱਸ਼ਟ ਕਰਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਦਾ ਹਮੇਸ਼ਾ ਕਲਚਰ ਰਿਹਾ ਹੈ ਕਿ ਉਹ ਮੁੱਖ ਮੰਤਰੀ ਦਾ ਚਿਹਰਾ ਨਹੀਂ ਐਲਾਨਦੀ। ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਪਹਿਲੀ ਵਾਰ 2017 ਵਿੱਚ ਮੁੱਖ ਮੰਤਰੀ ਦੇ ਚਿਹਰੇ ਦੇ ਤੌਰ ’ਤੇ ਅਮਰਿੰਦਰ ਸਿੰਘ ਦਾ ਐਲਾਨ ਹੋਇਆ ਸੀ ਅਤੇ ਉਹ ਤੋਂ ਪਹਿਲਾਂ ਕਦੇ ਇੰਝ ਨਹੀਂ ਹੋਇਆ ਹੈ ਅਤੇ ਇਸ ਵਾਰ ਵੀ ਨਹੀਂ ਹੋਏਗਾ।

ਸੁਨੀਲ ਜਾਖੜ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਇਸ ਸਬੰਧੀ ਫੈਸਲਾ ਕਰ ਲਿਆ ਗਿਆ ਹੈ ਕਿ ਸਾਂਝੇ ਤੌਰ ’ਤੇ ਹੀ ਚੋਣ ਲੜੀ ਜਾਵੇਗੀ ਅਤੇ ਇਸ ਵਾਰ ਕੋਈ ਵੀ ਚਿਹਰਾ ਨਹੀਂ ਹੋਵੇਗਾ। ਇਸ ਲਈ ਪੰਜਾਬ ਵਿੱਚ ਪਹਿਲਾਂ ਵਿਧਾਇਕ ਚੁਣੇ ਜਾਣਗੇ ਅਤੇ ਉਨ੍ਹਾਂ ਵਿਧਾਇਕਾਂ ਵੱਲੋਂ ਹੀ ਮੀਟਿੰਗ ਕਰਦੇ ਹੋਏ ਆਪਣੇ ਲੀਡਰ ਦੀ ਚੋਣ ਕੀਤੀ ਜਾਵੇਗੀ।

ਸੁਨੀਲ ਜਾਖੜ ਦੇ ਇਸ ਸਪੱਸ਼ਟੀਕਰਨ ਤੋਂ ਸਾਫ਼ ਹੋ ਗਿਆ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਵੀ ਵਿਵਾਦ ਹੋ ਸਕਦਾ ਹੈ, ਕਿਉਂਕਿ ਹਰ ਲੀਡਰ ਆਪਣਾ ਹੀ ਬਿਆਨ ਦੇ ਰਿਹਾ ਹੈ ਅਤੇ ਹਰ ਪਾਸੇ ਤੋਂ ਬਿਆਨਬਾਜ਼ੀ ਇੱਕੋ ਜਿਹੀ ਹੋਣ ਦੀ ਥਾਂ ’ਤੇ ਵੱਖੋ ਵੱਖਰੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