ਸਿਵਲ ਸੇਵਾ ਪ੍ਰੀਖਿਆ ’ਚ ਹਿੰਦੀ ਮੀਡੀਅਮ ਦੀ ਅਸਲ ਸਥਿਤੀ

Civil Service Exam

ਸਿਵਲ ਸੇਵਾ ਸੁਫ਼ਨੇ ਪੂਰੇ ਹੋਣ ਅਤੇ ਟੁੱਟਣ ਦੋਵਾਂ ਦਾ ਹਮੇਸ਼ਾ ਤੋਂ ਗਵਾਹ ਰਿਹਾ ਹੈ। ਬਿ੍ਰਟਿਸ਼ ਕਾਲ ਤੋਂ ਹੀ ਅਜਿਹੇ ਸੁਫਨੇ ਬਣਨ ਦੀ ਥਾਂ ਇਲਾਹਾਬਾਦ ਰਹੀ ਹੈ ਜਿਸ ਦਾ ਰਸਮੀ ਨਾਂਅ ਹੁਣ ਪਰਿਆਗਰਾਜ ਹੈ। ਪਹਿਲੀ ਵਾਰ ਸਾਲ 1922 ’ਚ ਸਿਵਲ ਸੇਵਾ ਦੀ ਪ੍ਰੀਖਿਆ (Civil Service Exam) ਦਾ ਇੱਕ ਕੇਂਦਰ ਲੰਦਨ ਦੇ ਨਾਲ ਇਲਾਹਾਬਾਦ ਸੀ ਜੋ ਸਿਵਲ ਸੇਵਕਾਂ ਦੇ ਉਦਪਾਦਨ ਦਾ ਦਹਾਕਿਆਂ ਤੱਕ ਵੱਡਾ ਸਥਾਨ ਬਣਿਆ ਰਿਹਾ। ਨਾਲ ਹੀ ਸਮੇਂ-ਸਮੇਂ ’ਤੇ ਸਿਵਲ ਸੇਵਾ ਪ੍ਰੀਖਿਆ ਦੇ ਪਾਠਕ੍ਰਮ ’ਚ ਬਦਲਾਅ ਵੀ ਹੰੁਦਾ ਰਿਹਾ ਜੋ ਕਿਸੇ ਲਈ ਸੁਧਾਰਵਾਦੀ ਤਾਂ ਕਿਸੇ ਨੂੰ ਅੜਚਨ ’ਚ ਵੀ ਪਾਉਦਾ। ਭਾਵ 2011 ’ਚ ਸ਼ੁਰੂਆਤੀ ਪ੍ਰੀਖਿਆ ’ਚ ਸੀਸੈਟ ਹਿੰਦੀ ਮੀਡੀਅਮ ਲਈ ਰੁਕਾਵਟ ਦਾ ਸਭ ਤੋਂ ਵੱਡਾ ਕਾਰਨ ਬਣ ਗਿਆ ਜਦੋਂਕਿ 2013 ’ਚ ਆਏ ਮੁੱਖ ਪ੍ਰੀਖਿਆ ’ਚ ਬਦਲਾਅ ਤੋਂ ਬਾਅਦ ਮੰਨੋ ਹਿੰਦੀ ਮੀਡੀਅਮ ਹਾਸ਼ੀਏ ’ਤੇ ਚਲਾ ਗਿਆ ਅਤੇ ਇਹ ਕ੍ਰਮ ਲਗਭਗ ਅੱਜ ਵੀ ਜਾਰੀ ਹੈ। ਜਦੋਂ ਕਿ 2014 ਤੋਂ ਪਹਿਲਾਂ ਅਜਿਹਾ ਨਹੀਂ ਸੀ।

