ਇੱਕ ਪਿੰਡ, ਜਿੱਥੇ ਨਾ ਸਾੜਦੇ ਪਰਾਲੀ, ਨਾ ਹੀ ਮਨਾਉਂਦੇ ਨੇ ਦੀਵਾਲੀ

Diwali

 ਪਿੰਡ ਵਾਸੀ ਚਾਹੁੰਦੇ ਹੋਏ ਵੀ ਨਹੀਂ ਚਲਾ ਸਕਦੇ ਪਟਾਖ਼ੇ (Diwali)

(ਸੁਖਜੀਤ ਮਾਨ) ਬਠਿੰਡਾ। Diwali ਜ਼ਿਲ੍ਹਾ ਬਠਿੰਡਾ ਦਾ ਪਿੰਡ ਫੂਸ ਮੰਡੀ ਅਜਿਹਾ ਪਿੰਡ ਹੈ, ਜਿੱਥੇ ਕਰੀਬ ਅੱਧੀ ਸਦੀ ਦਾ ਸਮਾਂ ਹੋ ਗਿਆ ਪਿੰਡ ਵਾਸੀਆਂ ਨੇ ਚਾਵਾਂ ਨਾਲ ਦੀਵਾਲੀ ਨਹੀਂ ਮਨਾਈ ਮਹੌਲ ਦੇਖ ਕੇ ਪਿੰਡ ਦੇ ਨਿਆਣੇ ਵੀ ਸਿਆਣੇ ਹੋ ਗਏ ਜੋ ਬੱਚੇ ਪਟਾਖੇ ਚਲਾਉਣ ਦੀ ਜਿੱਦ ਕਰਦੇ ਨੇ ਉਹ ਰਿਸ਼ਤੇਦਾਰੀਆਂ ’ਚ ਜਾ ਕੇ ਦੀਵਾਲੀ ਮਨਾ ਆਉਂਦੇ ਹਨ ਪਿੰਡ ਵਾਸੀ ਦੱਸਦੇ ਹਨ ਕਿ ਹੁਣ ਤਾਂ ਉਨ੍ਹਾਂ ਦੀ ਇਹ ਆਦਤ ਜਿਹੀ ਬਣ ਗਈ ਹੈ ਕਿ ਨਾ ਦੀਵਾਲੀ ’ਤੇ ਪਟਾਖ਼ੇ ਚਲਾਉਂਦੇ ਹਾਂ ਅਤੇ ਨਾ ਹੀ ਕਦੇ ਕਣਕ-ਝੋਨੇ ਦੀ ਪਰਾਲੀ ਸਾੜਦੇ ਹਾਂ

ਇਸ ਸਬੰਧੀ ‘ਸੱਚ ਕਹੂੰ’ ਨਾਲ ਗੱਲਬਾਤ ਕਰਦਿਆਂ ਪਿੰਡ ਦੇ ਪਤਵੰਤੇ ਸਾਬਕਾ ਫੌਜੀ ਗੁਰਤੇਜ ਸਿੰਘ ਨੇ ਦੀਵਾਲੀ ਨਾ ਮਨਾਉਣ ਅਤੇ ਪਰਾਲੀ ਨਾ ਸਾੜਨ ਬਾਰੇ ਪੁੱਛੇ ਜਾਣ ’ਤੇ ਦੋ ਟੁੱਕ ਗੱਲ ਆਖੀ ਕਿ ‘ ਉਹ ਇੱਕ ਤਰ੍ਹਾਂ ਨਾਲ ਬੰਬ ’ਤੇ ਬੈਠੇ ਹਨ ਇੱਕ ਪਾਸੇ ਤੇਲ ਭੰਡਾਰ, ਗੈਸ ਪਲਾਟ ਹੈ ਅਤੇ ਦੂਜੇ ਪਾਸੇ ਫੌਜੀ ਛਾਉਣੀ ਹੈ ਜਿਸ ’ਚ ਅਸਲਾ ਡਿੱਪੂ ਹੈ’ ਉਨ੍ਹਾਂ ਦੱਸਿਆ ਕਿ ਇਹੋ ਕਾਰਨ ਹੈ ਕਿ ਸਰਕਾਰ ਵੱਲੋਂ ਸਾਨੂੰ ਦੀਵਾਲੀ ਮੌਕੇ ਪਟਾਖ਼ੇ ਨਾ ਚਲਾਉਣ ਅਤੇ ਪਰਾਲੀ ਆਦਿ ਨਾ ਸਾੜਨ ਬਾਰੇ ਚਿਤਾਵਨੀ ਦਿੱਤੀ ਜਾਂਦੀ ਹੈ ਤੇ ਅਜਿਹਾ ਕਰਨਾ ਉਨ੍ਹਾਂ ਲਈ ਵੀ ਸੁਰੱਖਿਅਤ ਹੈ।

