ਸੱਤ ਸਾਲਾ ਮਨਾਨ ਦੇ ਇਨਸਾਫ਼ ਲਈ ਮੋਤੀ ਮਹਿਲਾ ਨੇੜੇ ਕੈਂਡਲ ਮਾਰਚ

Candle March near pearl lady for justice for seven years Manan

ਮੋਤੀ ਮਹਿਲਾਂ ‘ਚੋਂ ਕੋਈ ਆਗੂ ਜਾਂ ਅਧਿਕਾਰੀ ਹਾਂਅ ਦਾ ਨਾਅਰਾ ਮਾਰਨ ਨਾ ਪੁੱਜਾ, ਲੋਕਾਂ ‘ਚ ਰੋਸ

ਪਟਿਆਲਾ । ਸੱਤ ਸਾਲਾ ਮਨਾਨ ਮਲਿਕ ਵਾਸੀ ਘਨੌਰ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਦੀ ਮੰਗ ਨੂੰ ਲੈ ਕੇ ਅੱਜ ਉਸ ਦੇ ਮਾਪਿਆਂ ਤੇ ਵੱਡੀ ਗਿਣਤੀ ਇਨਸਾਫ਼ ਪਸੰਦ ਲੋਕਾਂ ਵੱਲੋਂ ਸ਼ਾਮ ਨੂੰ ਮੁੱਖ ਮੰਤਰੀ ਦੇ ਮੋਤੀ ਮਹਿਲਾਂ ਨੇੜੇ ਕੈਂਡਲ ਮਾਰਚ ਕੱਢਿਆ ਗਿਆ। ਇਸ ਦੌਰਾਨ ਸਿਤਮ ਵਾਲੀ ਗੱਲ ਇਹ ਰਹੀ ਕਾਫੀ ਸਮਾਂ ਬੀਤ ਜਾਣ ਦੇ ਬਾਵਜ਼ੂਦ ਮੋਤੀ ਮਹਿਲਾਂ ‘ਚੋਂ ਕਿਸੇ ਵੀ ਅਧਿਕਾਰੀ ਜਾਂ ਰਾਜਸੀ ਆਗੂ ਨੇ ਉੱਥੇ ਅੱਪੜ ਕੇ ਮਨਾਨ ਮਲਿਕ ਨੂੰ ਇਨਸਾਫ ਦਿਵਾਉਣ ਲਈ ਹਾਂਅ ਦਾ ਨਾਅਰਾ ਨਾ ਮਾਰਿਆ। ਇਸ ਦੌਰਾਨ ਇਨਸਾਫ਼ ਲਈ ਆਏ ਛੋਟੇ-ਛੋਟੇ ਬੱਚੇ ਸਮੇਤ ਹੋਰ ਲੋਕ ਵਾਈਪੀਐੱਸ ਚੌਂਕ ‘ਤੇ ਹੀ ਰੋਸ ਵਜੋਂ ਧਰਨੇ ‘ਤੇ ਬੈਠ ਗਏ। ਉਂਜ ਇਸ ਕੈਂਡਲ ਮਾਰਚ ਵਿੱਚ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ, ਆਪ ਦੇ ਆਗੂ ਡਾ. ਬਲਬੀਰ ਸਿੰਘ ਖੁਦ ਪੁੱਜ ਕੇ ਪਰਿਵਾਰ ਨਾਲ ਖੜ੍ਹੇ।
ਦੱਸਣਯੋਗ ਹੈ ਕਿ ਹਲਕਾ ਘਨੌਰ ਤੋਂ ਵਿਧਾਇਕ ਮਦਨ ਲਾਲ ਜਲਾਲੁਪਰ ਦੇ ਪੁੱਤਰ ਦੇ ਵਿਆਹ ਦੀ ਪਾਰਟੀ ਦੌਰਾਨ ਘਨੌਰ ਵਾਸੀ ਸੱਤ ਸਾਲਾ ਮਨਾਨ ਮਲਿਕ ਪੁੱਤਰ ਸੋਹਿਲ ਖਾਨ ਲਾਪਤਾ ਹੋ ਗਿਆ ਸੀ। ਇਸ ਦੌਰਾਨ ਪਰਿਵਾਰ ਵੱਲੋਂ ਉਸ ਦੀ ਕਾਫੀ ਭਾਲ ਕੀਤੀ ਗਈ, ਪਰ ਉਸ ਦਾ ਪਤਾ ਨਾ ਲੱਗ ਸਕਿਆ। ਇਸ ਦੌਰਾਨ ਪੁਲਿਸ ਵੱਲੋਂ ਅਣਪਛਾਤਿਆਂ ਖਿਲਾਫ਼ ਅਗਵਾ ਦਾ ਮਾਮਲਾ ਦਰਜ ਕੀਤਾ ਗਿਆ ਸੀ। ਇੱਧਰ 21 ਦਸੰਬਰ ਨੂੰ ਮਨਾਨ ਮਲਿਕ ਦੀ ਘਨੌਰ ਨੇੜਿਓਂ ਹੀ ਲਾਸ਼ ਬਰਾਮਦ ਹੋਈ। ਇਸ ਤੋਂ ਬਾਅਦ ਪੁਲਿਸ ਵੱਲੋਂ ਅਣਪਛਾਤਿਆਂ ਖਿਲਾਫ਼ ਕਤਲ ਦਾ ਮਾਮਲਾ ਦਰਜ਼ ਕਰ ਲਿਆ ਗਿਆ।