ਬੀਤੇ ਇੱਕ ਦਹਾਕੇ ਤੋਂ ਹਿੰਦੀ ਭਾਸ਼ੀ ਪ੍ਰਤੀਯੋਗੀਆਂ ਦੀ ਡਿੱਗਦੀ ਚੋਣ ਦਰ ਚਿੰਤਾ ਦਾ ਸਬੱਬ ਬਣ ਚੁੱਕੀ ਹੈ। ਪੜਤਾਲ ਕਰਨ ’ਤੇ ਜੋ ਅੰਕੜੇ ਪ੍ਰਾਪਤ ਹੋਏ ਹਨ ਉਸ ਤੋਂ ਪਤਾ ਲੱਗਦਾ ਹੈ ਕਿ ਸਿਵਲ ਸੇਵਾ ਪ੍ਰੀਖਿਆ 2022 ਦੇ ਨਤੀਜੇ ’ਚ ਪਹਿਲੀ ਵਾਰ ਹਿੰਦੀ ਮੀਡੀਅਮ ’ਚ ਅੰਕੜਾ ਤੁਲਨਾਤਮਕ ਬਿਹਤਰ ਹੈ ਹਾਲਾਂਕਿ ਕੁੱਲ 933 ਚੋਣ ਦੇ ਮੁਕਾਬਲੇ ਇਹ ਅੰਕੜਾ 54 ਦਾ ਦੱਸਿਆ ਜਾ ਰਿਹਾ ਹੈ ਜੋ 5.78 ਫੀਸਦੀ ਹੁੰਦਾ ਹੈ। ਇਸ ਲਿਹਾਜ਼ ਨਾਲ ਇਹ ਜ਼ਿਆਦਾ ਤਾਂ ਨਹੀਂ ਪਰ ਸੰਤੋਸ਼ਜਨਕ ਕਿਹਾ ਜਾ ਸਕਦਾ ਹੈ। ਇਸ ਵਿਚ ਚੰਗੀ ਗੱਲ ਇਹ ਹੈ ਕਿ 66ਵੀਂ, 85ਵੀਂ ਅਤੇ 89ਵੀਂ ਰੈਂਕ ਹਿੰਦੀ ਮੀਡੀਅਮ ਦੇ ਉਮੀਦਵਾਰਾਂ ਦਾ ਹੈ।

ਨਤੀਜੇ ਮਨ ਨੂੰ ਤਸੱਲੀ ਦੇਣ ਵਾਲੇ | Civil Service Exam

ਪੜਤਾਲ ਦੱਸਦੀ ਹੈ ਕਿ 2013 ’ਚ ਕੁੱਲ 25 ਪ੍ਰਤੀਯੋਗੀ ਹੀ ਹਿੰਦੀ ਮੀਡੀਅਮ ਦੇ ਚੁਣੇ ਗਏ ਸਨ। 2014 ’ਚ ਹਿੰਦੀ ਮੀਡੀਅਮ ਚੋਣ ਲਗਭਗ 5 ਫੀਸਦੀ ਸੀ ਅਤੇ 13ਵਾਂ ਰੈਂਕ ਹਿੰਦੀ ਮੀਡੀਅਮ ਦਾ ਸੀ। 2015 ’ਚ ਅੰਕੜਾ ਬਹੁਤ ਸਕਾਰਾਤਮਕ ਨਹੀਂ ਪਰ ਸੌ ਦੇ ਅੰਦਰ ਦੋ ਹਿੰਦੀ ਮੀਡੀਅਮ ਦੇ ਪ੍ਰਤੀਯੋਗੀ ਚੁਣੇ ਗਏ ਸਨ ਜਦੋਂ ਕਿ 2016 ’ਚ 50 ਅੰਦਰ 3 ਹਿੰਦੀ ਮੀਡੀਅਮ ਦੇ ਸਨ। 2017 ’ਚ ਵੀ ਕਾਫ਼ੀ ਹੱਦ ਤੱਕ ਸਥਿਤੀ ਕਾਬੂ ’ਚ ਸੀ ਪਰ 2018 ’ਚ 337ਵੀਂ ਰੈਂਕ ਅਤੇ 2019 ’ਚ 317ਵੀਂ ਅਤੇ 2020 ’ਚ 246ਵੀਂ ਰੈਂਕ ਪਾਉਣ ਵਾਲਾ ਹਿੰਦੀ ਮੀਡੀਅਮ ਦਾ ਟੌਪਰ ਸੀ।

