ਕੈਪਟਨ ਵੱਲੋਂ ਕਾਂਗਰਸੀਆਂ ਨੂੰ ਦਿੱਤੀਆਂ ਧਮਕੀਆਂ ਘਬਰਾਹਟ ਦਾ ਸੰਕੇਤ: ਸੁਖਬੀਰ

ਕਿਹਾ ਕਿ ਕੈਪਟਨ ਕਾਂਗਰਸ ਦੀ ਚੋਣਾਂ ਵਾਸਤੇ ਜੁਆਬਦੇਹੀ ਦੀ ਸ਼ੁਰੂਆਤ ਪਟਿਆਲਾ ਹਲਕੇ ਤੋਂ ਕਰੇ

ਫਾਜ਼ਿਲਕਾ/ਬੱਲੂਆਣਾ (ਰਜਨੀਸ਼ ਰਵੀ ) | ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਉਹ ਪਟਿਆਲਾ ਹਲਕੇ ਤੋਂ ਕਾਂਗਰਸ ਦੁਆਰਾ ਨਮੋਸ਼ੀਜਨਕ ਹਾਰ ਦਾ ਸਾਹਮਣਾ ਕਰਨ ਦੀ ਸੂਰਤ ਵਿੱਚ ਬਤੌਰ ਮੁੱਖ ਮੰਤਰੀ ਕੁਰਸੀ ਛੱਡਣ ਦਾ ਵਾਅਦਾ ਕਰਕੇ ਸਿਆਸੀ ਜੁਆਬਦੇਹੀ ਦੀ ਸ਼ੁਰੂਆਤ ਆਪਣੇ ਘਰ ਤੋਂ ਕਿਉਂ ਨਹੀਂ ਕਰਦੇ ਅੱਜ ਇੱਥੇ ਲੋਕ ਸਭਾ ਚੋਣਾਂ ਵਾਸਤੇ ਪ੍ਰਚਾਰ ਦੇ ਤੀਜੇ ਦਿਨ ਦੇ ਦੌਰੇ ਮੌਕੇ ਸੁਖਬੀਰ ਸਿੰਘ ਬਾਦਲ ਨੇ ਜਨਤਕ ਰੈਲੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੈਪਟਨ ਵੱਲੋਂ ਆਪਣੀ ਪਾਰਟੀ ਦੇ ਸਾਥੀਆਂ ਨੂੰ ਦਿੱਤੀਆਂ ਧਮਕੀਆਂ ਉਸ ਨੂੰ ਇੱਕ ਡਰਪੋਕ ਜਰਨੈਲ ਸਿੱਧ ਕਰਦੀਆਂ ਹਨ, ਜੋ ਖੁਦ ਤਾਂ ਸੁਰੱਖਿਅਤ ਹੋ ਕੇ ਘਰ ਬੈਠਾ ਹੈ ਤੇ ਆਪਣੇ ਸਿਪਾਹੀਆਂ ਨੂੰ ਦੁਸ਼ਮਣਾਂ ਦੀਆਂ ਗੋਲੀਆਂ ਦਾ ਸਾਹਮਣਾ ਕਰਨ ਲਈ ਕਹਿ ਰਿਹਾ ਹੈ ਇੰਨਾ ਹੀ ਨਹੀਂ ਉਹ ਖਾਲੀ ਹੱਥ ਵਾਪਸ ਆਉੁਣ ‘ਤੇ ਗੋਲੀ ਮਾਰਨ ਦੀ ਧਮਕੀ ਵੀ ਦੇ ਰਿਹਾ ਹੈ
ਉਨ੍ਹਾਂ ਕਿਹਾ ਕਿ ਬਹਾਦਰ ਤੇ ਅਣਖੀ ਜਰਨੈਲ ਹਮੇਸ਼ਾ ਮੈਦਾਨ ‘ਚ ਜਾ ਕੇ ਅਗਵਾਈ ਕਰਦੇ ਹਨ ਤੇ ਆਪਣੀ ਜ਼ਿੰਮੇਵਾਰੀ ਜੂਨੀਅਰਾਂ ਦੇ ਸਿਰ ‘ਤੇ ਨਹੀਂ ਸੁੱਟਦੇ
ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਪੰਜਾਬ ਅੰਦਰ ਇਤਿਹਾਸ ਦੀ ਸਭ ਤੋਂ ਨਮੋਸ਼ੀਜਨਕ ਹਾਰ ਦਾ ਸਾਹਮਣਾ ਕਰਨ ਜਾ ਰਹੀ ਹੈ ਕੈਪਟਨ ਵੱਲੋਂ ਆਪਣੀ ਸਿਆਸੀ ਪਾਰਟੀ ਦੇ ਮੈਂਬਰਾਂ ਨੂੰ ਦਿੱਤੀਆਂ ਜਾ ਰਹੀਆਂ ਧਮਕੀਆਂ, ਅਕਾਲੀਆਂ ਦੇ ਤੇਜ਼ੀ ਨਾਲ ਹੋਏ ਦੁਬਾਰਾ ਉਭਾਰ ਸਦਕਾ ਕਾਂਗਰਸ ਖੇਮੇ ਅੰਦਰ ਫੈਲੀ ਘਬਰਾਹਟ ਵੱਲ ਇਸ਼ਾਰਾ ਕਰਦੀਆਂ ਹਨ ਉਹਨਾਂ ਕਿਹਾ ਕਿ ਕੈਪਟਨ ਨੇ ਕਾਂਗਰਸੀਆਂ ਨੂੰ ਸਿਰਫ ਦੋ ਵਿਕਲਪ ਦਿੱਤੇ ਹਨ ਜਾਂ ਤਾਂ ਅਕਾਲੀ ਹੱਥੋਂ ਮਰੋ ਜਾਂ ਫਿਰ ਕੈਪਟਨ ਹੱਥੋਂ
ਬਾਦਲ ਨੇ ਕਿਹਾ ਕਿ ਇਹ ਘਬਰਾਹਟ ਇਸ ਕਰਕੇ ਹੈ, ਕਿਉਂਕਿ ਅਮਰਿੰਦਰ ਨੇ ਆਪਣੇ ਖ਼ਿਲਾਫ ਲੋਕਾਂ ਅੰਦਰ ਪਨਪੇ ਗੁੱਸੇ ਨੂੰ ਮਹਿਸੂਸ ਕਰ ਲਿਆ ਹੈ, ਜਿਨ੍ਹਾਂ ਨਾਲ ਉਹ ਮੁਕੰਮਲ ਕਿਸਾਨ ਕਰਜ਼ਾ ਮੁਆਫੀ, ਘਰ ਘਰ ਨੌਕਰੀ, 2500 ਰੁਪਏ ਬੇਰੁਜ਼ਗਾਰੀ ਭੱਤਾ ਅਤੇ 51 ਹਜ਼ਾਰ ਰੁਪਏ ਸ਼ਗਨ ਸਕੀਮ ਦੇ ਵਾਅਦੇ ਕਰਕੇ ਮੁਕਰ ਚੁੱਕਿਆ ਹੈ
ਬਾਦਲ ਨੇ ਕਿਹਾ ਕਿ ਇਸੇ ਤਰ੍ਹਾਂ ਬਠਿੰਡਾ ਤੋਂ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਵੱਲੋਂ ਪਾਏ ਜਾ ਰਹੇ ਰੌਲੇ ਵਿਚੋਂ ਇਹ ਘਬਰਾਹਟ ਸਾਫ ਨਜ਼ਰ ਆਉਂਦੀ ਹੈ, ਜਿਸ ਨੇ ਦੁਖੀ ਹੋ ਕੇ ਕਿਹਾ ਸੀ ਕਿ ਸੂਬੇ ਦਾ ਪ੍ਰਸਾਸ਼ਨ ਅਜੇ ਵੀ ਅਕਾਲੀਆਂ ਦੀ ਗੱਲ ਸੁਣਦਾ ਹੈ ਇਹ ਬਿਆਨ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਸੂਬੇ ਦੇ ਪ੍ਰਸ਼ਾਸਨ ਉੱਤੇ ਮੌਜੂਦਾ ਹਾਕਮਾਂ ਦੀ ਕੋਈ ਪਕੜ ਨਹੀਂ ਹੈ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਅਮਰਿੰਦਰ ਨੂੰ ਸੂਬੇ ਦੇ ਸਭ ਤੋਂ ਮਾੜੇ ਮੁੱਖ ਮੰਤਰੀ ਵਜੋਂ ਯਾਦ ਕੀਤਾ ਜਾਵੇਗਾ, ਜਿਸ ਦੀ ਪ੍ਰਸ਼ਾਸਨ ਚਲਾਉਣ ਦੀ ਹੀ ਕੋਈ ਇੱਛਾ ਨਹੀਂ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।