ਜ਼ਿਲ੍ਹਾ ਲੁਧਿਆਣਾ ਦੇ ਦੋਰਾਹਾ ਦੀ ਫੈਕਟਰੀ ’ਚ ਧਮਾਕਾ, 2 ਦੀ ਮੌਤ 4 ਜਖ਼ਮੀ

(ਸੱਚ ਕਹੂੰ ਨਿਊਜ਼) ਲੁਧਿਆਣਾ। ਜ਼ਿਲ੍ਹਾ ਲੁਧਿਆਣਾ ਦੇ ਕਸਬਾ ਦੋਰਾਹਾ ’ਚ ਅੱਜ ਤੜਕੇ ਰਾਮਪੁਰ ਰੋਡ ’ਤੇ ਸਥਿਤ ਇੰਡੀਆ ਸਟੀਲ ਫੈਕਟਰੀ ਵਿੱਚ ਬੁਆਇਲਰ ਫਟ (Blast In Ludhiana) ਜਾਣ ਕਾਰਨ 2 ਮਜ਼ਦੂਰਾਂ ਦੀ ਮੌਤ ਹੋ ਗਈ, ਜਦੋਕਿ 4 ਜ਼ਖਮੀ ਹੋ ਗਏ। ਜ਼ਖ਼ਮੀਆਂ ਨੂੰ ਸਿੱਧੂ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਮ੍ਰਿਤਕਾਂ ਦੀ ਪਛਾਣ ਵਿਨੈ ਅਤੇ ਰਾਹੁਲ ਵਜੋਂ ਹੋਈ ਹੈ। ਜਦੋਂ ਬੁਆਇਲਰ ਫਟਿਆ ਤਾਂ ਮਜ਼ਦੂਰ ਆਪਣੇ ਕਮਰੇ ਵਿੱਚ ਆਰਾਮ ਕਰ ਰਹੇ ਸਨ। ਧਮਾਕੇ ਤੋਂ ਬਾਅਦ ਚਾਰੇ ਪਾਸੇ ਹਨ੍ਹੇਰਾ ਛਾ ਗਿਆ। ਲੋਕਾਂ ਨੇ ਤੁਰੰਤ ਫਾਇਰ ਬ੍ਰਿਗੇਡ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਬਚਾਅ ਟੀਮਾਂ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ।

ਫੈਕਟਰੀ ’ਚ 6 ਤੋਂ 7 ਲੋਕ ਕੰਮ ਕਰ ਰਹੇ ਸਨ

ਫੈਕਟਰੀ ਵਿੱਚ ਕੰਮ ਕਰਦੇ ਇਕ ਕਰਮਚਾਰੀ ਸਾਗਰ ਨੇ ਦੱਸਿਆ ਕਿ ਫੈਕਟਰੀ ’ਚ 6 ਤੋਂ 7 ਲੋਕ ਕੰਮ ਕਰ ਰਹੇ ਸਨ ਤਾਂ ਅਚਾਨਕ ਧਮਾਕਾ ਹੋਇਆ, ਜਿਸ ਨਾਲ 2 ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਕਿ 4 ਲੋਕ ਜਖ਼ਮੀ ਹੋਏ ਹਨ ਜਿਹਨਾਂ ਨੂੰ ਹਸਪਤਾਲ ਭੇਜਿਆ ਗਿਆ ਹੈ। ਹਾਦਸਾ ਕਿਸ ਕਾਰਨ ਹੋਇਆ ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਹੈ। ਜ਼ਖਮੀ ਰਮੇਸ਼ ਕੁਮਾਰ ਨੇ ਦੱਸਿਆ ਕਿ ਉਸ ਦੇ ਪੈਰ ’ਤੇ ਸੱਟ ਲੱਗੀ ਹੈ। (Blast In Ludhiana)

ਥਾਣਾ ਇੰਚਾਰਜ ਗੁਰਮੀਤ ਸਿੰਘ ਨੇ ਦੱਸਿਆ ਕਿ ਜ਼ਖ਼ਮੀਆਂ ਵਿੱਚ ਰਮੇਸ਼ ਕੁਮਾਰ, ਅਸ਼ੀਸ਼ ਕੁਮਾਰ, ਅਨਿਲ ਕੁਮਾਰ ਅਤੇ ਬਾਬੂ ਰਾਮ ਸ਼ਾਮਲ ਹਨ। ਜ਼ਖ਼ਮੀਆਂ ਨੂੰ ਸਿੱਧੂ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਜਦੋਂ ਕਿ ਦੋ ਵਿਅਕਤੀਆਂ ਨੂੰ ਨਿੱਜੀ ਹਸਪਤਾਲ ਵਿੱਚ ਭੇਜਿਆ ਗਿਆ ਸੀ ਜਿਥੇ ਉਹਨਾਂ ਨੂੰ ਮਿ੍ਰਤਕ ਕਰਾਰ ਦਿੱਤਾ ਗਿਆ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੁਲਿਸ ਨੇ ਕਬਜ਼ੇ ’ਚ ਲੈ ਲਿਆ ਹੈ ਤੇ ਉਹਨਾਂ ਨੂੰ ਪੋਸਟ ਮਾਰਟਮ ਲਈ ਭੇਜਿਆ ਜਾ ਰਿਹਾ ਹੈ। ਇਹ ਹਾਦਸਾ ਕਿਨ੍ਹਾਂ ਕਾਰਨਾ ਕਰਕੇ ਹੋਇਆ ਹੈ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਅਜੇ ਤੱਕ ਫੈਕਟਰੀ ਮਾਲਕਾਂ ਵੱਲੋਂ ਕੋਈ ਵੀ ਬਿਆਨ ਇਸ ਸਬੰਧ ਵਿੱਚ ਨਹੀਂ ਦਿੱਤਾ ਗਿਆ ਹੈ। ਮਜ਼ਦੂਰਾਂ ਨੇ ਮ੍ਰਿਤਕਾਂ ਤੇ ਜਖ਼ਮੀਆਂ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