ਚੋਣ ਜ਼ਾਬਤੇ ਤੋਂ ਕੁਝ ਘੰਟੇ ਪਹਿਲਾਂ ਬਦਲੇ ਡੀਜੀਪੀ, ਵੀ.ਕੇ. ਭੰਵਰਾ ਨੂੰ ਬਣਾਇਆ ਗਿਆ ਡੀਜੀਪੀ

DGP V.K. Bhawra

 100 ਦਿਨ ਦੀ ਸਰਕਾਰ ਵਿੱਚ ਤੀਸਰੀ ਵਾਰ ਬਦਲਿਆਂ ਗਿਆ ਡੀਜੀਪੀ

  • ਯੂ.ਪੀ.ਐਸ.ਸੀ. ਵਲੋਂ ਆਏ ਪੈਨਲ ਨੂੰ ਆਧਾਰ ਬਣਾ ਕੇ ਲਗਾਇਆ ਡੀਜੀਪੀ

(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਵਿਧਾਨ ਸਭਾ ਚੋਣਾਂ ਲਈ ਚੋਣ ਜ਼ਾਬਤਾ ਲਗਾਉਣ ਤੋਂ ਕੁਝ ਘੰਟੇ ਪਹਿਲਾਂ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਨੂੰ ਬਦਲ ਦਿੱਤਾ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ 100 ਦਿਨ ਦੀ ਸਰਕਾਰ ਵਿੱਚ ਤੀਜੀ ਵਾਰ ਡੀਜੀਪੀ ਨੂੰ ਬਦਲਿਆ ਗਿਆ ਹੈ। ਚਰਨਜੀਤ ਸਿੰਘ ਚੰਨੀ ਵੱਲੋਂ ਦਿਨਕਰ ਗੁਪਤਾ ਨੂੰ ਹਟਾਉਂਦੇ ਹੋਏ ਆਈ.ਪੀ.ਐਸ. ਸਹੋਤਾ ਨੂੰ ਡੀਜੀਪੀ ਲਗਾਇਆ ਗਿਆ ਤਾਂ ਬਾਅਦ ਵਿੱਚ ਨਵਜੋਤ ਸਿੱਧੂ ਦੇ ਦਬਾਅ ਹੇਠ ਸਿਧਾਰਥ ਚਟੋਪਾਧਿਆਏ ਨੂੰ ਡੀਜੀਪੀ ਲਗਾਇਆ ਗਿਆ ਪਰ ਯੂ.ਪੀ.ਐਸ.ਸੀ. ਵੱਲੋਂ ਇਨਾਂ ਅਧਿਕਾਰੀਆਂ ਨੂੰ ਤਕਨੀਕੀ ਖ਼ਾਮੀਆਂ ਦੇ ਚਲਦੇ ਪੈਨਲ ਵਿੱਚ ਹੀ ਸ਼ਾਮਲ ਨਹੀਂ ਕੀਤਾ ਗਿਆ।

ਜਿਸ ਕਾਰਨ ਵੀ.ਕੇ. ਭੰਵਰਾ ਨੂੰ ਡੀਜੀਪੀ ਲਗਾਉਣ ਦਾ ਰਸਤਾ ਸਾਫ਼ ਹੁੰਦਾ ਨਜ਼ਰ ਆ ਗਿਆ ਸੀ। ਡੀਜੀਪੀ ਦੇ ਪੈਨਲ ਲਈ ਵੀ.ਕੇ. ਭੰਵਰਾ, ਦਿਨਕਰ ਗੁਪਤਾ ਅਤੇ ਪ੍ਰਬੋਧ ਕੁਮਾਰ ਦੇ ਨਾਅ ’ਤੇ ਯੂ.ਪੀ.ਐਸ.ਸੀ. ਵੱਲੋਂ ਮੁਹਰ ਲਗਾਈ ਗਈ ਸੀ। ਇਹ ਪੈਨਲ ਆਉਣ ਦੇ ਬਾਵਜੂਦ ਸਰਕਾਰ ਕੁਝ ਦਿਨ ਹੋਰ ਇੰਤਜ਼ਾਰ ਕਰਨਾ ਚਾਹੁੰਦੀ ਸੀ ਪਰ ਚੋਣ ਕਮਿਸ਼ਨ ਵੱਲੋਂ ਪ੍ਰੈਸ ਕਾਨਫਰੰਸ ਦਾ ਸੱਦਾ ਦੇਣ ਤੋਂ ਬਾਅਦ ਪੰਜਾਬ ਸਰਕਾਰ ਨੂੰ ਸਾਫ਼ ਹੋ ਗਿਆ ਕਿ 3:30 ਤੱਕ ਸਰਕਾਰ ਦੇ ਹੱਥੋਂ ਤਾਕਤਾਂ ਚਲੀ ਜਾਣਗੀਆਂ, ਇਸ ਤੋਂ ਬਾਅਦ ਚੋਣ ਕਮਿਸ਼ਨ ਪੈਨਲ ਅਨੁਸਾਰ ਖ਼ੁਦ ਡੀਜੀਪੀ ਲਗਾਏ, ਇਸ ਤੋਂ ਪਹਿਲਾਂ ਉਹ ਹੀ ਡੀਜੀਪੀ ਦੀ ਤੈਨਾਤੀ ਕਰਕੇ ਜਾਣ।

ਜਿਸ ਕਾਰਨ ਹੀ ਪੰਜਾਬ ਸਰਕਾਰ ਵੱਲੋਂ ਚੋਣ ਜ਼ਾਬਤੇ ਦੇ ਲਗਣ ਤੋਂ ਕੁਝ ਘੰਟੇ ਪਹਿਲਾਂ ਪੰਜਾਬ ਦੇ ਡੀਜੀਪੀ ਨੂੰ ਬਦਲ ਦਿੱਤਾ ਗਿਆ ਹੈ। ਸਿਧਾਰਥ ਚਟੋਪਾਧਿਆਏ ਦੀ ਥਾਂ ’ਤੇ ਵੀ.ਕੇ ਭੰਵਰਾ ਨੂੰ ਡੀਜੀਪੀ ਲਗਾਉਣ ਦਾ ਆਦੇਸ਼ ਜਾਰੀ ਕਰ ਦਿੱਤੇ ਗਏ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