ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ‘ਟਰੈਫਿਕ ਹਾਕਸ’ ਐਪ ਲਾਂਚ

Traffic Hawks App
ਲੁਧਿਆਣਾ ਵਿਖੇ ‘ਟਰੈਫਿਕ ਹਾਕਸ’ ਐਪ ਲਾਂਚ- ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ।

ਲੁਧਿਆਣਾ ਕਮਿਸ਼ਨਰੇਟ ਪੁਲਿਸ ਦਾ ਲੋਕਾਂ ਅਤੇ ਪੁਲਿਸ ਦਰਮਿਆਨ ਫਾਸਲਾ ਖ਼ਤਮ ਕਰਨ ਲਈ ਨਿਵੇਕਲਾ ਉਪਰਾਲਾ 

(ਜਸਵੀਰ ਸਿੰਘ ਗਹਿਲ) ਲੁਧਿਆਣਾ। ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਮੰਗਲਵਾਰ ਨੂੰ ਲੁਧਿਆਣਾ ਕਮਿਸ਼ਨਰੇਟ ਪੁਲਿਸ ਦੀ ‘ਟਰੈਫਿਕ ਹਾਕਸ’ ਮੋਬਾਈਲ ਐਪਲੀਕੇਸ਼ਨ ਲਾਂਚ ਕੀਤੀ, ਜੋ ਲੋਕਾਂ ਅਤੇ ਪੁਲਿਸ ਦਰਮਿਆਨ ਪਾੜੇ ਨੂੰ ਪੂਰਨ, ਟਰੈਫਿਕ ਸਬੰਧੀ ਸ਼ਿਕਾਇਤਾਂ ਅਤੇ ਉਹਨਾਂ ਦੇ ਨਿਪਟਾਰੇ ਲਈ ਇੱਕ ਸੁਖਾਲੇ ਢੰਗ ਨਾਲ ਵਰਤਣਯੋਗ ਮਾਡਿਊਲ ਪੇਸ਼ ਕਰਦੀ ਹੈ। (Traffic Hawks App)

ਐਪ ਜਾਰੀ ਕਰਦਿਆਂ ਮੁੱਖ ਮੰਤਰੀ ਨੇ ਇਸ ਨੂੰ ਲੁਧਿਆਣਾ ਟਰੈਫਿਕ ਪੁਲਿਸ ਦੀ ਇੱਕ ਵੱਡੀ ਨਾਗਰਿਕ ਕੇਂਦਰਿਤ ਪਹਿਲ ਦੱਸਦਿਆਂ ਕਿਹਾ ਕਿ ਕੋਈ ਵੀ ਵਿਅਕਤੀ ਇਸ ਐਪ ਨੂੰ ਆਪਣੇ ਮੋਬਾਈਲ ਫ਼ੋਨ ’ਤੇ ਡਾਊਨਲੋਡ ਕਰਕੇ ਆਪਣੇ ਈਮੇਲ ਜਾਂ ਫ਼ੋਨ ਨੰਬਰ ਰਾਹੀਂ ਲਾਗਇਨ ਕਰ ਸਕਦਾ ਹੈ। ਐਪ ਦੀਆਂ ਮੁੱਖ ਵਿਸ਼ੇਸ਼ਤਾਵਾਂ ਗਿਣਾਉਂਦਿਆਂ, ਮੁੱਖ ਮੰਤਰੀ ਨੇ ਕਿਹਾ ਕਿ ਉਪਭੋਗਤਾ ਕਿਸੇ ਵੀ ਕਿਸਮ ਦੀ ਟਰੈਫਿਕ ਉਲੰਘਣਾ ਨਾਲ ਸਬੰਧਿਤ ਵੀਡੀਓ ਅਤੇ ਸਬੂਤ ਪ੍ਰਦਾਨ ਕਰਕੇ ਟਰੈਫਿਕ ਉਲੰਘਣਾ (Traffic Hawks App) ਦੀ ਰਿਪੋਰਟ ਦਰਜ ਕਰਵਾ ਸਕਦਾ ਹੈ। ਉਨ੍ਹਾਂ ਕਿਹਾ ਕਿ ਐਪਲੀਕੇਸ਼ਨ ਵਿੱਚ ਖਿੱਚੀਆਂ ਗਈਆਂ ਤਸਵੀਰਾਂ ਮੁਤਾਬਿਕ ਉਪਭੋਗਤਾ ਦੇ ਜੀ.ਪੀ.ਐਸ. ਕੋਆਰਡੀਨੇਟਸ ਨੂੰ ਆਪਣੇ ਆਪ ਸਬੰਧਤ ਅਧਿਕਾਰੀਆਂ ਤੱਕ ਭੇਜ ਦੇਵੇਗੀ ਤਾਂ ਜੋ ਸ਼ਿਕਾਇਤਕਰਤਾ ਦੇ ਅਸਲ ਸਥਾਨ ਨੂੰ ਟਰੈਕ ਕੀਤਾ ਜਾ ਸਕੇ।

