ਇੰਜੀਨੀਅਰ ਸਿਲਪਾ ਰਾਣੀ ਇੰਸਾਂ ਨੇ ‘ਇੰਡੀਆ ਬੁੱਕ ਆਫ਼ ਰਿਕਾਰਡ’ ’ਚ ਕਰਵਾਇਆ ਨਾਂਅ ਦਰਜ

India Book of Records Sachkahoon

ਪੂਜਨੀਕ ਗੁਰੂ ਜੀ ਦੀ ਪਵਿੱਤਰ ਪ੍ਰੇਰਨਾ ਤੇ ਸਿੱਖਿਆਵਾਂ ਸਦਕਾ ਹੋਇਆ ਸੰਭਵ : ਸਿਲਪਾ ਰਾਣੀ ਇੰਸਾਂ

(ਜਸਵੀਰ ਸਿੰਘ ਗਹਿਲ) ਧਨੌਲਾ/ ਬਰਨਾਲਾ। ਜ਼ਿਲ੍ਹਾ ਬਰਨਾਲਾ ਦੇ ਕਸਬਾ ਧਨੌਲਾ ਦੀ ਸਿਲਪਾ ਰਾਣੀ ਇੰਸਾਂ ਨੇ ਧੀਆਂ ਨੂੰ ਅਬਲਾ ਸਮਝਣ ਵਾਲਿਆਂ ਦੇ ਮੂੰਹ ’ਤੇ ਕਰਾਰੀ ਚਪੇੜ ਮਾਰੀ ਹੈ। ਜਿਸ ਨੇ ਆਪਣਾ ਨਾਂਅ ‘ਇੰਡੀਆ ਬੁੱਕ ਆਫ਼ ਰਿਕਾਰਡ’ ਵਿੱਚ ਦਰਜ ਕਰਵਾ ਕੇ ਆਪਣੀ ਕਾਬਲੀਅਤ ਦਾ ਸਬੂਤ ਦਿੰਦਿਆਂ ਆਪਣੇ ਕਸਬੇ, ਜ਼ਿਲ੍ਹੇ ਤੋਂ ਇਲਾਵਾ ਆਪਣੇ ਮਾਪਿਆਂ ਦਾ ਨਾਂਅ ਉੱਚਾ ਕੀਤਾ ਹੈ। ਧੀ ਦੀ ਮਾਣਮੱਤੀ ਪ੍ਰਾਪਤੀ ’ਤੇ ਜਿੱਥੇ ਉਸਦੇ ਮਾਤਾ-ਪਿਤਾ ਮਾਣ ਮਹਿਸੂਸ ਕਰ ਰਹੇ ਹਨ ਉੱਥੇ ਹੀ ਸਿਲਪਾ ਰਾਣੀ ਇੰਸਾਂ ਵੱਲੋਂ ਆਪਣੀ ਇਸ ਪ੍ਰਾਪਤੀ ਦਾ ਸਿਹਰਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਦਿੱਤਾ ਗਿਆ ਹੈ।

