ਅਮਰਿੰਦਰ ਨੇ ਦਿੱਤਾ ਲੀਡਰਾਂ ਨੂੰ ਦੁਪਹਿਰ ਦਾ ਖਾਣਾ

ਹਰ ਵਿਧਾਇਕ ਤੇ ਕਾਂਗਰਸੀ ਆਗੂ ਨੇ ਆਪਣੇ-ਆਪਣੇ ਇਲਾਕਿਆਂ ਬਾਰੇ ਕੀਤੀ ਚਰਚਾ

ਅਸ਼ਵਨੀ ਚਾਵਲਾ, ਚੰਡੀਗੜ੍ਹ। ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਪੰਜਾਬ ਦੇ 35 ਦੇ ਕਰੀਬ ਕਾਂਗਰਸੀ ਲੀਡਰਾਂ ਨੂੰ ਚੰਡੀਗੜ੍ਹ ਵਿਖੇ ਦੁਪਹਿਰ ਦਾ ਖਾਣਾ ਦਿੱਤਾ ਗਿਆ। ਇਸ ਦੁਪਹਿਰ ਦੇ ਖਾਣੇ ਵਿੱਚ 6 ਮੰਤਰੀਆਂ ਸਣੇ 1 ਸੰਸਦ ਮੈਂਬਰ ਅਤੇ ਕਈ ਵਿਧਾਇਕ ਵੀ ਸ਼ਾਮਲ ਸਨ। ਇਸ ਖਾਣੇ ਦੀ ਖ਼ਾਸ ਗਲ ਇਹ ਹੈ ਕਿ ਇਹ ਪ੍ਰੋਗਰਾਮ ਹਿੰਦੂ ਅਤੇ ਸ਼ਹਿਰੀ ਲੀਡਰਾਂ ਲਈ ਹੀ ਸੀ। ਜਿਸ ਕਾਰਨ ਸ਼ਹਿਰੀ ਇਲਾਕੇ ਵਿੱਚ ਰਹਿੰਦੇ ਵਿਧਾਇਕਾਂ ਅਤੇ ਮੰਤਰੀਆਂ ਸਣੇ ਬੋਰਡ ਤੇ ਕਾਰਪੋਰੇਸ਼ਨ ਦੇ ਚੇਅਰਮੈਨ ਨੂੰ ਹੀ ਸੱਦਿਆ ਗਿਆ ਸੀ। ਇਸ ਮੀਟਿੰਗ ਵਿੱਚ ਮਨਪ੍ਰੀਤ ਬਾਦਲ ਅਤੇ ਲਾਲ ਸਿੰਘ ਨੂੰ ਵੀ ਮੌਜੂਦ ਰਹਿਣ ਲਈ ਕਿਹਾ ਗਿਆ ਸੀ ਕਿਉਂਕਿ ਵਿਕਾਸ ਦੇ ਮੁੱਦੇ ’ਤੇ ਫੰਡ ਸਬੰਧੀ ਗੱਲਬਾਤ ਮਨਪ੍ਰੀਤ ਬਾਦਲ ਨੇ ਕਰਨੀ ਸੀ ਤਾਂ ਸ਼ਹਿਰੀ ਇਲਾਕੇ ਨਾਲ ਜੁੜੀ ਹੋਈ ਪੇਂਡੂ ਸੜਕਾਂ ਬਾਰੇ ਗੱਲਬਾਤ ਲਾਲ ਸਿੰਘ ਨੇ ਕਰਨੀ ਸੀ। ਇਸੇ ਕਰਕੇ ਇਹ ਦੋਹੇ ਲੀਡਰ ਵੀ ਇਸ ਮੀਟਿੰਗ ਵਿੱਚ ਸ਼ਾਮਲ ਸਨ।

