ਡੇਰਾ ਸ਼ਰਧਾਲੂ ਮਹਿੰਦਰਪਾਲ ਬਿੱਟੂ ਕਤਲ ਕਾਂਡ ’ਤੇ ਆਈ ਵੱਡੀ ਅਪਡੇਟ

ਡੇਰਾ ਸ਼ਰਧਾਲੂ ਮਹਿੰਦਰਪਾਲ ਬਿੱਟੂ ਕਤਲ ਕਾਂਡ ਦੀ ਜਾਂਚ ਲਈ ‘ਐੱਸਆਈਟੀ’ ਵੱਲੋਂ ਨਾਭਾ ਜ਼ੇਲ੍ਹ ਦਾ ਦੌਰਾ

  • ਜੇਲ੍ਹ ਅਧਿਕਾਰੀਆਂ ਤੋ ਬਣਾਈ ਦੂਰੀ ਅਤੇ ਕਲੈਰੀਕਲ ਸਟਾਫ ਤੋਂ ਰਿਕਾਰਡ ਕੀਤਾ ਜਬਤ

(ਖੁਸ਼ਵੀਰ ਸਿੰਘ ਤੂਰ/ਤਰੁਣ ਕੁਮਾਰ ਸ਼ਰਮਾ) ਪਟਿਆਲਾ, ਨਾਭਾ। ਨਾਭਾ ਜ਼ੇਲ੍ਹ ’ਚ ਕਤਲ ਕੀਤੇ ਗਏ ਡੇਰਾ ਸ਼ਰਧਾਲੂ ਮਹਿੰਦਰਪਾਲ ਬਿੱਟੂ ਦੇ ਕਤਲ ਦੀ ਜਾਂਚ ਲਈ ਗਠਿਤ ਐੱਸਆਈਟੀ (ਸਿਟ) ਵੱਲੋਂ ਨਾਭਾ ਜ਼ੇਲ੍ਹ ਵਿਖੇ ਇਸ ਕਤਲ ਕਾਂਡ ਸਬੰਧੀ ਜਾਂਚ ਪੜਤਾਲ ਕੀਤੀ ਗਈ। ਮਾਣਯੋਗ ਅਦਾਲਤ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਇਹ ਸਿਟ ਬਣਾਈ ਗਈ ਸੀ। ਐੱਸਆਈਟੀ ਟੀਮ ਜ਼ੇਲ੍ਹ ਅੰਦਰ ਲਗਭਗ ਦੋ ਘੰਟੇ ਤੱਕ ਰੁਕੀ ਅਤੇ ਜ਼ੇਲ੍ਹ ਦੇ ਵੱਖ-ਵੱਖ ਹਿੱਸਿਆਂ ਦਾ ਨਿਰੀਖਣ ਕਰਦੀ ਰਹੀ।

ਦੱਸਣਯੋਗ ਹੈ ਕਿ ਨਾਭਾ ਜ਼ੇਲ੍ਹ ਵਿਖੇ ਨਜ਼ਰਬੰਦ ਡੇਰਾ ਸ਼ਰਧਾਲੂ ਮਹਿੰਦਰਪਾਲ ਬਿੱਟੂ ਦਾ ਸਾਲ 2019 ’ਚ ਦੋ ਵਿਅਕਤੀਆਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ ਮਾਮਲੇ ਵਿੱਚ ਬਿੱਟੂ ਦੇ ਪਾਰਿਵਾਰਿਕ ਮੈਬਰਾਂ ਵੱਲੋਂ ਕਤਲ ਦੇ ਕਾਰਨਾਂ ਦੇ ਸਪੱਸ਼ਟੀਕਰਨ ਅਤੇ ਮਾਮਲੇ ਦੀ ਨਿਰਪੱਖ ਜਾਂਚ ਲਈ ਕੀਤੀ ਬੇਨਤੀ ’ਤੇ ਕਾਰਵਾਈ ਕਰਦਿਆਂ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਦੇ ਤਿੰਨ ਉੱਚ ਅਧਿਕਾਰੀਆਂ ਦੀ ਐਸਆਈਟੀ (ਸਿਟ) ਦਾ ਗਠਨ ਕੀਤਾ ਗਿਆ ਸੀ ਜਿਸ ਵਿੱਚ ਏਡੀਜੀਪੀ (ਟ੍ਰੈਫਿਕ) ਪੰਜਾਬ ਏ. ਐਸ. ਰਾਏ, ਪਟਿਆਲਾ ਦੇ ਆਈ ਜੀ ਸਮੇਤ ਐੱਸਐੱਸਪੀ ਪਟਿਆਲਾ ਸ਼ਾਮਲ ਹਨ।

ਨਾਭਾ ਜ਼ੇਲ੍ਹ ਸੁਪਰਡੈਂਟ ਰਮਨਦੀਪ ਭੰਗੂ ਨੇ ਦੱਸਿਆ ਕਿ ਏਡੀਜੀਪੀ (ਟ੍ਰੈਫਿਕ) ਪੰਜਾਬ ਏ. ਐਸ . ਰਾਏ ਦੀ ਅਗਵਾਈ ’ਚ ਸਿਟ ਵੱਲੋਂ ਜ਼ੇਲ੍ਹ ਅਧਿਕਾਰੀਆਂ ਨਾਲ ਕੋਈ ਗੱਲਬਾਤ ਨਹੀਂ ਕੀਤੀ ਗਈ ਅਤੇ ਕਲੈਰੀਕਲ ਸਟਾਫ ਤੋਂ ਸਿਟ ਮੈਂਬਰ ਕਾਫ਼ੀ ਰਿਕਾਰਡ ਜਬਤ ਕਰ ਲੈ ਗਏ ਹਨ

ਮਾਮਲੇ ਸਬੰਧੀ ਪੂਰੀ ਜਾਣਕਾਰੀ ਇਕੱਠੀ ਕੀਤੀ ਗਈ : ਏ.ਐਸ.ਰਾਏ

ਏਡੀਜੀਪੀ ਟ੍ਰੈਫ਼ਿਕ ਸ੍ਰੀ ਏ.ਐਸ.ਰਾਏ. ਨੇ ਪੁਸ਼ਟੀ ਕਰਦਿਆ ਦੱਸਿਆ ਕਿ ਉਨ੍ਹਾਂ ਵੱਲੋਂ ਅੱਜ ਜ਼ੇਲ੍ਹ ਅੰਦਰ ਮਹਿੰਦਰਪਾਲ ਬਿੱਟੂ ਦੇ ਕਤਲ ਕਾਂਡ ਸਬੰਧੀ ਤਫ਼ਤੀਸ ਕੀਤੀ ਗਈ ਅਤੇ ਇਸ ਮਾਮਲੇ ਸਬੰਧੀ ਪੂਰੀ ਜਾਣਕਾਰੀ ਜੁਟਾਈ ਗਈ। ਉਂਜ ਉਨ੍ਹਾਂ ਭਾਵੇਂ ਕਿ ਤਫ਼ਤੀਸ ਦਾ ਹਿੱਸਾ ਦੱਸਦਿਆਂ ਹੋਰ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਜੋ ਵੀ ਇੱਥੋਂ ਜਾਣਕਾਰੀ ਇਕੱਠੀ ਕੀਤੀ ਗਈ ਹੈ, ਉਸ ਨੂੰ ਸਬੰਧਿਤ ਟਰਾਇਲ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