ਉਨ੍ਹਾਂ ਦੱਸਿਆ ਕਿ ਕਾਫੀ ਸਮਾਂ ਪਹਿਲਾਂ ਕੁੱਝ ਘਟਨਾਵਾਂ ਹੋ ਗਈਆਂ ਸੀ, ਜਿਸ ਮਗਰੋਂ ਦੀਵਾਲੀ ਮੌਕੇ ਪਟਾਖੇ, ਆਤਿਸਬਾਜ਼ੀਆਂ ਆਦਿ ਚਲਾਉਣ ਦੀ ਮਨਾਹੀ ਹੈ ਇਸ ਸਬੰਧੀ ਪ੍ਰਸ਼ਾਸਨ ਵੱਲੋਂ ਅਤੇ ਪਿੰਡ ਦੀ ਪੰਚਾਇਤ ਵੱਲੋਂ ਬਾਕਾਇਦਾ ਤੌਰ ’ਤੇ ਮੁਨਿਆਦੀ ਕਰਵਾਈ ਜਾਂਦੀ ਹੈ ਪਰਾਲੀ ਨਾ ਸਾੜਨ ਦਾ ਜ਼ਿਕਰ ਕਰਦਿਆਂ ਗੁਰਤੇਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦਾ ਰਕਬਾ ਲਗਭਗ ਸਾਰਾ ਹੀ ਛਾਉਣੀ ਦੇ ਨਾਲ ਲੱਗਦਾ ਹੈ ਭਾਵੇਂ ਪਰਾਲੀ ਨਾ ਸਾੜਨਾ ਮਜ਼ਬੂਰੀ ਹੈ ਪਰ ਪਿੰਡ ਵਾਸਤੇ ਅਜਿਹਾ ਕਰਨਾ ਵਧੀਆ ਵੀ ਹੈ ।

ਇਹ ਵੀ ਪੜ੍ਹੋ : ਸ਼ਹਿਰ ਲੁਧਿਆਣਾ ਦੀ ਆਬੋ-ਹਵਾ ਵਿਗੜੀ, ਸਾਹ ਲੈਣਾ ਹੋਇਆ ਔਖਾ

ਉਨ੍ਹਾਂ ਦੱਸਿਆ ਕਿ ਦੀਵਾਲੀ ਵਾਲੇ ਦਿਨ ਫੌਜ ਅਤੇ ਪੁਲਿਸ ਦੀਆਂ ਟੀਮਾਂ ਵੱਲੋਂ ਬਕਾਇਦਾ ਗੇੜਾ ਮਾਰਿਆ ਜਾਂਦਾ ਹੈ ਅਤੇ ਪੰਚਾਇਤ ਨੂੰ ਫੋਨ ਕਰਕੇ ਪਿੰਡ ਵਾਸੀਆਂ ਨੂੰ ਸਪੀਕਰ ਰਾਹੀਂ ਹੋਕਾ ਦੇਣ ਬਾਰੇ ਵੀ ਕਿਹਾ ਜਾਂਦਾ ਹੈ ਕਿ ਆਤਿਸ਼ਬਾਜੀਆਂ ਅਤੇ ਗੈਸ ਵਾਲੇ ਗੁਬਾਰੇ ਆਦਿ ਨਾ ਚਲਾਏ ਜਾਣ