ਜ਼ਾਹਿਰ ਹੈ ਇਨ੍ਹਾਂ ਸਾਲਾਂ ’ਚ ਚੋਣ ਫੀਸਦੀ ਤਾਂ ਘੱਟ ਸੀ ਹੀ ਹਿੰਦੀ ਮੀਡੀਅਮ ਵੀ ਦੂਰ ਖੜ੍ਹਾ ਸੀ। 2021 ਦੇ ਨਤੀਜੇ ਮਨ ਨੂੰ ਤਸੱਲੀ ਦੇਣ ਵਾਲੇ ਸਨ ਅਤੇ 18ਵੀਂ ਰੈਂਕ ’ਤੇ ਹਿੰਦੀ ਮੀਡੀਅਮ ਦਾ ਪ੍ਰਤੀਯੋਗੀ ਕਾਬਜ਼ ਹੋਇਆ ਸੀ ਅਤੇ ਲੰਘੀ 23 ਮਈ ਨੂੰ ਐਲਾਨੇ ਸਿਵਲ ਸੇਵਾ ਪ੍ਰੀਖਿਆ 2022 ਦੇ ਨਤੀਜਿਆਂ ’ਚ ਹਿੰਦੀ ਮੀਡੀਅਮ ਦਾ ਤੁਲਨਾਤਮਕ ਬਿਹਤਰ ਪ੍ਰਦਰਸ਼ਨ ਹਿੰਦੀ ਭਾਸ਼ੀ ਪ੍ਰਤੀਯੋਗੀਆਂ ਨੂੰ ਇੱਕ ਨਵਾਂ ਉਤਸ਼ਾਹ ਜ਼ਰੂਰ ਦੇ ਰਿਹਾ ਹੋਵੇਗਾ।

ਸਾਲ ਪਹਿਲਾਂ ਦੀ ਇੱਕ ਰਿਪੋਰਟ ਤੋਂ ਇਹ ਪਤਾ ਲੱਗਦਾ ਹੈ ਕਿ ਮਸੂਰੀ ਸਥਿਤ ਲਾਲ ਬਹਾਦਰ ਰਾਸ਼ਟਰੀ ਪ੍ਰਸ਼ਾਸਨਿਕ ਅਕਾਦਮੀ ’ਚ ਟੇ੍ਰਨਿੰਗ ਲੈ ਰਹੇ 370 ਅਧਿਕਾਰੀਆਂ ’ਚੋਂ ਸਿਰਫ਼ 8 ਹਿੰਦੀ ਮੀਡੀਅਮ ਦੇ ਸਨ। ਗੱਲ ਹਿੰਦੀ ਮੀਡੀਅਮ ਤੱਕ ਦੀ ਹੀ ਨਹੀਂ ਹੈ ਸਵਾਲ ਦੇਸ਼ ’ਚ ਵੱਡੀ ਗਿਣਤੀ ’ਚ ਲੱਗੇ ਉਮੀਦਵਾਰਾਂ ਦੇ ਵਜੂਦ ਦਾ ਵੀ ਹੈ। ਸਵਾਲ ਇਹ ਵੀ ਹੈ ਕਿ ਸਿਵਲ ਸੇਵਾ ਪ੍ਰੀਖਿਆ ਪ੍ਰਤੀ ਜਿਸ ਸਮੱਰਪਣ ਨਾਲ ਯੁਵਾ ਜ਼ਿੰਦਗੀ ਦਾ ਇੱਕ ਵੱਡਾ ਹਿੱਸਾ ਖਪਾਉਂਦਾ ਹੈ ਆਖਰ ਹਿੰਦੀ ਮੀਡੀਅਮ ਉਸ ਨੂੰ ਉੱਥੋਂ ਤੱਕ ਪਹੁੰਚਣ ’ਚ ਅੜਿੱਕਾ ਕਿਉਂ ਹੈ। ਸਵਾਲ ਦੂਜਾ ਇਹ ਹੈ ਕਿ ਮੁਸ਼ਕਲ ਹਿੰਦੀ ਮੀਡੀਅਮ ਦੀ ਹੈ ਜਾਂ ਕੋਈ ਕਮੀ ਯੂਪੀਐਸਸੀ ’ਚ ਹੈ ਜਾਂ ਫ਼ਿਰ ਹਿੰਦੀ ਮੀਡੀਅਮ ਦੇ ਉਮੀਦਵਾਰ ਦਾ ਪੱਧਰਹੀਣ ਪ੍ਰਦਰਸ਼ਨ ਹੈ।