ਅਮਰਿੰਦਰ ਸਿੰਘ ਵਲੋਂ ਸੱਦੇ ਗਏ ਦੁਪਹਿਰ ਦੇ ਖਾਣੇ ’ਤੇ ਮੰਤਰੀ ਬ੍ਰਹਮ ਮਹਿੰਦਰਾ, ਰਾਣਾ ਗੁਰਮੀਤ ਸੋਢੀ, ਓ.ਪੀ. ਸੋਨੀ, ਵਿਜੈ ਇੰਦਰ ਸਿੰਗਲਾ, ਸ਼ਾਮ ਸੁੰਦਰ ਅਰੋੜਾ ਅਤੇ ਭਾਰਤ ਭੂਸ਼ਨ ਆਸ਼ੂ ਸ਼ਾਮਲ ਸਨ, ਜਦੋਂ ਕਿ ਸੰਸਦ ਮੈਂਬਰਾਂ ਵਿੱਚੋਂ ਸਿਰਫ਼ ਮਨੀਸ਼ ਤਿਵਾੜੀ ਨੂੰ ਹੀ ਸੱਦਿਆ ਗਿਆ ਸੀ, ਇਥੇ ਹੀ ਵਿਧਾਇਕਾਂ ਵਿੱਚ ਰਾਜ ਕੁਮਾਰ ਚੱਬੇਵਾਲ, ਰਾਜ ਕੁਮਾਰ ਵੇਰਕਾ, ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਤੋਂ ਇਲਾਵਾ ਬੋਰਡ ਅਤੇ ਕਾਰਪੋਰੇਸ਼ਨਾਂ ਦੇ ਚੇਅਰਮੈਨ ਮੌਜੂਦ ਸਨ।

ਖਾਣੇ ਦੀ ਮੀਟਿੰਗ ਤੋਂ ਬਾਅਦ ਰਾਜ ਕੁਮਾਰ ਵੇਰਕਾ ਨੇ ਦੱਸਿਆ ਕਿ ਮੁੱਖ ਮੰਤਰੀ ਵਲੋਂ ਸ਼ਹਿਰੀ ਲੀਡਰਾਂ ਨੂੰ ਸੱਦਿਆ ਗਿਆ ਸੀ ਅਤੇ ਉਨ੍ਹਾਂ ਨਾਲ ਵਿਕਾਸ ਸਬੰਧੀ ਚਰਚਾ ਕੀਤੀ ਗਈ ਹੈ। ਹਰ ਵਿਧਾਇਕ ਅਤੇ ਕਾਂਗਰਸੀ ਲੀਡਰ ਆਪਣੇ ਆਪਣੇ ਇਲਾਕੇ ਬਾਰੇ ਗੱਲਬਾਤ ਕੀਤੀ ਹੈ। ਮੁੱਖ ਮੰਤਰੀ ਵਲੋਂ ਵਿਕਾਸ ਦੇ ਮਾਮਲੇ ‘ਚ ਮੌਕੇ ’ਤੇ ਹੀ ਸ਼ਹਿਰੀ ਵਿਭਾਗ ਦੇ ਮੰਤਰੀ ਬ੍ਰਹਮ ਮਹਿੰਦਰਾਂ ਅਤੇ ਖਜਾਨਾ ਮੰਤਰੀ ਮਨਪ੍ਰੀਤ ਬਾਦਲ ਨੂੰ ਆਦੇਸ਼ ਵੀ ਦਿੱਤੇ ਕਿ ਜਿਹੜੇ ਮੁੱਦੇ ਇਥੇ ਆਏ ਹਨ, ਉਨ੍ਹਾਂ ਦਾ ਹਲ਼ ਕੀਤਾ ਜਾਵੇ। ਰਾਜ ਕੁਮਾਰ ਵੇਰਕਾ ਨੇ ਇਥੇ ਦੱਸਿਆ ਕਿ ਅਮਰਿੰਦਰ ਸਿੰਘ ਜਲਦ ਹੀ ਦਿੱਲੀ ਵੀ ਜਾ ਰਹੇ ਹਨ ਅਤੇ ਜਿਥੇ ਕਿ ਉਨ੍ਹਾਂ ਦੀ ਕਾਂਗਰਸ ਹਾਈ ਕਮਾਨ ਨਾਲ ਮੀਟਿੰਗ ਹੋਏਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।