ਜਦੋਂ ਦੀ ਛਾਉਣੀ ਬਣੀ ਹੈ, ਪਿੰਡ ’ਚ ਦੀਵਾਲੀ (Diwali) ਨਹੀਂ ਦੇਖੀ

ਪਿੰਡ ਦੇ 65 ਸਾਲਾ ਬਜ਼ੁਰਗ ਕਾਕਾ ਸਿੰਘ ਨੇ ਦੱਸਿਆ ਕਿ ਜਦੋਂ ਦੀ ਛਾਉਣੀ ਬਣੀ ਹੈ, ਪਿੰਡ ’ਚ ਦੀਵਾਲੀ ਨਹੀਂ ਦੇਖੀ ਉਨ੍ਹਾਂ ਦੱਸਿਆ ਕਿ ਛਾਉਣੀ ਬਣਨ ਮੌਕੇ ਉਸਦੀ ਉਮਰ 25 ਕੁ ਸਾਲ ਸੀ ਉਦੋਂ ਤੋਂ ਹੁਣ ਤੱਕ ਮੁੜ ਦੀਵਾਲੀ ਨਹੀਂ ਦੇਖੀ ਗਈ ਦੀਵਾਲੀ ਦੇਖਣ ਨੂੰ ਜੀਅ ਕਰਨ ਸਬੰਧੀ ਪੁੱਛਣ ’ਤੇ ਕਾਕਾ ਸਿੰਘ ਆਖਦੇ ਨੇ ਕਿ ‘ਜੀਅ ਤਾਂ ਕਰਦੈ, ਪਰ ਡਰ ਲੱਗਦੈ ਕਿ ਕੋਈ ਘਟਨਾ ਨਾ ਹੋ ਜਾਏ, ਕਿਉਂਕਿ ਇੱਕ ਪਾਸੇ ਪੈਟਰੋਲ ਹੈ ਤੇ ਦੂਜੇ ਪਾਸੇ ਛਾਉਣੀ’ ਇੱਕ ਹੋਰ ਬਜ਼ੁਰਗ ਨੇ ਦੱਸਿਆ ਕਿ ਦੀਵਾਲੀ ਵਾਲੇ ਦਿਨ ਪਹਿਲਾਂ ਹੀ ਆ ਕੇ ਪੁਲਿਸ ਸੂਚਨਾ ਬੁਲਾ ਜਾਂਦੀ ਹੈ ਕਿ ਪਟਾਖ਼ੇ ਨਹੀਂ ਚਲਾਉਣੇ।

Diwali
ਬਠਿੰਡਾ : ‘ਸੱਚ ਕਹੂੰ’ ਪ੍ਰਤੀਨਿਧ ਨਾਲ ਗੱਲਬਾਤ ਕਰਦੇ ਹੋਏ ਪਿੰਡ ਫੂਸ ਮੰਡੀ ਦੇ ਪਤਵੰਤੇ ਤਸਵੀਰ : ਸੱਚ ਕਹੂੰ ਨਿਊਜ਼

ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਘਰ ਵੀ ਛਾਉਣੀ ਦੇ ਨੇੜੇ ਹਨ ਪਿੰਡ ਫੂਸ ਮੰਡੀ ਵਾਸੀ ਧਰਮ ਸਿੰਘ ਨੇ ਦੱਸਿਆ ਕਿ ‘ਦੀਵਾਲੀ ਮੌਕੇ ਬੱਚੇ ਤਾਂ ਚਾਹੁੰਦੇ ਹਨ ਕਿ ਪਟਾਖੇ ਚਲਾਈਏ ਪਰ ਅਸੀਂ ਉਨ੍ਹਾਂ ਨੂੰ ਖਾਣ ਪੀਣ ਦਾ ਸਮਾਨ ਦੇ ਕੇ ਹੀ ਡੰਗ ਲਾਹ ਦਿੰਦੇ ਹਾਂ ਤੇ ਆਖ ਦਿੰਦੇ ਹਾਂ ਕਿ ਜੇ ਪਟਾਖੇ ਚਲਾਏ ਤਾਂ ਪੁਲਿਸ ਫੜ੍ਹ ਕੇ ਲੈ ਜਾਊਗੀ ਫਿਰ ਬੱਚੇ ਮੰਨ ਹੀ ਜਾਂਦੇ ਹਨ।

ਕਰੀ ਜਾਣ ਜਿੱਦ ਬੱਚੇ, ਸਾਡੀ ਮਜ਼ਬੂਰੀ ਐ (Diwali)

ਬੱਚਿਆਂ ਵੱਲੋਂ ਦੀਵਾਲੀ ਮੌਕੇ ਪਟਾਖ਼ੇ ਚਲਾਉਣ ਦੀ ਜਿੱਦ ਕਰਨ ਸਬੰਧੀ ਪੁੱਛੇ ਜਾਣ ’ਤੇ ਬਜ਼ੁਰਗ ਮਹਿੰਦਰ ਸਿੰਘ ਆਖਦੇ ਨੇ ਕਿ ‘ਬੱਚੇ ਕਰੀ ਜਾਣ ਜਿੱਦ ਪਰ ਸਾਡੀ ਮਜ਼ਬੂਰੀ ਐ’ ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਪਟਾਖ਼ੇ ਚਲਾਉਣ ਲਈ ਅਸੀਂ ਇੱਥੇ ਲੈ ਕੇ ਨਹੀਂ ਦਿੰਦੇ ਉਹ ਆਪਣੇ ਨਾਨਕੇ ਜਾਂ ਭੂਆ ਕੋਲ ਜਾ ਕੇ ਦੀਵਾਲੀ ਮਨਾ ਆਉਂਦੇ ਹਨ ਕਿਉਂਕਿ ਛਾਉਣੀ ਤੇ ਤੇਲ ਡਿੱਪੂ ਕਰਕੇ ਅਸੀਂ ਇੱਥੇ ਦੀਵਾਲੀ ਮਨਾ ਨਹੀਂ ਸਕਦੇ