ਲੋਕਤੰਤਰ ’ਚ ਬੱਸ ਕਲਚਰ

ਭਿ੍ਰਸ਼ਟਾਚਾਰ ਤੇ ਅਪਰਾਧਾਂ ਕਾਰਨ ਬਦਨਾਮ ਹੋ ਚੁੱਕੀ ਸਿਆਸਤ ਲਗਾਤਾਰ ਨਿਘਾਰ ਵੱਲ ਜਾ ਰਹੀ ਹੈ। ਲੋਕਤੰਤਰ ਦੁਨੀਆ ਦੀ ਸਭ ਤੋਂ ਹਰਮਨ ਪਿਆਰੀ ਰਾਜਨੀਤਕ ਪ੍ਰਣਾਲੀ ਸੀ ਪਰ ਪੂੰਜੀਵਾਦੀ ਸੱਭਿਆਚਾਰ ਨੇ ਲੋਕਤੰਤਰ ਦੇ ਆਦਰਸ਼ਾਂ ਨੂੰ ਭਾਰੀ ਖੋਰਾ ਲਾਇਆ ਹੈ। ਤਾਜ਼ਾ ਮਿਸਾਲ ਝਾਰਖੰਡ ਦੀ ਹੈ ਜਿੱਥੇ ਲੋਕਤੰਤਰ ਤਮਾਸ਼ਾ ਬਣ ਗਿਆ ਹੈ। ਸੱਤਾਧਾਰੀ ਝਾਰਖੰਡ ਮੁਕਤੀ ਮੋਰਚਾ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਵਿਧਾਨ ਸਭਾ ਮੈਂਬਰਸ਼ਿਪ ਰੱਦ ਹੋਣ ਨਾਲ ਸਰਕਾਰ ’ਤੇ ਸੰਕਟ ਆ ਗਿਆ ਹੈ।

ਸੱਤਾਧਾਰੀ ਪਾਰਟੀ ਆਪਣੇ ਵਿਧਾਇਕਾਂ ਦੀ ਦਲਬਦਲੀ ਰੋਕਣ ਲਈ ਵਿਧਾਇਕ ਨੂੰ ਬੱਸ ’ਚ ਭਜਾਈ ਫਿਰਦੀ ਹੈ। ਇਹੀ ਹਾਲ ਕੁਝ ਮਹੀਨੇ ਪਹਿਲਾਂ ਮਹਾਂਰਾਸ਼ਟਰ ’ਚ ਸੀ ਜਦੋਂ ਸ਼ਿਵ ਸੈਨਾ ਦੇ ਵਿਧਾਇਕਾਂ ਨੂੰ ਅਸਾਮ ਲਿਜਾਇਆ ਗਿਆ। ਹੁਣ ਇਹ ਰੁਟੀਨ ਹੀ ਬਣ ਗਈ ਹੈ ਕਿ ਜਦੋਂ ਸਰਕਾਰ ਨੂੰ ਖ਼ਤਰਾ ਹੋਵੇ ਤਾਂ ਸੱਤਾਧਾਰੀ ਪਾਰਟੀ ਆਪਣੇ ਵਿਧਾਇਕਾਂ ਨੂੰ ਲੁਕੋਂਦੀ ਫਿਰਦੀ ਹੈ ਵਿਚਾਰਾਂ ਦੀ ਜ਼ੋਰਅਜਮਾਈ ਵਾਲਾ ਲੋਕਤੰਤਰ ਹੁਣ ਬੱਸਾਂ ਦੀ ਭੱਜ-ਦੌੜ ਦੀ ਜੰਗ ’ਚ ਤਬਦੀਲ ਹੋ ਗਿਆ ਹੈ। ਅਸਲ ’ਚ ਸਿਆਸੀ ਆਗੂਆਂ ਦੀ ਬੇਪ੍ਰਤੀਤੀ ਦਾ ਹੀ ਇੰਨਾ ਡਰ ਬੈਠ ਗਿਆ ਹੈ ਕਿ ਪਾਰਟੀ ਪ੍ਰਧਾਨ ਜਾਂ ਸੀਨੀਅਰ ਆਗੂ ਨੂੰ ਇਸ ਗੱਲ ਦਾ ਭਰੋਸਾ ਨਹੀਂ ਕਿ ਉਨ੍ਹਾਂ ਦੇ ਵਿਧਾਇਕ ਉਨ੍ਹਾਂ ਨਾਲ ਖੜ੍ਹੇ ਰਹਿਣਗੇ ਕਿ ਨਹੀਂ ਪਾਰਟੀਆਂ ਨੂੰ ਜ਼ਿਆਦਾ ਡਰ ਇਹੀ ਹੁੰਦਾ ਹੈ ਕਿ ਉਹਨਾਂ ਦੇ ਵਿਧਾਇਕ ਕਿਸੇ ਲਾਲਚ ’ਚ ਆ ਕੇ ਪਾਰਟੀ ਨਾ ਛੱਡ ਜਾਣ ਸਿਆਸਤ ਇੰਨੀ ਜ਼ਿਆਦਾ ਕਮਜ਼ੋਰ ਹੋ ਗਈ ਕਿ ਵਿਧਾਇਕਾਂ ਨੂੰ ਕਮਰੇ ’ਚ ਬੰਦ ਕਰਨ ਦੇ ਹਾਲਾਤ ਬਣ ਗਏ ਹਨ। ਅਸਲ ’ਚ ਵਿਧਾਇਕ ਆਦਰਸ਼ ਨਹੀਂ ਕਾਇਮ ਰੱਖ ਸਕੇ। ਵਿਚਾਰਾਂ ਤੇ ਜ਼ੁਬਾਨ ਦੀ ਮਜ਼ਬੂਤੀ ਕਿਧਰੇ ਨਜ਼ਰ ਨਹੀਂ ਆਉਂਦੀ।

