ਖ਼ਰਾਬ ਹੋਏ ਮੌਸਮ ਨੇ ਫ਼ਿਕਰਾਂ ’ਚ ਪਾਏ ਕਿਸਾਨ

kisan

ਖ਼ਰਾਬ ਹੋਏ ਮੌਸਮ ਨੇ ਫ਼ਿਕਰਾਂ ’ਚ ਪਾਏ ਕਿਸਾਨ

ਬਠਿੰਡਾ (ਸੁਖਜੀਤ ਮਾਨ)। ਅਗੇਤੀ ਗਰਮੀ ਕਰਕੇ ਕਣਕ ਦਾ ਝਾੜ ਘਟ ਗਿਆ। ਹੁਣ ਮੌਸਮ ਖਰਾਬ ਹੋਣ ਕਰਕੇ ਬਾਕੀ ਰਹਿੰਦੀ ਫਸਲ ਬਚਾਉਣ ਦਾ ਫਿਕਰ ਪੈਦਾ ਹੋ ਗਿਆ ਹੈ। ਪਿਛਲੇ ਕੁੱਝ ਦਿਨਾਂ ਤੋਂ ਤਾਪਮਾਨ ’ਚ ਲਗਾਤਾਰ ਵਾਧਾ ਹੋ ਰਿਹਾ ਸੀ ਪਰ ਅੱਜ ਸਾਰਾ ਦਿਨ ਅਸਮਾਨ ’ਚ ਬੱਦਲ ਛਾਏ ਰਹੇ। ਬਾਅਦ ਦੁਪਹਿਰ ਕਰੀਬ 3:30 ਵਜੇ ਤੇਜ਼ ਹਨੇਰੀ ਆਈ ਤੇ ਇੱਕਾ-ਦੁੱਕਾ ਕਣੀਆਂ ਵੀ ਡਿੱਗੀਆਂ। ਇਸ ਮੌਸਮ ਨੇ ਜਿੱਥੇ ਖੇਤਾਂ ’ਚ ਖੜੀ ਕਣਕ ਦੀ ਫਸਲ ਲਈ ਕਿਸਾਨ ਫਿਕਰਾਂ ’ਚ ਪਾ ਦਿੱਤੇ ਉੱਥੇ ਹੀ ਅਨਾਜ ਮੰਡੀਆਂ ’ਚ ਲਿਆਂਦੀ ਗਈ ਕਣਕ ਨੂੰ ਬਚਾਉਣ ਲਈ ਜੱਦੋ ਜਹਿਦ ਕਰਦੇ ਦੇਖੇ ਗਏ।

ksian 2‘ਸੱਚ ਕਹੂੰ’ ਦੀ ਟੀਮ ਨੇ ਦੇਖਿਆ ਕਿ ਜਿਸ ਵੇਲੇ ਅੱਜ ਡਵੀਜ਼ਨਲ ਕਮਿਸ਼ਨਰ ਅਨਾਜ ਮੰਡੀਆਂ ’ਚ ਚੈਕਿੰਗ ਕਰਨ ਪੁੱਜੇ ਤਾਂ ਮਾਰਕੀਟ ਕਮੇਟੀ ਅਧਿਕਾਰੀਆਂ ਨੇ ਉਸ ਤੋਂ ਪਹਿਲਾਂ-ਪਹਿਲਾਂ ਖਰਾਬ ਮੌਸਮ ਕਰਕੇ ਕਣਕ ਦੀਆਂ ਕਈ ਢੇਰੀਆਂ ’ਤੇ ਤਰਪਾਲਾਂ ਪਵਾ ਦਿੱਤੀਆਂ। ਕਮਿਸ਼ਨਰ ਦੀ ਫੇਰੀ ਨੂੰ ਲੈ ਕੇ ਅਧਿਕਾਰੀ ਮੌਕੇ ’ਤੇ ਹੀ ਪ੍ਰਬੰਧਾਂ ਨੂੰ ਨੇਪਰੇ ਚਾੜਨ ’ਚ ਰੁੱਝੇ ਰਹੇ। ਇਸ ਮੌਕੇ ਅਚਾਨਕ ਆਈ ਤੇਜ਼ ਹਨੇਰੀ ਨੇ ਜਿੱਥੇ ਕਣਕ ਦੀਆਂ ਢੇਰੀਆਂ ਤੋਂ ਤਰਪਾਲਾਂ ਉਡਾ ਦਿੱਤੀਆਂ ਉੱਥੇ ਹੀ ਕਿਸਾਨ ਆਪਣੇ ਪੱਧਰ ’ਤੇ ਕਣਕ ਢਕਣ ਦੇ ਯਤਨ ਕਰਦੇ ਰਹੇ ਤਾਂ ਜੋ ਪੁੱਤਾਂ ਵਾਂਗ ਪਾਲੀ ਫਸਲ ਨੂੰ ਖਰਾਬ ਹੋਣ ਤੋਂ ਬਚਾਇਆ ਜਾ ਸਕੇ।

ਕਿਸਾਨਾਂ ਨੇ ਤਰਕ ਦਿੱਤਾ ਕਿ ਜੇ 100 ਦਾਣਿਆਂ ’ਚੋਂ 6 ਦਾਣੇ ਮਾੜੇ ਆ ਗਏ ਤਾਂ ਕਹਿੰਦੇ ਤੋਲਦੇ ਨਹੀਂ ਪਰ ਹੁਣ ਉੱਪਰੋਂ ਮੌਸਮ ਬੜਾ ਖਰਾਬ ਹੈ, ਤੁਲਾਈ ਹੋ ਨਹੀਂ ਰਹੀ ਸਾਰੀ ਕਣਕ ਭਿੱਜ ਜਾਵੇਗੀ। ਮੌਕੇ ’ਤੇ ਮੌਜੂਦ ਮਾਰਕੀਟ ਕਮੇਟੀ ਅਧਿਕਾਰੀਆਂ ਨੇ ਤਰਕ ਦਿੱਤਾ ਕਿ ਕਣਕ ਦੀ ਖ੍ਰੀਦ ਲਗਾਤਾਰ ਹੋ ਰਹੀ ਹੈ, ਕਿਸੇ ਵੀ ਕਿਸਾਨ ਦੀ ਕਣਕ ਖਰਾਬ ਨਹੀਂ ਹੋਣ ਦਿੱਤੀ ਜਾਵੇਗੀ, ਉਨਾਂ ਕੋਲ ਪ੍ਰਬੰਧ ਮੁਕੰਮਲ ਹਨ।

ਹਲਕੇ ਮੀਂਹ ਦੀ ਸੰਭਾਵਨਾ : ਮੌਸਮ ਮਾਹਿਰ

ਬੀਤੇ ਹਫ਼ਤੇ ਤੋਂ ਤਾਪਮਾਨ ’ਚ ਲਗਾਤਾਰ ਵਾਧਾ ਹੋ ਰਿਹਾ ਸੀ ਪਰ ਅੱਜ ਸਵੇਰ ਤੋਂ ਅਸਮਾਨ ’ਚ ਛਾਏ ਹੋਏ ਬੱਦਲਾਂ ਕਾਰਨ ਤਾਪਮਾਨ ’ਚ ਗਿਰਾਵਟ ਦਰਜ਼ ਕੀਤੀ ਗਈ। ਕੱਲ ਵੱਧ ਤੋਂ ਵੱਧ ਤਾਪਮਾਨ 43.6 ਡਿਗਰੀ ਸੀ ਜੋ ਅੱਜ 40.8 ਡਿਗਰੀ ਰਿਹਾ । ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਖੇਤੀ ਮੌਸਮ ਵਿਗਿਆਨੀਆਂ ਮੁਤਾਬਿਕ ਆਉਣ ਵਾਲੇ 4-5 ਦਿਨਾਂ ਦੌਰਾਨ ਬੱਦਲਵਾਈ ਦੇ ਨਾਲ ਖੁਸ਼ਮ ਮੌਸਮ ਦਾ ਅਨੁਮਾਨ ਹੈ, ਉਸ ਤੋਂ ਬਾਅਦ ਹਲਕੇ ਮੀਂਹ ਦੀ ਸੰਭਾਵਨਾ ਹੈ। ਇਨਾਂ ਦਿਨਾਂ ਦੌਰਾਨ ਵੱਧ ਤੋਂ ਵੱਧ ਤਾਪਮਾਨ 39.0-41.0 ਅਤੇ ਘੱਟ ਤੋਂ ਘੱਟ 18.0-27.0 ਸੈਂਟੀਗੇ੍ਰਡ ਦਰਮਿਆਨ ਰਹਿ ਸਕਦਾ ਹੈ। 8.6 ਕਿਲੋਮੀਟਰ ਪ੍ਰਤੀ ਘੰਟਾ ਤੋਂ ਲੈ ਕੇ 14.5 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾ ਚੱਲ ਸਕਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