ਸੁਧਾਰ ਤਾਂ ਕਰਨਾ ਪਵੇਗਾ

ਸਵਾਲ ਚਕਰਾ ਦੇਣ ਵਾਲੇ ਹਨ ਫਿਰ ਵੀ ਸੁਧਾਰ ਤਾਂ ਕਰਨਾ ਪਵੇਗਾ। ਚਾਹੇ ਪ੍ਰਤੀਯੋਗੀ ਦੀ ਕਮੀ ਹੋਵੇ ਜਾਂ ਮੁਕਾਬਲੇ ਦੀ ਵਿਵਸਥਾ ’ਚ ਇਸ ਦਰ ਨੂੰ ਲੰਮੇ ਸਮੇਂ ਤੱਕ ਬਣਾਈ ਰੱਖਣਾ ਸਹੀ ਤਾਂ ਬਿਲਕੁਲ ਨਹੀਂ ਹੋਵੇਗਾ। ਜ਼ਿਕਰਯੋਗ ਹੈ ਕਿ ਕਾਰਮਿਕ ਅਤੇ ਸਿਖਲਾਈ ਮਾਮਲਿਆਂ ਦੀ ਸੰਸਦੀ ਸਥਾਈ ਕਮੇਟੀ ਨੇ ਇਸ ਸਬੰਧ ’ਚ ਇੱਕ ਮਾਹਿਰ ਕਮੇਟੀ ਗਠਿਤ ਕਰਨ ਦੀ ਸਿਫਾਰਿਸ਼ ਕੀਤੀ ਹੈ ਜੋ ਇਹ ਪਤਾ ਲਾਏਗੀ ਕਿ ਵਰਤਮਾਨ ਭਰਤੀ ਪ੍ਰਕਿਰਿਆ ’ਚ ਕੀ ਅੰਗਰੇਜ਼ੀ ਮੀਡੀਅਮ ’ਚ ਪੜ੍ਹਾਈ ਕਰਨ ਵਾਲੇ ਉਮੀਦਵਾਰਾਂ ਅਤੇ ਗੈਰ-ਅੰਗਰੇਜ਼ੀ ਉਮੀਦਵਾਰਾਂ ਨੂੰ ਬਰਾਬਰ ਮੌਕਾ ਮਿਲ ਰਿਹਾ ਹੈ? ਇਸ ਤੋਂ ਇਲਾਵਾ ਵੀ ਕਈ ਹੋਰ ਮੁੱਦੇ ਇਸ ’ਚ ਸ਼ਾਮਲ ਹੈ ਭਾਵ ਪ੍ਰੀਖਿਆ ਦੀ ਮਿਆਦ ’ਚ ਕਮੀ ਸ਼ੁਰੂਆਤੀ ਪ੍ਰੀਖਿਆ ਦੇ ਅੰਕਾਂ ਨੂੰ ਦੱਸਿਆ ਜਾਣਾ ਆਦਿ।

