ਨਿੱਜੀ ਹਸਪਤਾਲ ’ਚ ਭਰੂਣ ਜਾਂਚ ਦੇ ਧੰਦੇ ਦਾ ਪਰਦਾਫਾਸ਼

altersonudn

ਸਿਹਤ ਵਿਭਾਗ ਦਾ ਸਟਿੰਗ ਅਪ੍ਰੇਸ਼ਨ ਹੋਇਆ ‘ਸਫਲ’

  • ਤਿੰਨ ਜਣਿਆਂ ’ਤੇ ਮਾਮਲਾ ਦਰਜ਼, ਇੱਕ ਗਿ੍ਰਫ਼ਤਾਰ, ਦੋ ਫਰਾਰ

(ਸੁਖਜੀਤ ਮਾਨ) ਬਠਿੰਡਾ। ਸਿਹਤ ਵਿਭਾਗ ਬਠਿੰਡਾ ਦੀ ਟੀਮ ਨੇ ਗੁਪਤਾ ਸੂਚਨਾ ਦੇ ਆਧਾਰ ’ਤੇ ਕੀਤੇ ਗਏ ਸਟਿੰਗ ਅਪ੍ਰੇਸ਼ਨ ਨੂੰ ਉਸ ਵੇਲੇ ਸਫ਼ਲਤਾ ਮਿਲੀ ਜਦੋਂ ਰਾਮਪੁਰਾ ਦੇ ਇੱਕ ਨਿੱਜੀ ਹਸਪਤਾਲ (Private Hospital) ’ਚ ਭਰੂਣ ਜਾਂਚ ਕਰਨ ਦੇ ਮਾਮਲੇ ਦਾ ਪਰਦਾਫਾਸ਼ ਕੀਤਾ ਗਿਆ ਇਸ ਮਾਮਲੇ ’ਚ ਥਾਣਾ ਸਿਟੀ ਰਾਮਪੁਰਾ ਫੂਲ ਦੀ ਪੁਲਿਸ ਨੇ ਤਿੰਨ ਜਣਿਆਂ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ, ਜਿੰਨ੍ਹਾਂ ’ਚ ਦੋ ਮਹਿਲਾਵਾਂ ਸ਼ਾਮਿਲ ਹਨ ਨਾਮਜ਼ਦ ਵਿਅਕਤੀਆਂ ’ਚੋਂ ਪੁਰਸ਼ ਨੂੰ ਗ੍ਰਿਫਤਾਰ ਕਰ ਲਿਆ ਜਦੋਂਕਿ ਦੋਵੇਂ ਮਹਿਲਾਵਾਂ ਫਰਾਰ ਦੱਸੀਆਂ ਜਾ ਰਹੀਆਂ ਹਨ।

ਹਾਸਿਲ ਹੋਏ ਵੇਰਵਿਆਂ ਮੁਤਾਬਿਕ ਸਿਹਤ ਵਿਭਾਗ ਦੀ ਟੀਮ ਨੇ ਭਰੂਣ ਜਾਂਚ ਕਰਨ ਵਾਲੀ ਮਸ਼ੀਨ ਨੂੰ ਸੀਲ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਥਾਣਾ ਸਿਟੀ ਰਾਮਪੁਰਾ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਸਿਵਲ ਸਰਜਨ ਬਠਿੰਡਾ ਡਾ. ਬਲਵੰਤ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਰਾਮਪੁਰਾ ਫੂਲ ਸਥਿਤ ਇੱਕ ਨਿੱਜੀ ਹਸਪਤਾਲ ’ਚ ਗਰਭਵਤੀ ਮਹਿਲਾਵਾਂ ਦੇ ਅਲਟਰਾ ਸਾਊਂਡ ’ਚ ਗੈਰਕਾਨੂੰਨੀ ਢੰਗ ਨਾਲ ਬੱਚਿਆਂ ਦੇ ਭਰੂਣ ਦੀ ਜਾਂਚ ਕੀਤੀ ਜਾਂਦੀ ਹੈ । ਸੂਚਨਾ ਦੇ ਆਧਾਰ ’ਤੇ ਜਦੋਂ ਸਿਹਤ ਵਿਭਾਗ ਦੀ ਟੀਮ ਨੇ ਸੈਂਟਰ ’ਚ ਸਟਿੰਗ ਅਪ੍ਰੇਸ਼ਨ ਕੀਤਾ ਤਾਂ ਮੌਕੇ ’ਤੇ ਹੀ ਮੁਲਜ਼ਮ ਜਗਤਾਰ ਸਿੰਘ ਨਿਵਾਸੀ ਆਤਮਾ ਕਲੋਨੀ ਬਠਿੰਡਾ ਨੂੰ ਗ੍ਰਿਫਤਾਰ ਕਰ ਲਿਆ ਜਦੋਂਕਿ ਨਰਸਿੰਗ ਸਟਾਫ ਗੀਤਾ ਨਿਵਾਸੀ ਗੋਨਿਆਣਾ ਮੰਡੀ ਅਤੇ ਆਸ਼ਾ ਵਰਕਰ ਸਰਬਜੀਤ ਕੌਰ ਵਾਸੀ ਪਿੰਡ ਡਿੱਖ ਨੂੰ ਮਾਮਲੇ ’ਚ ਨਾਮਜ਼ਦ ਕਰਕੇ ਉਸਦੀ ਗਿ੍ਰਫ਼ਤਾਰੀ ਦੇ ਲਈ ਯਤਨ ਸ਼ੁਰੂ ਕਰ ਦਿੱਤੇ ਹਨ।

ਡੂੰਘਾਈ ਨਾਲ ਕੀਤੀ ਜਾ ਰਹੀ ਹੈ ਜਾਂਚ : ਜਾਂਚ ਅਧਿਕਾਰੀ

ਮਾਮਲੇੇ ਦੇ ਜਾਂਚ ਅਧਿਕਾਰੀ ਏਐਸਆਈ ਚਰਨਜੀਤ ਸਿੰਘ ਨੇ ਦੱਸਿਆ ਕਿ ਦੋਵੇਂ ਮਹਿਲਾਵਾਂ ਜਿੰਨ੍ਹਾਂ ਦੀ ਗਿ੍ਰਫ਼ਤਾਰੀ ਬਾਕੀ ਹੈ, ਉਨ੍ਹਾਂ ਦੀ ਗਿ੍ਰਫ਼ਤਾਰੀ ਤੋਂ ਬਾਅਦ ਹੀ ਪਤਾ ਚੱਲ ਸਕੇਗਾ ਕਿ ਗਿਰੋਹ ਦਾ ਮਾਸਟਰ ਮਾਈਂਡ ਕੌਣ ਸੀ ਅਤੇ ਕੌਣ ਸੈਂਟਰ ਚਲਾ ਰਿਹਾ ਸੀ ਪੁਲਿਸ ਅਤੇ ਸਿਹਤ ਵਿਭਾਗ ਦੀ ਟੀਮ ਆਪਣੇ-ਆਪਣੇ ਪੱਧਰ ’ਤੇ ਮਾਮਲੇ ਦੀ ਜਾਂਚ ਕਰ ਰਹੀ ਹੈ, ਜੋ ਵੀ ਦੋਸ਼ੀ ਪਾਇਆ ਗਿਆ ਉਸਦੇ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ ਉਨ੍ਹਾਂ ਦੱਸਿਆ ਕਿ ਫਰਾਰ ਮੁਲਜ਼ਮ ਆਸ਼ਾ ਵਰਕਰ ਅਤੇ ਨਰਸਿੰਗ ਸਟਾਫ ਦੀ ਗ੍ਰਿਫਤਾਰੀ ਲਈ ਪੁਲਿਸ ਵੱਲੋਂ ਯਤਨ ਕੀਤੇ ਜਾ ਰਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