ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਨੇ ਪਟਿਆਲਾ ਵਿਖੇ ਐਗਰੀਜ਼ੋਨ ਯੂਨਿਟ ਦਾ ਕੀਤਾ ਦੌਰਾ

Patiala photo-02
ਪਟਿਆਲਾ ਦੇ ਪਿੰਡ ਦੌਲਤਪੁਰ ਵਿਖੇ ਐਗਰੀਜ਼ੋਨ ਵਿਖੇ ਖੇਤੀ ਮਸ਼ੀਨਰੀ ਦਾ ਮੁਆਇਨਾ ਕਰਦੇ ਹੋਏ ਖੇਤੀਬਾੜੀ ਮੰਤਰੀ ਅਤੇ ਵਿਧਾਇਕ

ਸਬਸਿਡੀ ਵਾਲੇ ਖੇਤੀ ਸੰਦਾਂ ਉਪਰ ਲੇਜ਼ਰ ਨਾਲ ਲਿਖਿਆ ਜਾਵੇਗਾ ਨੰਬਰ, ਸਬਸਿਡੀ ਦੇ ਨਾਮ ’ਤੇ ਕਾਲਾਬਾਜ਼ਾਰੀ ਬਰਦਾਸ਼ਤ ਨਹੀਂ

  • ਪੰਜਾਬ ਸਰਕਾਰ ਪਰਾਲੀ ਪ੍ਰਬੰਧਨ ਦੀ ਚੁਣੌਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ-ਧਾਲੀਵਾਲ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਸਬਸਿਡੀ ਵਾਲੀ ਖੇਤੀਬਾੜੀ ਮਸ਼ੀਨਰੀ ਉਪਰ ਲੇਜ਼ਰ ਨਾਲ ਵਿਸ਼ੇਸ਼ ਨੰਬਰ ਲਗਾਏ ਜਾਣ ਦੇ ਆਦੇਸ਼ ਦਿੱਤੇ ਹਨ ਤਾਂ ਕਿ ਸਬਸਿਡੀ ਦੇ ਨਾਂਅ ’ਤੇ ਕਿਸੇ ਕਿਸਮ ਦੀ ਕਾਲਾਬਾਜ਼ਾਰੀ ਨਾ ਹੋ ਸਕੇ। ਧਾਲੀਵਾਲ ਅੱਜ ਪਟਿਆਲਾ ਦੇ ਪਿੰਡ ਦੌਲਤਪੁਰ ਵਿਖੇ ਜੀ.ਐਸ.ਏ.ਆਈ. ਦੀ ਐਗਰੀਜ਼ੋਨ ਯੂਨਿਟ ਵਿਖੇ ਸੁਪਰਸੀਡਰ ਤੇ ਹੋਰ ਮਸ਼ੀਨਰੀ ਦਾ ਪੰਜਾਬ ਸਰਕਾਰ ਵੱਲੋਂ ਰੱਖੇ ਮਾਪਦੰਡਾਂ ’ਤੇ ਖਰ੍ਹੇ ਉਤਰਨ ਸਬੰਧੀ ਮੁਆਇਨਾ ਕਰਨ ਪੁੱਜੇ ਹੋਏ ਸਨ।

ਇਸ ਮੌਕੇ ਉਨ੍ਹਾਂ ਕਿਹਾ ਕਿ ਇੱਕ ਸਾਲ ਪਹਿਲਾਂ ਸੁਪਰਸੀਡਰ ਅਤੇ ਪਰਾਲੀ ਸਾਂਭਣ ਵਾਲੇ ਸੰਦਾਂ ਉਪਰ ਸਬਸਿਡੀ ਮਾਮਲੇ ਵਿੱਚ ਵੱਡਾ ਘਪਲਾ ਹੋਇਆ ਸੀ, ਇਸ ਲਈ ਮਾਨ ਸਰਕਾਰ ਨੇ ਇਸ ਵਾਰ ਅਜਿਹਾ ਰੋਕਣ ਲਈ ਖੇਤੀ ਮਸ਼ੀਨਰੀ ਉਪਰ ਲੇਜ਼ਰ ਨਾਲ ਇੱਕ ਵਿਸ਼ੇਸ਼ ਨੰਬਰ ਲਗਾਉਣ ਦੇ ਆਦੇਸ਼ ਦਿੱਤੇ ਹਨ ਤਾਂ ਕਿ ਇਸ ਮਸ਼ੀਨਰੀ ਨੂੰ ਸਬਸਿਡੀ ਲਈ ਦੁਬਾਰਾ ਨਾ ਵਰਤਿਆ ਜਾ ਸਕੇ ਕਿਉਂਕਿ ਇਸ ਉਪਰ ਸਰਕਾਰ 50 ਫ਼ੀਸਦੀ ਸਬਸਿਡੀ ਦਿੰਦੀ ਹੈ।