ਅਜਿਹਾ ਨਹੀਂ ਹੈ ਕਿ ਹਿੰਦੀ ਮੀਡੀਅਮ ਦੀ ਦੁਰਦਸ਼ਾ ਹਮੇਸ਼ਾ ਤੋਂ ਅਜਿਹੀ ਰਹੀ। ਇਸੇ ਪ੍ਰੀਖਿਆ ’ਚ ਕਦੇ 100 ਸਥਾਨਾਂ ਅੰਦਰ 10 ਤੋਂ 20 ਹਿੰਦੀ ਮੀਡੀਅਮ ਦੇ ਉਮੀਦਵਾਰ ਹੁੰਦੇ ਸਨ। ਐਨਾ ਹੀ ਨਹੀਂ 2002 ’ਚ ਅਜੇ ਮਿਸ਼ਰਾ ਹਿੰਦੀ ਮੀਡੀਅਮ ਤੋਂ 5ਵੇਂ ਰੈਂਕ ’ਤੇ ਸਨ ਜਦੋਂ ਕਿ ਕਿਰਨ ਕੌਸ਼ਲ ਨੇ 2008 ’ਚ ਤੀਜਾ ਰੈਂਕ ਹਾਸਲ ਕੀਤਾ ਸੀ। ਉਸ ਤੋਂ ਬਾਅਦ ਸਥਿਤੀ ਬੇਕਾਬੂ ਹੋਈ ਅਤੇ 2014 ਤੋਂ ਤਾਂ ਹਿੰਦੀ ਮੀਡੀਅਮ ਦੇ ਉਮੀਦਵਾਰ ਨਦਾਰਦ ਹੋਣ ਲੱਗੇ। ਸਵਾਲ ਇਹ ਵੀ ਹੈ ਕਿ ਕੀ 2008 ਤੋਂ ਬਾਅਦ ਹਿੰਦੀ ਮੀਡੀਅਮ ’ਚ ਪ੍ਰੀਖਿਆ ਦੇਣ ਵਾਲੇ ਦੀ ਬੌਧਿਕ ਯੋਗਤਾ ’ਚ ਗਿਰਾਵਟ ਆ ਗਈ? ਇਹ ਤਿੱਖਾ ਸਵਾਲ ਹੈ ਅਤੇ ਇਸ ਦਾ ਹੱਲ ਲੱਭਣਾ ਹੋਵੇਗਾ।

ਇਹ ਵੀ ਪੜ੍ਹੋ : ਵਾਤਾਵਰਨ ਤੇ ਵਿਕਾਸ ਦਾ ਸਰੂਪ

ਬੀਤੇ ਦੋ ਦਹਾਕਿਆਂ ਤੋਂ ਦਿੱਲੀ ਤੋਂ ਲੈ ਕੇ ਇਲਾਹਾਬਾਦ, ਪਟਨਾ, ਜੈਪੁਰ ਅਤੇ ਲਖਨਊ ਸਮੇਤ ਉੱਤਰ ਭਾਰਤ ਦੇ ਹਿੰਦੀ ਭਾਸ਼ੀ ਖੇਤਰਾਂ ਸਮੇਤ ਪੂਰੇ ਭਾਰਤ ’ਚ ਕੋਚਿੰਗਾਂ ਦਾ ਹੜ੍ਹ ਆ ਗਿਆ। ਹਾਲਾਂਕਿ ਇਸ ’ਚ ਨਾਂਅ ਤਾਂ ਭੋਪਾਲ, ਇੰਦੌਰ ਅਤੇ ਦੇਹਰਾਦੂਨ ਸਮੇਤ ਕਈ ਖੇਤਰਾਂ ਦਾ ਲਿਆ ਜਾ ਸਕਦਾ ਹੈ। ਦਿੱਲੀ ’ਚ ਮੁਖਰਜੀ ਨਗਰ ’ਚ ਹਿੰਦੀ ਮੀਡੀਅਮ ਦੀ ਕੋਚਿੰਗ ਦੀ ਗਿਣਤੀ ਵੀ ਜਿਆਦਾ ਹੈ ਅਤੇ ਪ੍ਰਤੀਯੋਗੀ ਵੀ। ਇੱਥੇ ਹਿੰਦੀ ਮੀਡੀਅਮ ਦੀ ਤਿਆਰੀ ਕਰਨ ਅਤੇ ਕਰਵਾਉਣ ਵਾਲਿਆਂ ਦਾ ਸਭ ਤੋਂ ਵੱਡਾ ਸੰਗਮ ਹੰੁਦਾ ਹੈ। ਇੱਥੋਂ ਰਣਨੀਤੀ ਦੀ ਕਤਾਈ-ਬੁਣਾਈ ਅਤੇ ਪ੍ਰੀਖਿਆ ’ਚ ਸਫਲ ਹੋਣ ਦਾ ਪੂਰਾ ਤਾਣਾ-ਬਾਣਾ ਬੁਣਿਆ ਜਾਂਦਾ ਹੈ।

