ਆਪਣੀ ਹੀ ਸਰਕਾਰ ਖਿਲਾਫ ਧਰਨਾ ਦੇਣਗੇ ਅਮਰਿੰਦਰ ਵੜਿੰਗ

Amarinder, Vairing, Dharna, Government

ਮਾਮਲਾ ਨਿੱਜੀ ਬੱਸਾਂ ਕਾਰਨ ਵਧ ਰਹੇ ਸੜਕੀ ਹਾਦਸਿਆਂ ਦਾ

ਚੰਡੀਗੜ੍ਹ, (ਅਸ਼ਵਨੀ ਚਾਵਲਾ) । ਗਿੱਦੜਬਾਹਾ ਤੋਂ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇੱਕ ਵਾਰ ਫਿਰ ਤੋਂ ਆਪਣੀ ਹੀ ਸਰਕਾਰ ਦੀ ਮੰਤਰੀ ਅਰੁਣਾ ਚੌਧਰੀ ਨੂੰ ਧਮਕੀ ਦੇ ਦਿੱਤੀ ਹੈ ਕਿ ਜੇਕਰ ਜਲਦ ਹੀ ਪ੍ਰਾਈਵੇਟ ਬੱਸਾਂ ਚਲਾਉਣ ਵਾਲੇ ਟਰਾਂਸਪੋਟਰਾਂ ਖ਼ਿਲਾਫ਼ ਸਖ਼ਤ ਕਾਨੂੰਨ ਨਾ ਬਣਾਇਆ ਗਿਆ ਤਾਂ ਉਨ੍ਹਾਂ ਨੂੰ ਸਰਕਾਰ ਵਿੱਚ ਹੁੰਦੇ ਹੋਏ ਵੀ ਧਰਨਾ ਪ੍ਰਦਰਸ਼ਨ ਤੱਕ ਕਰਨੇ ਪੈਣਗੇ। ਅਮਰਿੰਦਰ ਸਿੰਘ ਵੱਲੋਂ ਦਿੱਤੀ ਗਈ ਇਸ ਧਮਕੀ ਤੋਂ ਬਾਅਦ ਵਿਰੋਧੀ ਧਿਰ ਦੇ ਵਿਧਾਇਕਾਂ ਨੇ ਵੀ ਆਪਣੇ ਟੇਬਲ ਮੇਜ਼ ਖੜਕਾ ਕੇ ਅਮਰਿੰਦਰ ਸਿੰਘ ਦੀ ਇਸ ਧਮਕੀ ਨੂੰ ਆਪਣਾ ਸਾਥ ਦੇ ਦਿੱਤਾ। (Amarinder)

ਅਮਰਿੰਦਰ ਸਿੰਘ ਰਾਜਾ ਵੜਿੰਗ ਸਿਫ਼ਰ ਕਾਲ ਦੌਰਾਨ ਬੋਲ ਰਹੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਈ ਸੜਕੀਂ ਹਾਦਸੇ ਪ੍ਰਾਈਵੇਟ ਬੱਸਾਂ ਕਾਰਨ ਹੋ ਰਹੇ ਹਨ ਪਰ ਉਨ੍ਹਾਂ ਖ਼ਿਲਾਫ਼ ਕੋਈ ਸਖ਼ਤ ਕਾਰਵਾਈ ਕਰਨ ਦੀ ਥਾਂ ‘ਤੇ ਸ਼ਾਮ ਤੱਕ ਉਨ੍ਹਾਂ ਨੂੰ ਜ਼ਮਾਨਤ ਤੱਕ ਦੇ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਮੋਗਾ ਵਿਖੇ ਇੱਕ ਪ੍ਰਾਈਵੇਟ ਬੱਸ ਕੰਪਨੀ ਦੇ ਚਾਲਕ ਵੱਲੋਂ ਇੱਕ ਔਰਤ  ਅਤੇ ਲੜਕੀ ਨੂੰ ਬੱਸ ਤੋਂ ਹੇਠਾਂ ਸੁੱਟ ਦਿੱਤਾ ਗਿਆ ਸੀ, ਜਿਸ ਕਾਰਨ ਮੌਤ ਵੀ ਹੋ ਗਈ ਸੀ ਪਰ ਬਾਅਦ ਵਿੱਚ ਬੱਸ ਕੰਪਨੀ ਵਲੋਂ ਜੋਰ ਪਾਉਂਦੇ ਹੋਏ ਕੁਝ ਲੱਖਾਂ ਰੁਪਏ ਵਿੱਚ ਸਮਝੌਤਾ ਕਰਵਾ ਦਿੱਤਾ ਗਿਆ। (Amarinder)

ਅਮਰਿੰਦਰ ਸਿੰਘ ਨੇ ਕਿਹਾ ਕਿ ਅਜੇ ਵੀ ਬੱਸਾਂ ਦਾ ਕਹਿਰ ਨਹੀਂ ਰੁਕਿਆ ਹੈ। ਪੰਜਾਬ ਵਿੱਚ ਪ੍ਰਾਈਵੇਟ ਬੱਸ ਇੱਕ ਤੋਂ ਬਾਅਦ ਇੱਕ ਸੜਕੀਂ ਹਾਦਸੇ ਵਿੱਚ ਜਾਨਾਂ ਲੈ ਰਹੇ ਹਨ ਪਰ ਉਨਾਂ ਖ਼ਿਲਾਫ਼ ਕੋਈ ਸਖ਼ਤ ਕਾਨੂੰਨ ਨਹੀਂ ਹੋਣ ਦੇ ਕਾਰਨ ਕਾਰਵਾਈ ਤੱਕ ਨਹੀਂ ਹੁੰਦੀ ਹੈ। ਇਸ ਲਈ ਉਹ ਟਰਾਂਸਪੋਰਟ ਮੰਤਰੀ ਅਰੁਣਾ ਚੌਧਰੀ ਨੂੰ ਅਪੀਲ ਕਰਦੇ ਹਨ ਕਿ ਕੋਈ ਸਖ਼ਤ ਕਾਨੂੰਨ ਬਣਾਇਆ ਜਾਵੇ ਨਹੀਂ ਤਾਂ ਉਨਾਂ ਨੂੰ ਸਰਕਾਰ ਵਿੱਚ ਹੁੰਦੇ ਹੋਏ ਵੀ ਵਿਰੋਧ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਾ ਪੈਣਾ ਹੈ।