ਇਸ ਮਾਮਲੇ ’ਚ ਪਾਰਟੀਆਂ ਵੀ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਬਚ ਸਕਦੀਆਂ ਪਾਰਟੀਆਂ ਦੇ ਸੀਨੀਅਰ ਆਗੂਆਂ ਨੂੰ ਰਾਜਨੀਤੀ ਨੇ ਸਿਰਫ਼ ਸੱਤਾ ਹਾਸਲ ਕਰਨ ਦੀ ਜੁਗਤ ਬਣਾ ਲਿਆ ਹੈ। ਪਾਰਟੀਆਂ ਆਪਣੇ ਆਗੂਆਂ ’ਚ ਰਾਜਨੀਤੀ ਦੇ ਉੱਚੇ ਗੁਣ, ਆਦਰਸ਼ ਤੇ ਅਸੂਲ ਨਹੀਂ ਭਰ ਸਕੀਆਂ ਪਾਰਟੀ ਲਈ ਵਿਧਾਇਕ ਸਿਰਫ਼ ਗਿਣਤੀ ਦਾ ਇੱਕ ਅੰਕ ਬਣ ਕੇ ਰਹਿ ਗਿਆ ਹੈ ਜੇਕਰ ਪਾਰਟੀਆਂ ਨੇ ਆਗੂਆਂ ’ਚ ਅਸੂਲ ਭਰੇ ਹੁੰਦੇ ਤਾਂ ਅੱਜ ਉਹਨਾਂ ਨੂੰ ਆਪਣੇ ਵਿਧਾਇਕਾਂ ਦੇ ਪਾਰਟੀ ਛੱਡਣ ਦਾ ਡਰ ਨਾ ਹੁੰਦਾ ਪਾਰਟੀ ਆਪਣੇ ਆਗੂ ਦੀ ਇੱਕੋ-ਇੱਕ ਯੋਗਤਾ ਚੋਣ ਜਿੱਤਣ ਦੀ ਸਮਰੱਥਾ ਵੇਖਦੀ ਹੈ ਜਿੱਤ ਸਕਣ ਵਾਲੇ ਆਗੂ ਦੀਆਂ ਬਾਕੀ ਸਾਰੀਆਂ ਕਮੀਆਂ ’ਤੇ ਪਰਦਾ ਪਾ ਦਿੱਤਾ ਜਾਂਦਾ ਹੈ।

ਦੂਜੇ ਪਾਸੇ ਵਿਰੋਧੀ ਪਾਰਟੀ ਨੂੰ ਇਸ ਮਾਮਲੇ ’ਚ ਸਪੱਸ਼ਟ ਤੇ ਇਮਾਨਦਾਰਾਨਾ ਰਵੱਈਆ ਅਪਣਾਉਂਦਿਆਂ ਇਹ ਗੱਲ ਜਨਤਕ ਕਰਨੀ ਚਾਹੀਦੀ ਹੈ ਕਿ ਵਿਧਾਇਕਾਂ ਦੀ ਖਰੀਦੋ-ਫਰੋਖਤ ਜਾਂ ਦਬਾਅ ਦੀ ਰਾਜਨੀਤੀ ਨਹੀਂ ਕੀਤੀ ਜਾ ਰਹੀ। ਅਕਸਰ ਸੱਤਾਧਾਰੀ ਪਾਰਟੀ ਇਹੀ ਦੋਸ਼ ਲਾਉਂਦੀ ਹੈ ਵਿਰੋਧੀ ਪਾਰਟੀ ਉਹਨਾਂ ਦੇ ਵਿਧਾਇਕਾਂ ਨੂੰ ਲਾਲਚ ਦੇ ਰਹੀ ਹੈ। ਵਿਧਾਇਕਾਂ ਦੀ ਲੁਕਾਈ-ਛਿਪਾਈ ਦਾ ਇਹ ਰੁਝਾਨ ਲੋਕਤੰਤਰ ਦੇ ਨਾਂਅ ’ਤੇ ਕਲੰਕ ਹੈ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਆਗੂਆਂ ’ਚ ਇਮਾਨਦਾਰੀ, ਸੱਚਾਈ, ਤਿਆਗ ਤੇ ਗੈਰਤ ਜਿਹੇ ਗੁਣ ਜ਼ਰੂਰੀ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