ਕਿਸਾਨ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਅਪੀਲ

ਉਨ੍ਹਾਂ ਕਿਹਾ ਕਿ ਪੰਜਾਬ ’ਚ ਪਰਾਲੀ ਨੂੰ ਅੱਗ ਨਾ ਲਾ ਕੇ ਵਾਤਾਵਰਣ ਦੀ ਸੰਭਾਲ ਕੀਤੀ ਜਾਵੇ ਅਤੇ ਨਾਲ-ਨਾਲ ਛੋਟੀਆਂ ਸਨਅਤਾਂ ਨੂੰ ਵੀ ਉਤਸ਼ਾਹਿਤ ਕੀਤਾ ਜਾ ਸਕੇ। ਉਨ੍ਹਾਂ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਪਰਾਲੀ ਤੇ ਫ਼ਸਲਾਂ ਦੀ ਹੋਰ ਰਹਿੰਦ-ਖੂੰਹਦ ਨੂੰ ਜਮੀਨ ਵਿੱਚ ਹੀ ਦਬਾਉਣ ਲਈ ਆਧੁਨਿਕ ਖੇਤੀ ਸੰਦਾਂ ਦੀ ਵਰਤੋਂ ਕਰਨ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਖੇਤੀਬਾੜੀ ਸੰਦਾਂ ਉਪਰ ਸਬਸਿਡੀ ਦੇ ਨਾਮ ’ਤੇ ਕੀਤੀ ਜਾਂਦੀ ਕਾਲਾਬਾਜ਼ਾਰੀ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਹੋਵੇਗੀ ਅਤੇ ਖੇਤੀ ਸੰਦਾਂ ’ਤੇ ਸਬਸਿਡੀ ਦਾ ਲਾਭ ਸਿੱਧਾ ਕਿਸਾਨਾਂ ਨੂੰ ਹੀ ਦਿੱਤਾ ਜਾਵੇਗਾ।

Patiala photo-02
ਪਟਿਆਲਾ ਦੇ ਪਿੰਡ ਦੌਲਤਪੁਰ ਵਿਖੇ ਐਗਰੀਜ਼ੋਨ ਵਿਖੇ ਖੇਤੀ ਮਸ਼ੀਨਰੀ ਦਾ ਮੁਆਇਨਾ ਕਰਦੇ ਹੋਏ ਖੇਤੀਬਾੜੀ ਮੰਤਰੀ ਅਤੇ ਵਿਧਾਇਕ

ਉਨਾਂ ਖੇਤੀ ਸੰਦ ਬਣਾਉਣ ਵਾਲੀਆਂ ਕੰਪਨੀਆਂ ਨੂੰ ਅਪੀਲ ਕੀਤੀ ਕਿ ਖੇਤੀ ਸੰਦ ਬਣਾਉਣ ਅਤੇ ਕਿਸਾਨਾਂ ਨੂੰ ਮੁਹੱਈਆ ਕਰਵਾਉਣ ਸਮੇਂ ਸਰਕਾਰ ਵਲੋਂ ਤੈਅ ਮਾਪਦੰਡਾਂ ਦੀ ਇੰਨ ਬਿਨ ਪਾਲਣਾ ਯਕੀਨੀ ਬਣਾਉਣ ਤਾਂਕਿ ਸਰਕਾਰ ਨੂੰ ਸਬਸਿਡੀ ਦੇਣ ਵਿਚ ਕੋਈ ਦਿੱਕਤ ਨਾ ਆਵੇ।
ਇਸ ਮੌਕੇ ਵਿਧਾਇਕ ਡਾ. ਬਲਬੀਰ ਸਿੰਘ, ਵਿਧਾਇਕ ਗੁਰਲਾਲ ਘਨੌਰ, ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ, ਲੋਕ ਸਭਾ ਇੰਚਾਰਜ ਇੰਦਰਜੀਤ ਸਿੰਘ ਸੰਧੂ, ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ, ਖੇਤੀਬਾੜੀ ਵਿਭਾਗ ਦੇ ਸਕੱਤਰ ਅਰਸ਼ਦੀਪ ਸਿੰਘ ਥਿੰਦ, ਡਾਇਰੈਕਟਰ ਖੇਤੀਬਾੜੀ ਡਾ. ਗੁਰਵਿੰਦਰ ਸਿੰਘ ਸਮੇਤ ਖੇਤੀਬਾੜੀ, ਐਮ.ਡੀ. ਜਤਿੰਦਰਪਾਲ ਸਿੰਘ ਸਮੇਤ ਹੋਰ ਅਧਿਕਾਰੀ ਮੌਜੂਦ ਸਨ।

ਮਸ਼ੀਨਾਂ ਦੇ ਘਪਲੇ ਸਬੰਧੀ ਹੋਵੇਗੀ ਜਾਂਚ

ਇੱਕ ਸਵਾਲ ਦੇ ਜਵਾਬ ਵਿੱਚ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਭਗਵੰਤ ਮਾਨ ਦੀਆਂ ਲੱਤਾਂ ਵਿੱਚ ਜਾਨ ਹੈ, ਇਸ ਲਈ ਉਹ ਘਪਲੇ ਸਬੰਧੀ ਵਿਜੀਲੈਂਸ ਤੋਂ ਜਾਂਚ ਕਰਵਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਤੋਂ ਆਗਿਆ ਮੰਗੀ ਹੈ। ਉਨ੍ਹਾਂ ਕਿਹਾ ਕਿ ਉਸ ਸਮੇਂ ਖੇਤੀਬਾੜੀ ਮੰਤਰੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਨ, ਇਸ ਲਈ ਜੋਂ ਇਸ ਘਪਲੇ ਸਬੰਧੀ ਜਿੰਮੇਵਾਰ ਹੋਇਆ, ਉਸ ਖਿਲਾਫ਼ ਕਾਰਵਾਈ ਹੋਵੇਗੀ। ਮਸ਼ੀਨਾਂ ਦੀ ਵੰਡ ਵਿੱਚ ਮੁਢਲੇ ਤੌਰ ’ਤੇ 150 ਕਰੋੜ ਰੁਪਏ ਦਾ ਘਪਲਾ ਹੋਣ ਸਬੰਧੀ ਸਾਹਮਣੇ ਆਇਆ ਹੈ। ਉਨ੍ਹਾਂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਸਬੰਧੀ ਕਿਹਾ ਕਿ ਉਹ ਟਿਕਟ ਲਈ ਕੈਪਟਨ ਦੇ ਘਰ ਚੱਕਰ ਲਗਾਉਂਦੇ ਫ਼ਿਰਦੇ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