ਭਗਵੰਤ ਮਾਨ ਨੇ ਕਿਹਾ ਕਿ ਇਸ ਐਪ ਵਿੱਚ ਉਪਭੋਗਤਾ ਰੋਸ ਮੁਜ਼ਾਹਰੇ, ਸੜਕ ਬਣਾਉਣ ਕਾਰਨ, ਸੜਕ ਦੀ ਮੁਰੰਮਤ ਅਤੇ ਹੋਰਾਂ ਕਾਰਨਾਂ ਕਰਕੇ ਟਰੈਫਿਕ ਜਾਮ ਵਰਗੀਆਂ ਸਾਰੀਆਂ ਘਟਨਾਵਾਂ ਨੂੰ ਦੇਖ ਸਕਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਕੋਈ ਉਪਭੋਗਤਾ ਹਾਦਸਾ ਹੋਣ ਸਬੰਧੀ ਜਾਂ ਟਰੈਫਿਕ ਜਾਮ ਸਬੰਧੀ ਆਪਸ਼ਨ ਚੁਣਦਾ ਹੈ ਅਤੇ ਸਬੰਧਤ ਘਟਨਾ ਦੇ ਵੇਰਵੇ ਪ੍ਰਦਾਨ ਕਰਦਾ ਹੈ ਤਾਂ ਐਪਲੀਕੇਸ਼ਨ ਆਪਣੇ ਆਪ ਸਬੰਧਿਤ ਸਥਾਨ ਦੀ ਜੀ.ਪੀ. ਐਸ. ਕੋਆਰਡੀਨੇਟਸ ਅਧਿਕਾਰੀਆਂ ਨੂੰ ਭੇਜ ਦੇਵੇਗੀ।

ਐਪ ’ਚ ਟਰੈਫਿਕ ਅਪਰਾਧਾਂ ਦੀ ਸੂਚੀ ਤਹਿਤ ਉਪਭੋਗਤਾਵਾਂ ਨੂੰ ਉਲੰਘਣਾਵਾਂ ਅਤੇ ਸਬੰਧਤ ਜੁਰਮਾਨਿਆਂ ਬਾਰੇ ਵੀ ਜਾਗਰੂਕ ਕੀਤਾ ਜਾ ਸਕੇਗਾ (Traffic Hawks App)

ਉਨ੍ਹਾਂ ਕਿਹਾ ਕਿ ਹੋਰ ਟੈਬਸ ’ਤੇ ਉਪਭੋਗਤਾ ਆਪਣੇ ਸਥਾਨ ਅਨੁਸਾਰ ਨਕਸ਼ੇ ’ਤੇ ਨਜ਼ਦੀਕੀ ਅਧਿਕਾਰੀ ਨੂੰ ਵੀ ਦੇਖ ਸਕਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਮੱਦਦ ਲਈ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ। ਭਗਵੰਤ ਮਾਨ ਨੇ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਇਸ ਮਾਡਿਊਲ ਵਿੱਚ ਚਲਾਨ ਭਰਨ ਦੇ ਵੱਖ-ਵੱਖ ਤਰੀਕਿਆਂ ਦੀ ਵੀ ਬਾਰੀਕੀ ਨਾਲ ਵਿਆਖਿਆ ਕੀਤੀ ਗਈ ਹੈ। ਇੰਨਾਂ ਹੀ ਨਹੀਂ ਇਸ ਐਪ ’ਚ ਟਰੈਫਿਕ ਅਪਰਾਧਾਂ ਦੀ ਸੂਚੀ ਤਹਿਤ ਉਪਭੋਗਤਾਵਾਂ ਨੂੰ ਉਲੰਘਣਾਵਾਂ ਅਤੇ ਸਬੰਧਤ ਜੁਰਮਾਨਿਆਂ ਬਾਰੇ ਵੀ ਜਾਗਰੂਕ ਕੀਤਾ ਜਾ ਸਕੇਗਾ। ਉਹਨਾਂ ਇਹ ਵੀ ਕਿਹਾ ਕਿ ਇੱਕ ਫਾਰਮ ਜਿੱਥੇ ਉਪਭੋਗਤਾ/ਜਨਤਾ ਪੁਲਿਸ ਨੂੰ ਖੁੱਲ੍ਹੇ ਸੁਝਾਅ ਦੇ ਸਕਦਾ ਹੈ ਵੀ ਇਸ ਐਪ ’ਤੇ ਉਪਲਬਧ ਹੈ।