ਜਿਲ੍ਹਾ ਹੈੱਡਕੁਆਟਰ ਛੱਡ ਤਹਿਸੀਲ ਪੱਧਰ ਦੇ ਅਬੋਹਰ ਅਤੇ ਬਟਾਲਾ ਹੋਣਗੇ ਨਗਰ ਨਿਗਮ

Abohar, Batala, District, Headquarter, Municipal, Corporation

ਪੰਜਾਬ ਸਰਕਾਰ ਨੇ 3 ਨਵੇਂ ਬਣਾਏ ਨਗਰ ਨਿਗਮ ਅਬੋਹਰ ਅਤੇ ਬਟਾਲਾ ਨੂੰ ਕੀਤਾ ਸ਼ਾਮਲ

ਚੰਡੀਗੜ(ਅਸ਼ਵਨੀ ਚਾਵਲਾ)। ਪੰਜਾਬ ਸਰਕਾਰ ਨੇ ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਬਟਾਲਾ ਅਤੇ ਅਬੋਹਰ ਨੂੰ ਨਗਰ ਨਿਗਮ ਬਣਾਉਂਦੇ ਹੋਏ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ, ਹਾਲਾਂਕਿ ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਇਸ ਦਾ ਫਾਇਦਾ ਲੈਣ ਦੀ ਕੋਸ਼ਸ਼ ਕੀਤੀ ਜਾ ਰਹੀਂ ਹੈ ਪਰ ਜਿਲਾ ਹੈੱਡਕੁਆਟਰ ਨੂੰ ਛੱਡਦੇ ਹੋਏ ਇੱਕ ਤਹਿਸੀਲ ਪੱਧਰ ਦੇ ਇਲਾਕੇ ਨੂੰ ਨਗਰ ਨਿਗਮ ਬਣਾਉਣਾ ਦੇ ਫੈਸਲਾ ਹੈਰਾਨੀਜਨਕ ਹੈ। ਪੰਜਾਬ ਸਰਕਾਰ ਨੇ ਜਿਲਾ ਹੈੱਡਕੁਆਟਰ ਫਾਜਿਲਕਾ ਨੂੰ ਛੱਡ ਕੇ ਅਬੋਹਰ ਅਤੇ ਗੁਰਦਾਸਪੁਰ ਨੂੰ ਛੱਡ ਕੇ ਬਟਾਲਾ ਨੂੰ ਨਗਰ ਨਿਗਮ ਬਣਾਇਆ ਗਿਆ ਹੈ। ਪੰਜਾਬ ਸਰਕਾਰ ਨੇ ਇਥੇ ਹੀ ਕਪੂਰਥਲਾ ਨੂੰ ਵੀ ਨਗਰ ਨਿਗਮ ਬਣਾਇਆ ਹੈ ਪਰ ਇਨਾਂ ਤਿੰਨੇ ਨਵੇਂ ਨਗਰ ਨਿਗਮਾਂ ਵਿੱਚ ਸਿਰਫ਼ ਕਪੂਰਥਲਾ ਹੀ ਜਿਲਾ ਹੈੱਡਕੁਆਟਰ ਹੈ।
ਪੰਜਾਬ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਪੰਜਾਬ ਭਰ ਵਿੱਚ ਨਗਰ ਨਿਗਮਾਂ ਦੀ ਗਿਣਤੀ 13 ਹੋ ਗਈ ਹੈ। ਇਸ ਤੋਂ ਪਹਿਲਾਂ 10 ਨਗਰ ਨਿਗਮ ਸਨ।
ਸ਼ਨੀਵਾਰ ਨੂੰ ਹੋਈ ਕੈਬਨਿਟ ਦੀ ਮੀਟਿੰਗ ਦੌਰਾਨ ਇਸ ਫੈਸਲੇ ਨੂੰ ਹਰੀ ਝੰਡੀ ਦਿੱਤੀ ਗਈ ਹੈ ਹਾਲਾਂਕਿ ਇਸ ਤੋਂ ਪਹਿਲਾਂ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ, ਕਿਉਂਕਿ ਗੁਰਦਾਸਪੁਰ ਜ਼ਿਲੇ ਵਿੱਚ ਗੁਰਦਾਸਪੁਰ ਸ਼ਹਿਰ ਨੂੰ ਨਗਰ ਨਿਗਮ ਬਣਾਉਣ ਦੀ ਮੰਗ ਕੀਤੀ ਜਾ ਰਹੀਂ ਪਰ ਗੁਰਦਾਸਪੁਰ ਦੀ ਥਾਂ ਬਟਾਲਾ ਨੂੰ ਚੁਣਿਆ ਗਿਆ ਹੈ।
ਪੰਜਾਬ ਸਰਕਾਰ ਦੇ ਇਸ ਫੈਸਲੇ ਨਾਲ ਸਿੱਧਾ ਅਸਰ ਜਿਲਾ ਹੈੱਡਕੁਆਟਰ ਗੁਰਦਾਸਪੁਰ ਸ਼ਹਿਰ  ਅਤੇ ਫਾਜ਼ਿਲਕਾ ਸ਼ਹਿਰ ਨੂੰ ਹੋਏਗਾ, ਕਿਉਂਕਿ ਕੇਂਦਰ ਸਰਕਾਰ ਦੀ ਕਈ ਸਕੀਮਾਂ ਬਟਾਲਾ ਅਤੇ ਅਬੋਹਰ ਵਿੱਚ ਤਾਂ ਲਾਗੂ ਹੋਣਗੀਆਂ ਪਰ ਗੁਰਦਾਸਪੁਰ ਸ਼ਹਿਰ ਅਤੇ ਫਾਜ਼ਿਲਕਾ ਸ਼ਹਿਰ ਉਨ੍ਹਾਂ ਤੋਂ ਬਾਹਰ ਹੋ ਜਾਏਗਾ, ਜਿਸ ਕਾਰਨ ਦੋਵਂੇ ਨਗਰ ਨਿਗਮ ਆਪਣੇ ਜ਼ਿਲ੍ਹੇ ਨਾਲ ਜਿਆਦਾ ਤਰੱਕੀ ਕਰ ਸਕਣਗੇ।ਸਿਆਸੀ ਪੰਡਤਾਂ ਅਨੁਸਾਰ ਪੰਜਾਬ ਸਰਕਾਰ ਇਸ ਫੈਸਲੇ ਨਾਲ ਚੋਣਾਂ ਵਿੱਚ ਲਾਹਾ ਲੈਣ ਦੀ ਕੋਸ਼ਸ਼ ਕਰ ਰਹੀ ਹੈ ਪਰ ਇਸ ਦਾ ਉਲਟਾ ਨੁਕਸਾਨ ਵੀ ਹੋ ਸਕਦਾ ਹੈ, ਕਿਉਂਕਿ ਜਿਲਾ ਹੈੱਡਕੁਆਟਰ ਦੀ ਜਨਤਾ ਸਰਕਾਰ ਤੋਂ ਨਰਾਜ਼ ਹੋ ਸਕਦੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।