ਨੋਟਸ ਤੋਂ ਲੈ ਕੇ ਪੜ੍ਹਨ-ਪੜ੍ਹਾਉਣ ਦੀ ਰਣਨੀਤੀ ਦਾ ਇੱਥੇ ਬਹੁਤ ਵੱਡਾ ਬਜ਼ਾਰ ਹੈ। ਇਸ ਬਜ਼ਾਰ ’ਚ ਮਹਿੰਗੇ-ਸਸਤੇ ਸਭ ਵਿਕ ਰਹੇ ਹਨ। ਪ੍ਰਤੀਯੋਗੀ ਦੀ ਭੱਜ-ਦੌੜ ’ਚ ਵੀ ਸ਼ਾਇਦ ਹੀ ਕੋਈ ਕਮੀ ਹੋਵੇ। ਸਿੱਧੀ ਗੱਲ ਕਹੀਏ ਤਾਂ ਉਹ ਕਾਰਪੋਰੇਟ ਅਤੇ ਪੂੰਜੀਵਾਦ ਦੀ ਇਸ ਦੁਨੀਆ ’ਚ ਕਾਫੀ ਹੱਦ ਤੱਕ ਕੋਚਿੰਗ ਦੀ ਚਕਾਚੌਂਧ ਤੋਂ ਵੀ ਗ੍ਰਸਤ ਹੈ। ਜਦੋਂਕਿ ਵੱਡੀ ਸੱਚਾਈ ਇਹ ਹੈ ਕਿ ਸਿਵਲ ਸੇਵਾ ਪ੍ਰੀਖਿਆ ਵਿਸ਼ਲੇਸ਼ਣਾਤਮਕ ਅਤੇ ਵਿਚਾਰਸ਼ੀਲ ਧਾਰਨਾ ਨਾਲ ਯੁਕਤ ਹੈ ਜਿਸ ’ਚ ਨਿਰਧਾਰਿਤ ਸ਼ਬਦਾਂ ਅੰਦਰ ਗੱਲ ਕਹਿਣ ਦੀ ਸਮਰੱਥਾ ਵਿਕਸਿਤ ਕਰਨੀ ਹੈ। ਜਿਸ ਲਈ ਜ਼ਰੂਰੀ ਸਮੱਗਰੀ ਅਤੇ ਸੁਚੱਜਾ ਮਾਰਗਦਰਸ਼ਨ ਅਤੇ ਸੀਮਤ ਵਿਵੇਕਸ਼ੀਲਤਾ ਦੀ ਲੋੜ ਹੈ।

ਇਹ ਵੀ ਪੜ੍ਹੋ : ਮੌਸਮ : ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ‘ਚ ਮੀਂਹ ਦੀ ਸੰਭਾਵਨਾ

