ਦੁਪਹਿਰੇ ਹੀ ਪੈਂਦਾ ਆਥਣ ਦਾ ਭੁਲੇਖਾ, ਧੂਏ ਨੇ ਕਢਵਾਏ ਲੋਕਾਂ ਦੇ ਹੰਝੂ

Air Quality
ਤਸਵੀਰਾਂ: ਸੁਨਾਮ: ਝੋਨੇ ਦੀ ਪਰਾਲੀ ਨੂੰ ਲਾਈ ਅੱਗ ਦਾ ਦ੍ਰਿਸ਼ ਅਤੇ ਧੂੰਏਂ ਕਾਰਨ ਦਿਨ ਸਮੇਂ ਲੁਕਿਆ ਸੂਰਜ।  ਤਸਵੀਰ: ਕਰਮ ਥਿੰਦ

ਬਿਮਾਰ ਜਾਂ ਸਾਹ ਦੇ ਮਰੀਜ਼ਾਂ ਲਈ ਜ਼ਹਿਰੀਲਾ ਧੂੰਆਂ ਬਣਿਆ ਆਫ਼ਤ | Air Pollution

  • ਅੱਖਾਂ ਮੱਚਣ, ਗਲਾ ਖ਼ਰਾਬ ਅਤੇ ਖਾਂਸੀ, ਜ਼ੁਕਾਮ ਦੀ ਸ਼ਿਕਾਇਤ ਲੋਕਾਂ ‘ਚ ਆਮ | Air Pollution
  • ਰਹਿੰਦ-ਖੂੰਹਦ ਨੂੰ ਸਾਂਭਣ ਵਾਲੇ ਔਜ਼ਾਰਾਂ ਦੀ ਕਮੀ ਕਾਰਨ ਸਾੜੀ ਜਾ ਰਹੀ ਪਰਾਲੀ : ਕਿਸਾਨ

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਪਿਛਲੇ ਹਫ਼ਤੇ ਤੋਂ ਕਿਸਾਨਾਂ ਵੱਲੋਂ ਝੋਨੇ ਦੀ ਰਹਿੰਦ-ਖੂਹੰਦ ਨੂੰ ਅੱਗ ਲਾਉਣ ਦਾ ਸਿਲਸਿਲਾ ਲਗਾਤਾਰ ਹੁਣ ਵੀ ਜਾਰੀ ਹੈ ਪਿਛਲੇ ਪੰਜ ਦਿਨਾਂ ਤੋਂ ਤਾਂ ਇਹ ਪਰਾਲੀ ਦਾ ਧੂੰਆਂ ਅਸਮਾਨੀ ਚੜ੍ਹ ਰਿਹਾ ਹੈ ਅਤੇ ਹਰ ਸਮੇਂ ਬੱਦਲ ਛਾਏ ਜਾਪ ਰਹੇ ਹਨ ਇਹ ਅਸਮਾਨੀ ਚੜ੍ਹਿਆ ਧੂੰਆਂ ਸੂਰਜ ਲੁਕੋਈ ਬੈਠਾ ਹੈ। ਮਸਾਂ ਅੱਜ ਸਵੇਰੇ ਸਿਰਫ਼ ਥੋੜ੍ਹੇ ਸਮੇਂ ਲਈ ਸੂਰਜ ਦੀਆਂ ਕਿਰਨਾਂ ਦਿਖਾਈ ਦਿੱਤੀਆਂ।ਇਸ ਧੂੰਏਂ ਨਾਲ ਜਨਜੀਵਨ ਵੀ ਪ੍ਰਭਾਵਿਤ ਹੋ ਰਿਹਾ ਹੈ ਬਿਮਾਰ ਵਿਅਕਤੀਆਂ ਜਾਂ ਸਾਹ ਦੇ ਮਰੀਜ਼ਾਂ ਲਈ ਇਹ ਜ਼ਹਿਰੀਲਾ ਧੂੰਆਂ ਆਫਤ ਬਣ ਰਿਹਾ ਹੈ। ਆਮ ਲੋਕਾਂ ਨੂੰ ਵੀ ਇਸ ਧੂੰਏਂ ਕਾਰਨ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਈ ਲੋਕਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਜ਼ਹਿਰੀਲੇ ਧੂੰਏਂ ਕਾਰਨ ਅੱਖਾਂ ਮੱਚ ਰਹੀਆਂ ਹਨ, ਗਲਾ ਖ਼ਰਾਬ ਅਤੇ ਖਾਂਸੀ, ਜ਼ੁਕਾਮ ਦੀ ਸ਼ਿਕਾਇਤ ਆਮ ਲੋਕਾਂ ‘ਚ ਦੇਖਣ ਨੂੰ ਮਿਲ ਰਹੀ ਹੈ।