ਕਾਫੀ ਦਿਨ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਦੇ ਹੱਥ ਮਨਾਨ ਮਲਿਕ ਦੇ ਕਾਤਲਾਂ ਤੋਂ ਖਾਲੀ ਹਨ। ਇਸ ਸਬੰਧੀ ਅੱਜ ਘਨੌਰ ਤੋਂ ਵੱਡੀ ਗਿਣਤੀ ਇਨਸਾਫ਼ ਪਸੰਦ ਲੋਕ ਵੱਲੋਂ ਮਨਾਨ ਮਲਿਕ ਨੂੰ ਇਨਸਾਫ਼ ਦਿਵਾਉਣ ਲਈ ਮੁੱਖ ਮੰਤਰੀ ਦੇ ਮੋਤੀ ਮਹਿਲਾਂ ਨੇੜੇ ਵਾਈਪੀਐੱਸ ਚੌਂਕ ‘ਤੇ ਕੈਂਡਲ ਮਾਰਚ ਕੱਢਿਆ ਗਿਆ। ਬੱਚੇ ਦੇ ਪਿਤਾ ਮਨਾਨ ਮਲਿਕ, ਦਾਦਾ ਸਾਬਕਾ ਜੰਗਲਾਤ ਅਧਿਕਾਰੀ ਨਸੀਰੂਦੀਨ ਸਮੇਤ ਜਸਮੇਰ ਸਿੰਘ ਲਾਸੜੂ, ਜਸਪਾਲ ਸਿੰਘ ਰੁੜਕਾ ਆਦਿ ਨੇ ਦੱਸਿਆ ਕਿ ਲਗਭਗ ਢੇਡ ਘੰਟੇ ਦਾ ਸਮਾਂ ਬੀਤਣ ਦੇ ਬਾਵਜ਼ੂਦ ਵੀ ਮੋਤੀ ਮਹਿਲਾ ‘ਚੋਂ ਕੋਈ ਵੀ ਆਗੂ ਜਾਂ ਅਧਿਕਾਰੀ ਨਹੀਂ ਪੁੱਜਾ ਜਦਕਿ ਇਸ ਕੈਂਡਲ ਮਾਰਚ ਦੀ ਪਹਿਲਾਂ ਹੀ ਜਾਣਕਾਰੀ ਸੀ।

ਇਸ ਮੌਕੇ ਪਹੁੰਚੇ ਲੋਕਾਂ ਨੇ ਇਸ ਦਾ ਗਿਲਾ ਕਰਦਿਆਂ ਚੌਂਕ ‘ਚ ਹੀ ਰੋਸ ਵਜੋਂ ਧਰਨੇ ‘ਤੇ ਬੈਠ ਗਏ ਅਤੇ ਮਨਾਨ ਮਲਿਕ ਦੇ ਕਾਤਲਾਂ ਨੂੰ ਸਜ਼ਾ ਦਿਓ, ਮਨਾਨ ਨੂੰ ਇਨਸਾਫ ਦਿਓ ਦੇ ਬੈਨਰ ਚੁੱਕੇ ਹੋਏ ਸਨ। ਇਸ ਕੈਂਡਲ ਮਾਰਚ ‘ਚ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਤੇ ਆਪ ਆਗੂ ਡਾ. ਬਲਬੀਰ ਸਿੰਘ ਵੱਲੋਂ ਸ਼ਿਕਰਤ ਕੀਤੀ ਤੇ ਮਨਾਨ ਦੇ ਕਾਤਲਾਂ ਨੂੰ ਫੜਨ ਦੀ ਮੰਗ ਕੀਤੀ। ਕਾਫੀ ਦੇਰ ਬਾਅਦ ਡੀਐੱਸਪੀ ਸਿਟੀ 1 ਯੋਗੇਸ਼ ਕੁਮਾਰ ਧਰਨੇ ਵਾਲੀ ਥਾਂ ਪੁੱਜੇ ਤੇ ਉਨ੍ਹਾਂ ਨੇ ਪਰਿਵਾਰ ਤੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਮਨਾਨ ਦੇ ਕਾਤਲਾਂ ਨੂੰ ਨੰਗਾ ਕਰਨ ਲਈ ਪੁਲਿਸ ਵੱਲੋਂ ਹਰ ਕਾਰਵਾਈ ਕੀਤੀ ਜਾਵੇਗੀ ਤੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਭਰੋਸੇ ਤੋਂ ਬਾਅਦ ਘਨੌਰ ਤੋਂ ਪੁੱਜੇ ਲੋਕਾਂ ਵੱਲੋਂ ਆਪਣਾ ਰੋਸ ਧਰਨਾ ਖਤਮ ਕੀਤਾ ਗਿਆ। ਪੁਲਿਸ ਵੱਲੋਂ ਮੋਤੀ ਮਹਿਲਾ ਨੂੰ ਜਾਂਦੇ ਰਸਤੇ ਨੂੰ ਬੈਰੀਕੇਡ ਲਾਕੇ ਬੰਦ ਕੀਤਾ ਹੋਇਆ ਸੀ। ਇਸ ਦੌਰਾਨ ਥਾਣਾ ਮੁਖੀ ਗੁਰਨਾਮ ਸਿੰਘ, ਥਾਣਾ ਮੁਖੀ ਰਾਹੁਲ ਕੌਸ਼ਲ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।