ਬੀਟੈੱਕ ਕਰਕੇ ਇੰਜੀਨੀਅਰ ਬਣੀ 26 ਸਾਲਾ ਸਿਲਪਾ ਰਾਣੀ ਇੰਸਾਂ ਅਨੁਸਾਰ ਉਸਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਵੀ ਕਦੇ ਆਪਣਾ ਨਾਂਅ ‘ਇੰਡੀਆ ਬੁੱਕ ਆਫ਼ ਰਿਕਾਰਡ’ ਵਿੱਚ ਦਰਜ ਕਰਵਾ ਸਕੇਗੀ ਕਿਉਂਕਿ ਅਕਸਰ ਹੀ ਜਾਂ ਤਾਂ ਲੜਕੀਆਂ ਖੁਦ ਅੱਗੇ ਵਧਣ ਦਾ ਹੌਂਸਲਾ ਨਹੀਂ ਕਰਦੀਆਂ ਜਾਂ ਫ਼ਿਰ ਉਨ੍ਹਾਂ ਨੂੰ ਉਨ੍ਹਾਂ ਦੇ ਮਾਪਿਆਂ ਦਾ ਸਹਿਯੋਗ ਨਹੀਂ ਮਿਲਦਾ। ਪਰ ਇੱਥੇ ਉਸ ਨੇ ਖੁਦ ਵੀ ਅੱਗੇ ਵਧਣਾ ਚਾਹਿਆ ਤੇ ਉਸਦੇ ਮਾਪਿਆਂ ਨੇ ਵੀ ਉਸਦਾ ਪੂਰਾ ਸਹਿਯੋਗ ਕੀਤਾ, ਜਿਸ ਸਦਕਾ ਅੱਜ ਉਹ ਪੂਰੇ ਮਾਣ ਨਾਲ ਕਹਿੰਦੀ ਹੈ ਕਿ ਉਸਦਾ ਨਾਂਅ ਵੀ ‘ਇੰਡੀਆ ਬੁੱਕ ਆਫ਼ ਰਿਕਾਰਡ’ ’ਚ ਦਰਜ ਹੈ। ਜਿਸ ਨਾਲ ਉਸਦਾ ਖੁਦ ਹੀ ਨਹੀਂ ਉਸਦੇ ਕਸਬਾ ਧਨੌਲੇ ਤੇ ਜ਼ਿਲ੍ਹਾ ਬਰਨਾਲਾ ਦਾ ਨਾਂਅ ਹੋਰ ਵੀ ਚਮਕਿਆ ਹੈ। ਸਿਲਪਾ ਰਾਣੀ ਇੰਸਾਂ ਨੇ ਦੱਸਿਆ ਕਿ ਭਾਵੇਂ ਉਸ ਦੁਆਰਾ ਕੀਤੀ ਗਈ ਪੜ੍ਹਾਈ ਨਾਲ ਉਸ ਵੱਲੋਂ ਪ੍ਰਾਪਤ ਕੀਤੇ ਗਏ ਰਿਕਾਰਡ ਦਾ ਕੋਈ ਸਬੰਧ ਨਹੀਂ ਪਰ ਜਦ ਉਸਨੇ ਦੇਖਿਆ/ਸੁਣਿਆ ਕਿ ਕੁੜੀਆਂ ਵੀ ਰਿਕਾਰਡ ਸਥਾਪਿਤ ਕਰ ਸਕਦੀਆਂ ਹਨ ਤਾਂ ਉਸ ਦੇ ਮਨ ਅੰਦਰ ਵੀ ਰਿਕਾਰਡ ਬਣਾਉਣ ਦਾ ਇਰਾਦਾ ਆਇਆ ਤੇ ਉਸਨੇ ਪੂਜਨੀਕ ਗੁਰੂ ਜੀ ਵੱਲੋਂ ਦਿੱਤੇ ਗਏ ਮੈਡੀਟੇਸ਼ਨ ਦਾ ਅਭਿਆਸ ਕੀਤਾ, ਜਿਸ ਨੇ ਉਸਨੂੰ ਇਸ ਮੁਕਾਮ ’ਤੇ ਪਹੁੰਚਾਇਆ। ਸਿਪਲਾ ਇੰਸਾਂ ਨੇ ਦੱਸਿਆ ਕਿ ਉਸਨੇ ਇਹ ਰਿਕਾਰਡ ਦਸੰਬਰ 2021 ’ਚ ਬਣਾਇਆ ਸੀ ਜੋ 2022 ਦੇ ਜਨਵਰੀ ਮਹੀਨੇ ’ਚ ਉਸ ਕੋਲ ਪਹੁੰਚ ਗਿਆ ਹੈ।

ਸਿਪਲਾ ਨੇ ਅੱਗੇ ਦੱਸਿਆ ਕਿ ਉਹ ਇੱਥੇ ਹੀ ਰੁਕਣਾ ਨਹੀਂ ਚਾਹੁੰਦੀ ਸਗੋਂ ਆਪਣੇ ਹੀ ਬਣਾਏ ਇਸ ਰਿਕਾਰਡ ’ਚ ਹੋਰ ਸੁਧਾਰ ਲਿਆਉਣ ਲਈ ਅਤੇ ‘ਏਸ਼ੀਆ ਬੁੱਕ ਆਫ਼ ਰਿਕਾਰਡ’ ’ਚ ਵੀ ਆਪਣਾ ਨਾਂਅ ਦਰਜ ਕਰਵਾਉਣ ਲਈ ਯਤਨਸ਼ੀਲ ਰਹੇਗੀ। ਸਿਲਪਾ ਨੇ ਨੌਜਵਾਨ ਪੀੜੀ ਨੂੰ ਕਿਹਾ ਕਿ ਨਸ਼ਿਆਂ ਜਾਂ ਹੋਰ ਅਲਾਮਤਾਂ ’ਚ ਫਸ ਕੇ ਆਪਣੀ ਜ਼ਿੰਦਗੀ ਬਰਬਾਦ ਕਰਨ ਦੀ ਬਜਾਇ ਮਿਹਨਤ ਕਰਕੇ ਆਪਣੇ ਮਾਪਿਆਂ ਤੇ ਦੇਸ਼ ਦਾ ਨਾਂਅ ਰੌਸ਼ਨ ਕਰਨ, ਜਿਵੇਂ ਉਸਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਕੁੜੀਆਂ ਕਿਸੇ ਗੱਲੋਂ ਘੱਟ ਨਹੀਂ, ਜੇਕਰ ਉਨ੍ਹਾਂ ਨੂੰ ਮੁੰਡਿਆਂ ਦੇ ਬਰਾਬਰ ਦੇ ਮੌਕੇ ਦਿੱਤੇ ਜਾਣ ਤਾਂ ਉਹ ਵੀ ਆਪਣੀ ਕਾਬਲੀਅਤ ਦਾ ਸਬੂਤ ਦੇ ਕੇ ਦੇਸ਼ ਦਾ ਨਾਂਅ ਚਮਕਾ ਸਕਦੀਆਂ ਹਨ।

ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਦਾ ਕਮਾਲ ਹੈ

‘ਇੰਡੀਆ ਬੁੱਕ ਆਫ਼ ਰਿਕਾਰਡ’ ਦਿਖਾਉਂਦੇ ਹੋਏ ਸਿਲਪਾ ਰਾਣੀ ਇੰਸਾਂ ਨੇ ਕਿਹਾ ਕਿ ਇਹ ਸਭ ਡੇਰਾ ਸੱਚਾ ਸੌਦਾ ਸਰਸਾ ਦੇ ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਮਹਾਨ ਪ੍ਰੇਰਨਾ ਸਦਕਾ ਹੀ ਸੰਭਵ ਹੋ ਸਕਿਆ ਹੈ ਕਿਉਂਕਿ ਪੂਜਨੀਕ ਗੁਰੂ ਜੀ ਦੇ ਪਵਿੱਤਰ ਬਚਨਾਂ ਤਹਿਤ ਹੀ ਉਸਨੇ ਮੈਡੀਟੇਸ਼ਨ ਦਾ ਅਭਿਆਸ (ਨਾਮ ਦਾ ਜਾਪ) ਕੀਤਾ ਤਾਂ ਉਸ ਦੀ ਵਿਲ ਪਾਵਰ (ਆਤਮ ਵਿਸ਼ਵਾਸ) ਵਧਿਆ ਜੋ ਉਸ ਵੱਲੋਂ ਰਿਕਾਰਡ ਪ੍ਰਾਪਤ ਕਰਨ ’ਚ ਸਹਾਈ ਹੋਇਆ।

ਸਾਨੂੰ ਸਿਲਪਾ ’ਤੇ ਮਾਣ

ਪਿਤਾ ਗੋਪਾਲ ਇੰਸਾਂ ਤੇ ਮਾਤਾ ਮਨੀਸਾ ਇੰਸਾਂ ਨੇ ਦੱਸਿਆ ਕਿ ਹਰ ਕੰਮ ਨੂੰ ਮਿਹਨਤ ਨਾਲ ਕਰਨ ਦਾ ਹੌਂਸਲਾ ਸਿਲਪਾ ਦੇ ਮਨ ’ਚ ਸ਼ੁਰੂ ਤੋਂ ਹੀ ਰਿਹਾ ਹੈ, ਜਿਸ ਦੇ ਦਮ ’ਤੇ ਹੀ ਇਸਨੇ ਇਹ ਉਪਲੱਬਧੀ ਹਾਸਲ ਕਰਕੇ ਉਨ੍ਹਾਂ ਸਮੇਤ ਉਨ੍ਹਾਂ ਦੇ ਕਸਬੇ ਤੇ ਜ਼ਿਲ੍ਹਾ ਬਰਨਾਲਾ ਦਾ ਨਾਂਅ ਉੱਚਾ ਕੀਤਾ ਹੈ, ਜਿਸ ’ਤੇ ਉਨ੍ਹਾਂ ਨੂੰ ਫਖ਼ਰ ਹੈ। ਇਸ ਲਈ ਉਹ ਹੋਰਨਾਂ ਧੀਆਂ ਨੂੰ ਵੀ ਮਿਹਨਤ ਕਰਨ ਲਈ ਪ੍ਰੇਰਿਤ ਕਰਦੇ ਹਨ। ਇੰਨਾ ਹੀ ਨਹੀਂ ਬਲਕਿ ਧੀਆਂ ਦੇ ਮਾਪਿਆਂ ਨੂੰ ਵੀ ਆਪਣੀਆਂ ਧੀਆਂ ਨੂੰ ਪੁੱਤਰਾਂ ਵਾਂਗ ਅੱਗੇ ਵਧਣ ਦੇ ਮੌਕੇ ਤੇ ਚੰਗੇ ਸੰਸਕਾਰ ਦੇਣੇ ਚਾਹੀਦੇ ਹਨ।

ਇੰਝ ਬਣਿਆ ਰਿਕਾਰਡ

ਸਿਲਪਾ ਰਾਣੀ ਇੰਸਾਂ ਨੇ ਟੱਚ ਸਕਰੀਨ ਮੋਬਾਇਲ (ਸਮਾਰਟ ਫੋਨ) ’ਤੇ ਅੰਗਰੇਜੀ ’ਚ ਏ ਤੋਂ ਜੈੱਡ ਤੱਕ ਦੇ ਪੂਰੇ ਅੱਖਰ ਸਿਰਫ਼ 5 ਸੈਕਿੰਡ ’ਚ ਲਿਖੇ ਸਨ, ਜਿਸ ਸਦਕਾ ਉਸ ਦਾ ਨਾਂਅ ‘ਇੰਡੀਆ ਬੁੱਕ ਆਫ਼ ਰਿਕਾਰਡ’ ਦਰਜ ਹੋਇਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