Air Pollution

ਭਾਵੇਂ ਸਰਕਾਰ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਕਾਫੀ ਜਾਗਰੂਕ ਕਰਨ ਦਾ ਦਾਅਵਾ ਕੀਤਾ ਗਿਆ ਹੈ ਪਰ ਕਿਸਾਨਾਂ ਨੂੰ ਸਮੇਂ ਸਿਰ ਮਸ਼ੀਨਰੀ ਨਾ ਮਿਲਣ ਕਾਰਨ ਕਿਸਾਨ ਮਜਬੂਰ ਹੋ ਕੇ ਅੱਗਾਂ ਲਾ ਰਹੇ ਹਨ। ਸਰਕਾਰ ਵੱਲੋਂ ਭਾਵੇ ਕਾਫੀ ਸਖਤ ਫੈਸਲੇ ਲਏ ਗਏ ਹਨ। ਬਾਵਜੂਦ ਇਸਦੇ ਕਿਸਾਨਾਂ ਵੱਲੋਂ ਅੱਗਾਂ ਲਗਾਈਆਂ ਜਾ ਰਹੀਆਂ ਹਨ। ਸ਼ੁਰੂਆਤ ਦੇ ਸਮੇਂ ਤਾਂ ਕਿਸਾਨਾਂ ਵੱਲੋਂ ਪਰਾਲੀ ਬਹੁਤ ਘੱਟ ਸਾੜੀ ਗਈ ਸੀ ਪ੍ਰੰਤੂ ਬਾਅਦ ਦੇ ਵਿਚ ਪਰਾਲੀ ਦੀ ਰਹਿੰਦ-ਖੂੰਹਦ ਨੂੰ ਸਾਂਭਣ ਵਾਲੇ ਔਜ਼ਾਰਾਂ ਦੀ ਕਮੀ ਕਾਰਨ ਕਿਸਾਨਾਂ ਵੱਲੋਂ ਆਪਣੀ ਪਰਾਲੀ ਸਾੜਨ ਨੂੰ ਤਰਜੀਹ ਦਿੱਤੀ ਹੈ।

ਸਰਕਾਰ ਦੀਆਂ ਗਿੱਦੜ ਧਮਕੀਆਂ ਤੋਂ ਨਹੀਂ ਡਰਦੇ ਕਿਸਾਨ : ਆਗੂ

ਬਹੁਤੇ ਕਿਸਾਨਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਜੇਕਰ ਉਨ੍ਹਾਂ ਨੂੰ ਪਰਾਲੀ ਦੀ ਰਹਿੰਦ-ਖੂੰਹਦ ਨੂੰ ਸਾਂਭਣ ਵਾਲੇ ਔਜ਼ਾਰ ਸਹੀ ਸਮੇਂ ਤੇ ਮਿਲ ਜਾਂਦੇ ਤਾਂ ਉਹ ਪਰਾਲੀ ਨੂੰ ਸਾੜਨ ਤੋਂ ਗੁਰੇਜ਼ ਕਰਦੇ, ਪ੍ਰੰਤੂ ਜੇਕਰ ਉਹ ਇਸ ਤੋਂ ਵੀ ਲੇਟ ਕਰਦੇ ਹਨ ਤਾਂ ਉਨ੍ਹਾਂ ਦੀ ਕਣਕ ਬੀਜਣ ਦੀ ਵੱਤ ਲੰਘ ਜਾਵੇਗੀ ਜਿਸ ਨਾਲ ਉਨ੍ਹਾਂ ਨੂੰ ਪਛੇਤੀ ਕਣਕ ਦੇ ਝਾੜ ਦਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ।

ਇਸ ਸਬੰਧੀ ਵੱਖ-ਵੱਖ ਕਿਸਾਨ ਯੂਨੀਅਨਾਂ ਵੱਲੋਂ ਐਲਾਨ ਕੀਤਾ ਹੋਇਆ ਹੈ ਕਿ ਜਾਂ ਤਾਂ ਸਰਕਾਰ ਪੱਕੇ ਤੌਰ ਤੇ ਪਰਾਲੀ ਦੇ ਹੱਲ ਲਈ ਉਨ੍ਹਾਂ ਨੂੰ ਪ੍ਰਤੀ ਕੁਇੰਟਲ ਢੁਕਵਾਂ ਮੁਆਵਜ਼ਾ ਦੇਵੇ ਜਾਂ ਫਿਰ ਪਰਾਲੀ ਦੀ ਰਹਿੰਦ-ਖੂੰਹਦ ਨੂੰ ਸਾਂਭਣ ਲਈ ਮਸ਼ੀਨਰੀ ਮੁਹੱਈਆ ਕਰਵਾਏ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਉਨ੍ਹਾਂ ਕੋਲ ਰਹਿੰਦ ਖੂੰਹਦ ਨੂੰ ਅੱਗ ਲਾਉਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਹੈ।