ਹਿੰਦੀ ਮੀਡੀਅਮ ’ਚ ਪੱਛੜਨ ਦਾ ਇੱਕ ਵੱਡਾ ਕਾਰਨ ਘੱਟ ਸਮੇਂ ’ਚ ਠੀਕ ਤਰੀਕੇ ਨਾਲ ਪੂਰੀ ਗੱਲ ਲਿਖ ਨਾ ਸਕਣਾ ਵੀ ਹੈ। ਕਈ ਵਾਰ ਅੰਗਰੇਜ਼ੀ ਅਨੁਵਾਦ ਦੀ ਹਿੰਦੀ ਬਹੁਤ ਔਖੀ ਹੋਣ ਨਾਲ ਵੀ ਉਮੀਦਵਾਰਾਂ ਨੂੰ ਸਵਾਲ ਸਮਝਣ ’ਚ ਦਿੱਕਤ ਹੁੰਦੀ ਹੈ। ਐਨਾ ਹੀ ਨਹੀਂ ਅੰਗਰੇਜ਼ੀ ਦੀ ਪਾਠ-ਸਮੱਗਰੀ ਵੀ ਬਹੁਤ ਹੈ ਜਦੋਂ ਕਿ ਹਿੰਦੀ ਮੀਡੀਅਮ ’ਚ ਹੁਣ ਵੀ ਇਸ ਦੀ ਕਮੀ ਮਹਿਸੂਸ ਕੀਤੀ ਜਾਂਦੀ ਹੈ।

ਅਜ਼ਾਦੀ ਤੋਂ ਬਾਅਦ ਸਭ ਤੋਂ ਜ਼ਿਆਦਾ ਵੱਡਾ ਫੇਰਬਦਲ ਸਿਵਲ ਸੇਵਾ ਪ੍ਰੀਖਿਆ ’ਚ ਸਾਲ 1979 ’ਚ ਦੇਖਿਆ ਜਾ ਸਕਦਾ ਹੈ ਜੋ ਕੋਠਾਰੀ ਕਮੇਟੀ ਦੀਆਂ ਸਿਫਾਰਸ਼ਾਂ ’ਤੇ ਆਧਾਰਿਤ ਹੈ। ਇੱਥੋਂ ਹੀ ਸਿਵਲ ਸੇਵਾ ਪ੍ਰੀਖਿਆ ਸ਼ੁਰੂਆਤੀ, ਮੁੱਖ ਅਤੇ ਇੰਟਰਵਿਊ ਨੂੰ ਸਮੇਟਦੇ ਹੋਏ ਤਿੰਨ-ਪੱਧਰੀ ਹੋ ਗਈ ਅਤੇ ਇਸ ਬਦਲੇ ਪੈਟਰਨ ਦੇ ਚੱਲਦਿਆਂ ਹਿੰਦੀ ਮੀਡੀਅਮ ਦਾ ਵੀ ਉਦੈ ਹੋਇਆ। ਪ੍ਰਸ਼ਾਸਨਿਕ ਸੇਵਾ ਨੂੰ ਲੈ ਕੇ ਹਮੇਸ਼ਾ ਤੋਂ ਨੌਜਵਾਨਾਂ ’ਚ ਖਿੱਚ ਰਹੀ ਹੈ ਨਾਲ ਹੀ ਦੇਸ਼ ਦੀ ਸੇਵਾ ਦਾ ਵੱਡਾ ਮੌਕਾ ਵੀ ਇਸ ਦੇ ਜ਼ਰੀਏ ਦੇਖਿਆ ਜਾਂਦਾ ਰਿਹੈ। ਲੱਖਾਂ ਲੜਕੇ-ਲੜਕੀਆਂ ਇਸ ਨੂੰ ਆਪਣੇ ਕਰੀਅਰ ਦਾ ਜ਼ਰੀਆ ਚੁਣਦੇ ਹਨ ਪਰ ਬੀਤੇ ਕੁਝ ਸਾਲਾਂ ਤੋਂ ਹਿੰਦੀ ਮੀਡੀਅਮ ਦੇ ਪ੍ਰਤੀਯੋਗੀਆਂ ਨੂੰ ਲਗਾਤਾਰ ਨਿਰਾਸ਼ਾ ਮਿਲ ਰਹੀ ਹੈ। ਹਾਲਾਂਕਿ ਇਸ ਵਾਰ ਇਸ ’ਚ ਸੁਧਾਰ ਹੋਇਆ ਹੈ ਪਰ ਹਾਲੇ ਕਾਫ਼ੀ ਨਹੀਂ ਹੈ।

