ਪੰਜਾਬ ’ਚ 1500 ਕਰੋੜ ਰੁਪਏ ਦੀ ਲਾਗਤ ਨਾਲ 4 ਮੈਡੀਕਲ ਕਾਲਜ ਸਥਾਪਤ ਕੀਤੇ ਜਾਣਗੇ : ਓ ਪੀ ਸੋਨੀ

Medical College Sachkahoon

ਮੈਡੀਕਲ ਕਾਲਜ ਮੁਹਾਲੀ ਦੀ ਚਾਰ ਦੀਵਾਰੀ ਦਾ ਨੀਂਹ ਪੱਥਰ ਰੱਖਿਆ

ਮੋਹਾਲੀ, (ਕੁਲਵੰਤ ਕੋਟਲੀ)। ਸੂਬੇ ਵਿੱਚ ਮੁਹਾਲੀ, ਹੁਸ਼ਿਆਰਪੁਰ, ਕਪੂਰਥਲਾ ਅਤੇ ਮਾਲੇਰਕੋਟਲਾ ਵਿਖੇ 1500 ਕਰੋੜ ਰੁਪਏ ਦੀ ਲਾਗਤ ਨਾਲ ਚਾਰ ਨਵੇਂ ਸਰਕਾਰੀ ਮੈਡੀਕਲ ਕਾਲਜਾਂ ਦੀ ਸਥਾਪਨਾ ਕੀਤੀ ਜਾਵੇਗੀ ਜਿਸ ਨਾਲ ਸੂਬੇ ਵਿਚ ਮੈਡੀਕਲ ਸਿੱਖਿਆ ਨੂੰ ਵੱਡਾ ਹੁਲਾਰਾ ਮਿਲੇਗਾ। ਇਹ ਜਾਣਕਾਰੀ ਪੰਜਾਬ ਦੇ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਓ.ਪੀ. ਸੋਨੀ ਨੇ ਦਿੱਤੀ।

ਡਾ. ਬੀ.ਆਰ. ਅੰਬੇਦਕਰ ਸਟੇਟ ਮੈਡੀਕਲ ਸਾਇੰਸਜ (ਏ.ਆਈ.ਐੱਮ.ਐੱਸ.) ਐਸ.ਏ.ਐੱਸ. ਨਗਰ ਦੀ ਚਾਰ ਦੀਵਾਰੀ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੈਡੀਕਲ ਸਿੱਖਿਆ ਮੰਤਰੀ ਨੇ ਦੱਸਿਆ ਕਿ ਪੰਜਾਬ ਵਿੱਚ ਡਾਕਟਰਾਂ ਦੀ ਕੋਈ ਘਾਟ ਨਹੀਂ ਆਵੇਗੀ ਕਿਉਂਕਿ ਬਹੁਤ ਜਲਦ ਇਹਨਾਂ ਨਵੇਂ ਤਿਆਰ ਕੀਤੇ ਜਾਣ ਵਾਲੇ ਸਰਕਾਰੀ ਮੈਡੀਕਲ ਕਾਲਜਾਂ ਵਿਚੋਂ ਹਰ ਸਾਲ 500 ਦੇ ਕਰੀਬ ਡਾਕਟਰ ਆਪਣੀ ਪੜ੍ਹਾਈ ਪੂਰੀ ਕਰਕੇ ਪਾਸ ਹੋਣਗੇ। ਉਨ੍ਹਾਂ ਕਿਹਾ ਕਿ ਇਸ ਸਮੇਂ ਪੰਜਾਬ ਦੇ ਮੈਡੀਕਲ ਕਾਲਜਾਂ (ਦੋਵੇਂ ਪ੍ਰਾਈਵੇਟ ਅਤੇ ਸਰਕਾਰੀ) ਵਿਚ 1400 ਦੇ ਕਰੀਬ ਐਮਬੀਬੀਐਸ ਸੀਟਾਂ ਹਨ ਜਿਹਨਾਂ ਵਿੱਚ ਇਨ੍ਹਾਂ 4 ਮੈਡੀਕਲ ਕਾਲਜਾਂ ਦੇ ਖੁੱਲ੍ਹਣ ਨਾਲ 500 ਸੀਟਾਂ ਦਾ ਹੋਰ ਵਾਧਾ ਹੋ ਜਾਵੇਗਾ।

ਉਹਨਾਂ ਕਿਹਾ ਕਿ ਸਾਰੇ ਕਾਲਜਾਂ ਲਈ ਜਮੀਨ ਉਪਲੱਬਧ ਕਰ ਦਿੱਤੀ ਗਈ ਹੈ ਪਰ ਏਆਈਐਮਐਸ ਮੁਹਾਲੀ ਦੇ ਪਹਿਲਾਂ ਚਾਲੂ ਹੋਣ ਦੀ ਉਮੀਦ ਹੈ ਕਿਉਂਕਿ ਇਥੇ ਪਹਿਲਾਂ ਹੀ 300 ਬੈੱਡਾਂ ਵਾਲਾ ਹਸਪਤਾਲ ਹੈ ਜਿਸ ਨੂੰ ਮੈਡੀਕਲ ਕਾਲਜ ਨਾਲ ਜੋੜਨ ਲਈ ਇਸ ਵਿੱਚ ਕੇਵਲ ਥੋੜ੍ਹਾ ਵਾਧਾ ਕਰਨ ਦੀ ਜਰੂਰਤ ਹੈ। ਮੰਤਰੀ ਨੇ ਕਿਹਾ ਕਿ ਮੈਡੀਕਲ ਕਾਲਜ ਲਈ 80 ਫ਼ੀਸਦੀ ਫੈਕਲਟੀ ਦੀ ਭਰਤੀ ਕੀਤੀ ਜਾ ਚੁੱਕੀ ਹੈ ਅਤੇ ਪੈਰਾਮੈਡੀਕਲ ਤੇ ਹੋਰ ਸਹਾਇਕ ਸਟਾਫ ਦੀ ਭਰਤੀ ਲਈ ਪ੍ਰਕਿਰਿਆ ਜਾਰੀ ਹੈ। ਐਨਐਮਸੀ ਨਿਰੀਖਣ ਲਈ ