ਰਾਜਪਾਲ ਨੂੰ ਧਨੇਰ ਦੀ ਸਜ਼ਾ ਰੱਦ ਕਰਨ ਦੀ ਅਪੀਲ

Appeal, Governor , Thane's ,Sentence

ਰਾਜਪਾਲ, ਮੁੱਖ ਮੰਤਰੀ, ਮੁੱਖ ਸਕੱਤਰ ਤੇ ਡੀਸੀ ਬਰਨਾਲਾ ਨੂੰ ਈਮੇਲ ਭੇਜੀ

ਅਸ਼ੋਕ ਵਰਮਾ/ਬਠਿੰਡਾ। ਬਠਿੰਡਾ ਦੇ ਤਿੰਨ ਜਨਤਕ ਆਗੂਆਂ ਨੇ ਕਿਸਾਨ ਆਗੂ ਮਨਜੀਤ ਸਿੰਘ ਧਨੇਰ ਨੂੰ ਦਿੱਤੀ ਉਮਰ ਕੈਦ ਨੂੰ ਗਲਤ ਤੱਥਾਂ ‘ਤੇ ਅਧਾਰਿਤ ਕਰਾਰ ਦਿੰਦਿਆਂ ਪੰਜਾਬ ਦੇ ਰਾਜਪਾਲ ਨੂੰ ਇਹ ਸਜ਼ਾ ਰੱਦ ਕਰਨ ਦੀ ਅਪੀਲ ਕੀਤੀ ਹੈ ਐਡਵੋਕੇਟ ਐਨ ਕੇ ਜੀਤ, ਅਤਰਜੀਤ ਕਹਾਣੀਕਾਰ , ਨਰਭਿੰਦਰ ਅਤੇ ਪ੍ਰਿਤਪਾਲ ਸਿੰਘ ਨੇ ਰਾਜਪਾਲ, ਮੁੱਖ ਮੰਤਰੀ, ਮੁੱਖ ਸਕੱਤਰ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਇਸ ਅਪੀਲ ਸਬੰਧੀ ਈਮੇਲ ਭੇਜੀ ਹੈ ਈਮੇਲ ਰਾਹੀਂ ਜਿਨ੍ਹਾਂ ਤੱਥਾਂ ਦਾ ਜਿਕਰ ਕੀਤਾ ਗਿਆ ਹੈ ਉਸ ‘ਚ ਪੁਲਿਸ ਤਫਤੀਸ਼ ਵੀ ਸ਼ਾਮਲ ਹੈ, ਜਿਸ ਵਿਚ ਮਨਜੀਤ ਧਨੇਰ , ਨਰਾਇਣ ਦੱਤ ਅਤੇ ਮਾਸਟਰ ਪ੍ਰੇਮ ਕੁਮਾਰ ਨੂੰ ਨਿਰਦੋਸ਼ ਕਰਾਰ ਦਿੱਤਾ ਗਿਆ ਸੀ ਪਰ ਬਰਨਾਲਾ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ  ਅਪੀਲ ਕਰਨ ਤੇ ਹਾਈ ਕੋਰਟ ਨੇ ਨਰਾਇਣ ਦੱਤ ਅਤੇ ਮਾਸਟਰ ਪ੍ਰੇਮ ਕੁਮਾਰ ਨੂੰ ਤਾਂ ਬਰੀ ਕਰ ਦਿੱਤਾ ਪਰ ਮਨਜੀਤ ਧਨੇਰ ਦੀ ਸਜ਼ਾ ਬਰਕਰਾਰ ਰੱਖੀ
ਉਨ੍ਹਾਂ ਦੱਸਿਆ ਕਿ 24 ਜੁਲਾਈ 2007  ਨੂੰ ਉਸ ਸਮੇਂ ਦੇ ਗਵਰਨਰ ਨੇ ਨਾ ਸਿਰਫ ਧਨੇਰ ਦੀ ਉਮਰ ਕੈਦ ਦੀ ਸਜ਼ਾ ਰੱਦ ਕਰ ਦਿੱਤੀ ਸਗੋਂ ਉਸਨੂੰ ਦੋਸ਼-ਮੁਕਤ ਵੀ ਕਰਾਰ ਦੇ ਦਿੱਤਾ ਬਾਅਦ ‘ਚ ਹਾਈ ਕੋਰਟ ਅਤੇ ਸੁਪਰੀਮ ਕੋਰਟ ਨੇ ਗਵਰਨਰ ਪੰਜਾਬ ਦੇ ਫੈਸਲੇ ਨੂੰ ਇਸ ਅਧਾਰ ‘ਤੇ ਰੱਦ ਕਰ ਦਿੱਤਾ ਕਿ ਗਵਰਨਰ ਕੋਲ ਸਜ਼ਾ ਰੱਦ ਕਰਨ ਦਾ ਅਧਿਕਾਰ ਤਾਂ ਹੈ ਪਰ ਉਸ ਕੋਲ ਅਦਾਲਤ ਵੱਲੋਂ ਦੋਸ਼ੀ ਐਲਾਨੇ ਵਿਅਕਤੀ ਨੂੰ ਦੋਸ਼ ਮੁਕਤ ਕਰਨ ਦਾ ਅਧਿਕਾਰ ਨਹੀਂ ਹੈ ਉਨ੍ਹਾਂ ਦੱਸਿਆ ਕਿ ਸੁਪਰੀਮ ਕੋਰਟ ਨੇ ਇਹ ਫੈਸਲਾ ਮੁੜ ਵਿਚਾਰ ਅਤੇ ਕਾਨੂੰਨ ਅਨੁਸਾਰ ਕਾਰਵਾਈ ਕਰਨ ਲਈ ਰਾਜਪਾਲ ਪਾਸ ਭੇਜ ਦਿੱਤਾ ਜੋ ਅਜੇ ਤੱਕ ਪੈਂਡਿੰਗ ਪਿਆ ਹੈ  ਅਪੀਲ ‘ਚ ਮਨਜੀਤ ਧਨੇਰ ਨੂੰ ਹੱਕ ਸੱਚ ਤੇ ਇਨਸਾਫ਼ ਲਈ ਲੜਨ ਵਾਲਾ ਆਗੂ ਦੱਸਿਆ ਗਿਆ ਹੈ, ਜਿਸਨੇਂ  ਆਪਣੀ ਜ਼ਿੰਦਗੀ ਦੇ 40 ਸਾਲ ਲੋਕਾਂ ਦੇ ਜਮਹੂਰੀ ਅਧਿਕਾਰਾਂ, ਕਿਸਾਨੀ ਦੇ ਹਿੱਤਾਂ ਅਤੇ ਬੇਇਨਸਾਫ਼ੀ ਵਿਰੁੱਧ ਲੜਨ ਲਈ ਲਾਏ ਹਨ। ਉਹ ਇੱਕ ਨਰੋਈ ਸੋਚ ਰੱਖਣ ਵਾਲਾ, ਨਿੱਜੀ ਰੰਜਿਸ਼ਾਂ ਤੋਂ ਉਪਰ ਉੱਠ ਕੇ ਸਮੂਹ ਸਮਾਜ ਦੇ ਹਿੱਤਾਂ ਅਤੇ ਇਨਸਾਫ਼ ਲਈ ਲੜਨ ਵਾਲਾ, ਉਚੇਰੀਆਂ ਕਦਰਾਂ ਕੀਮਤਾਂ ਨੂੰ ਸਮਰਪਤ ਇਨਸਾਨ ਹੈ।

ਇੰਜ ਬੱਝਿਆ ਸਜ਼ਾ ਦਾ ਮੁੱਢ

ਮਨਜੀਤ ਧਨੇਰ ਨੂੰ ਜਿਸ ਕੇਸ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ, ਉਸ ਦਾ ਮੁੱਢ 29 ਜੁਲਾਈ 1997 ਨੂੰ ਬੱਝਿਆ ਜਦੋਂ ਮਹਿਲ ਕਲਾਂ, ਜ਼ਿਲ੍ਹਾ  ਬਰਨਾਲਾ ਦੇ ਇੱਕ ਅਪਾਹਜ ਅਧਿਆਪਕ ਦੀ ਬੇਟੀ ਕਿਰਨਜੀਤ ਕੌਰ ਨੂੰ ਕੁਝ ਵਿਅਕਤੀਆਂ ਨੇ ਅਗਵਾ ਕਰਨ ਉਪਰੰਤ ਸਮੂਹਿਕ ਜ਼ਬਰਜਨਾਹ ਕਰਕੇ, ਉਸਨੂੰ ਕਤਲ ਕਰ ਦਿੱਤਾ ਅਤੇ ਲਾਸ਼ ਆਪਣੇ ਹੀ ਖੇਤਾਂ ਵਿੱਚ ਦੱਬ ਦਿੱਤੀ। ਇਸ ਘਿਣਾਉਣੀ ਅਤੇ ਹਿਰਦੇਵੇਦਕ ਘਟਨਾ ਵਿਰੁੱਧ ਆਵਾਜ਼ ਉਠਾਉਣ ਅਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਵਾ ਕੇ ਢੁਕਵੀਆਂ ਸਜ਼ਾਵਾਂ ਦਿਵਾਉਣ  ਲਈ ਬਣੀ ਕਮੇਟੀ ਦੇ ਮੋਹਰੀ ਆਗੂਆਂ ਵਿੱਚ ਮਨਜੀਤ ਧਨੇਰ ਵੀ ਸ਼ਾਮਲ ਸੀ। ਇਸ ਕਮੇਟੀ ਵੱਲੋਂ ਖੜ੍ਹੀ ਕੀਤੀ ਲੋਕ ਲਹਿਰ ਕਾਰਨ ਹੀ ਦੋਸ਼ੀਆਂ ਨੂੰ ਸਜ਼ਾ ਦਿੱਤੀ ਗਈ।

ਇਨਸਾਫ਼ ਦੇ ਤਕਾਜ਼ਿਆਂ ਦੇ ਉਲਟ ਸਜ਼ਾ

ਐਡਵੋਕੇਟ ਐਨ ਕੇ ਜੀਤ ਦਾ ਕਹਿਣਾ ਸੀ ਕਿ ਔਰਤਾਂ ਦੀ ਰਾਖੀ ਅਤੇ ਬੇਇਨਸਾਫ਼ੀ ਵਿਰੁੱਧ ਲੜਨ ਵਾਲੇ ਵਿਅਕਤੀ ਨੂੰ ਫਰਜ਼ੀ ਅਤੇ ਗਲਤ ਤੱਥਾਂ ਦੇ ਅਧਾਰ ‘ਤੇ ਹੋਈ ਸਜ਼ਾ ਨਿਹੱਕੀ ਅਤੇ ਇਨਸਾਫ ਦੇ ਤਕਾਜ਼ਿਆਂ ਤੋਂ ਉਲਟ ਹੈ। ਉਨ੍ਹਾਂ ਆਖਿਆ ਕਿ ਇਹ ਸਾਰੇ ਤੱਥ ਸਾਹਵੇਂ ਰੱਖ ਕੇ ਰਾਜਪਾਲ ਪੰਜਾਬ ਨੂੰ ਉਮਰ ਕੈਦ ਰੱਦ ਕਰਨ ਦੀ ਅਪੀਲ ਕੀਤੀ ਗਈ ਹੈ

ਇਸ ਤਰ੍ਹਾਂ ਹੋਈ ਧਨੇਰ ਨੂੰ ਸਜ਼ਾ

ਕਿਰਨਜੀਤ ਮਾਮਲੇ ‘ਚ ਦੋਸ਼ੀਆਂ ਦੇ ਪਰਿਵਾਰ ਦੇ ਇੱਕ ਬਜ਼ੁਰਗ ਦਲੀਪ ਸਿੰਘ ਨੂੰ ਸਾਲ 2001 ‘ਚ ਬਰਨਾਲਾ ਕਚਹਿਰੀਆਂ ਵਿੱਚ ਕਤਲ ਕਰ ਦਿੱਤਾ, ਕੁਝ ਵਿਅਕਤੀਆਂ ਗ੍ਰਿਫਤਾਰ ਵੀ ਕਰ ਲਏ ਸਨ ਮਗਰੋਂ ਐਕਸ਼ਨ ਕਮੇਟੀ ਦੇ ਤਿੰਨ ਆਗੂਆਂ ਨੂੰ ਇਸ ਕੇਸ ‘ਚ ਨਾਮਜ਼ਦ ਕੀਤਾ ਗਿਆ। ਐਕਸ਼ਨ ਕਮੇਟੀ ਦੇ ਤਿੰਨ ਮੈਂਬਰਾਂ ਨੂੰ ਸੈਸ਼ਨ ਕੋਰਟ ਬਰਨਾਲਾ ਨੇ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ। ਉਨ੍ਹਾਂ ਵਿੱਚੋਂ ਦੋ ਮੈਂਬਰਾਂ ਨਰੈਣ ਦੱਤ ਅਤੇ ਮਾਸਟਰ ਪ੍ਰੇਮ ਕੁਮਾਰ ਨੂੰ ਹਾਈਕੋਰਟ ਨੇ ਬਾਅਦ ਵਿੱਚ ਬਰੀ ਕਰ ਦਿੱਤਾ।

ਰਾਜਪਾਲ ਕੋਲ ਪੈਂਡਿੰਗ ਮਾਮਲਾ

ਅਪੀਲ ਮੁਤਾਬਕ ਤੱਤਕਾਲੀ ਸਰਕਾਰ ਨੇ ਇਨ੍ਹਾਂ ਤਿੰਨਾਂ ਦੇ ਨਿਰਦੋਸ਼ ਹੋਣ ਦੀ ਪੁਸ਼ਟੀ ਕਰਦਿਆਂ ਸਰਕਾਰੀ, ਪੁਲਿਸ ਅਤੇ ਖੁਫ਼ੀਆਂ ਰਿਪੋਰਟਾਂ ਦੇ ਅਧਾਰ ‘ਤੇ ਰਾਜਪਾਲ ਨੂੰ ਤਿੰਨਾਂ ਨੂੰ ਦੋਸ਼ ਮੁਕਤ ਅਤੇ ਸਜ਼ਾ ਰੱਦ ਕਰਨ ਦੀ ਸਿਫਾਰਸ਼ ਕੀਤੀ ਸੀ, ਜਿਸ ਨੂੰ ਰਾਜਪਾਲ ਨੇ ਪ੍ਰਵਾਨ ਕਰ ਲਿਆ ਸੀ। ਰਾਜਪਾਲ ਦੇ ਇਸ  ਫੈਸਲੇ ਨੂੰ ਪਹਿਲਾਂ ਹਾਈ ਕੋਰਟ ਅਤੇ ਫਿਰ ਸੁਪਰੀਮ ਕੋਰਟ ਨੇ ਤਕਨੀਕੀ ਅਧਾਰ ‘ਤੇ ਪ੍ਰਵਾਨ ਨਹੀਂ ਕੀਤਾ। ਸੁਪਰੀਮ ਕੋਰਟ ਨੇ ਮਾਮਲਾ ਰਾਜ ਭਵਨ ਨੂੰ ਮੁੜ ਵਿਚਾਰਨ ਲਈ ਵਾਪਸ ਭੇਜਿਆ ਸੀ ਜੋ ਹਾਲੇ ਪੈਂਡਿੰਗ ਪਿਆ ਹੈ। ਹੁਣ ਸੁਪਰੀਮ ਕੋਰਟ ਨੇ ਉਮਰ ਕੈਦ ਦੀ ਸਜ਼ਾ ਦੇ ਪਹਿਲੇ ਫੈਸਲੇ ਨੂੰ ਬਰਕਰਾਰ ਰੱਖਿਆ ਹੈ।

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।