ਸਰਕਾਰ ਨੇ ਝੋਨੇ ਦੀ ਰਹਿੰਦ-ਖੂੰਹਦ ਸੰਭਾਲਣ ਲਈ ਕੋਈ ਮੱਦਦ ਨਹੀਂ ਕੀਤੀ : ਚੱਠਾ

ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜਿਲ੍ਹਾ ਜਰਨਲ ਸਕੱਤਰ ਰਣ ਸਿੰਘ ਚੱਠਾ ਨੇ ਕਿਹਾ ਕਿ ਸਰਕਾਰ ਨੇ ਕਿਸਾਨਾਂ ਨੂੰ ਝੋਨੇ ਦੀ ਰਹਿੰਦ ਖੂੰਹਦ ਸੰਭਾਲਣ ਲਈ ਕੋਈ ਮੱਦਦ ਨਹੀਂ ਕੀਤੀ, ਜਿਸ ਕਰਕੇ ਸਰਕਾਰ ਦੇ ਨਕਾਮ ਪ੍ਰਬੰਧਾਂ ਤੋਂ ਦੁੱਖੀ ਅਤੇ ਕਰਜੇ ਦੇ ਬੋਝ ਕਾਰਨ ਆਰਥਿਕ ਪੱਖੋਂ ਟੁੱਟੇ ਕਿਸਾਨ ਮਜਬੂਰਨ ਵੱਸ ਝੋਨੇ ਦੀ ਪਰਾਲੀ ਨੂੰ ਅੱਗ ਲਾਉਣਗੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਪਰਾਲੀ ਦੀ ਸਾਂਭ ਸੰਭਾਲ ਜਾ ਵਿੱਚ ਵਾਹੁਣ ਤੇ ਆਉਣ ਵਾਲੇ ਖਰਚੇ ਦੀ ਪੂਰਤੀ ਲਈ ਕੇਂਦਰ ਅਤੇ ਪੰਜਾਬ ਸਰਕਾਰ ਤੋਂ 6 ਹਜਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਜਾ 300 ਰੁਪਏ ਪ੍ਰਤੀ ਕੁਇੰਟਲ ਬੋਨਸ ਦੀ ਮੰਗ ਕੀਤੀ ਸੀ ਜੋ ਦੋਵੇਂ ਸਰਕਾਰਾਂ ਨੇ ਅੱਜ ਤੱਕ ਪੁਰੀ ਨਹੀਂ ਕੀਤੀ।

Also Read : ਪ੍ਰੇਸ਼ਾਨ ਲੋਕ, ਜ਼ਿੰਮੇਵਾਰ ਕੋਈ ਨਹੀਂ

ਪੰਜਾਬ ਸਰਕਾਰ ਸੁਪਰੀਮ ਕੋਰਟ ਦੀ ਗੱਲ ਨਹੀਂ ਮੰਨਦੀ ਤਾਂ ਫਿਰ ਕਿਸਾਨ ਵੀ ਪੰਜਾਬ ਸਰਕਾਰ ਦੀਆਂ ਗਿੱਦੜ ਧਮਕੀਆਂ ਤੋਂ ਨਹੀਂ ਡਰਦੇ। ਚੱਠਾ ਨੇ ਕਿਹਾ ਕਿ ਜੇਕਰ ਕੋਈ ਵੀ ਸਰਕਾਰੀ ਅਧਿਕਾਰੀ ਕਿਸਾਨਾਂ ਤੇ ਕਾਰਵਾਈ ਕਰਨ ਆਵੇਗਾ ਤਾਂ ਉਸ ਦਾ ਸ਼ਾਂਤਮਈ ਵਿਰੋਧ ਕਰਕੇ ਘਿਰਾਓ ਕੀਤਾ ਜਾਵੇਗਾ ਅਤੇ ਹੈੰਕੜਬਾਜੀ ਕਰਨ ਵਾਲੇ ਅਧਿਕਾਰੀਆਂ ਨੂੰ ਬੰਧਕ ਬਣਾਇਆ ਜਾਵੇਗਾ।