ਇਹ ਵੀ ਪੜ੍ਹੋ : ਮੋਹਾਲੀ ਪੁਲਿਸ ਵੱਲੋਂ 11 ਲੁਟੇਰਿਆਂ ਨੂੰ ਲਗਜ਼ਰੀ ਕਾਰਾਂ ਸਮੇਤ ਕੀਤਾ ਕਾਬੂ

ਯੂਪੀਐਸਸੀ ਨੇ ਇਸ ਪ੍ਰੀਖਿਆ ’ਚ ਸੁਧਾਰ ਲਈ ਕਈ ਕਦਮ ਸਮੇਂ-ਸਮੇਂ ’ਤੇ ਚੁੱਕੇ ਹਨ। ਦੋਸ਼ ਤਾਂ ਨਹੀਂ ਹੈ ਪਰ ਘੱਟ ਹੁੰਦੀ ਹਿੰਦੀ ਮੀਡੀਅਮ ਦੀ ਚੋਣ ਇਹ ਕਹਿਣ ਦੀ ਇਜਾਜਤ ਦਿੰਦੀ ਹੈ ਕਿ ਇੱਕ ਵਾਰ ਇਸ ਦੀ ਪੜਤਾਲ ਹੋਣੀ ਚਾਹੀਦੀ ਹੈ ਕਿ ਕਮੀ ਕਿੱਥੇ ਹੈ। ਹਿੰਦੀ ਅਤੇ ਹੋਰ ਖੇਤਰੀ ਭਾਸ਼ਾ ਪੇ੍ਰਮੀਆਂ ਲਈ ਇਸ ਸੱਚਾਈ ਨੂੰ ਜਾਣਨਾ ਜ਼ਰੂਰੀ ਹੈ ਤਾਂ ਕਿ ਉਹ ਇਸ ਦਿਸ਼ਾ ’ਚ ਵਿਹਾਰਕ ਉਪਾਅ ਅਪਣਾਉਂਦੇ ਹੋਏ ਖੁਦ ਦੀ ਚੋਣ ਦੇ ਨਾਲ ਅੰਕੜਿਆਂ ’ਚ ਵੀ ਸੁਧਾਰ ਲਿਆ ਸਕਣ। ਕਈ ਬਿਹਤਰੀਨ ਹਿੰਦੀ ਭਾਸ਼ੀ ਉਮੀਦਵਾਰਾਂ ਨੂੰ ਜਦੋਂ ਹਤਾਸ਼ ਹੁੰਦਿਆਂ ਦੇਖਦਾ ਹਾਂ ਤਾਂ ਇਹ ਮਹਿਸੂਸ ਹੰੁਦਾ ਹੈ ਕਿ ਕਿਤੇ ਗਲਤੀ ਕਿਸੇ ਹੋਰ ਦੀ ਅਤੇ ਭੁਗਤ ਕੋਈ ਹੋਰ ਨਾ ਰਿਹਾ ਹੋਵੇ। ਫਿਲਹਾਲ ਹਿੰਦੀ ਮੀਡੀਅਮ ਵਾਲਿਆਂ ਦੇ ਪੱਛੜਨ ਦੀ ਵਜ੍ਹਾ ਹੋਰ ਵੀ ਹੋ ਸਕਦੀ ਹੈ। ਇਕੱਠਿਆਂ ਸਭ ਦੀ ਭਾਲ ਮੁਮਕਿਨ ਨਹੀਂ ਹੈ ਪਰ ਰਸਮੀ ਸੁਧਾਰ ਅਤੇ ਗੈਰ-ਰਸਮੀ ਆਦਤਾਂ ਨੂੰ ਬਦਲ ਕੇ ਇਸ ਮੀਡੀਅਮ ਦੇ ਪ੍ਰਤੀਯੋਗੀ ਆਪਣਾ ਵਾਧਾ ਬਣਾ ਸਕਦੇ ਹਨ।

ਸੁਸ਼ੀਲ ਕੁਮਾਰ ਸਿੰਘ
(ਇਹ ਲੇਖਕ ਦੇ ਆਪਣੇ ਵਿਚਾਰ ਹਨ)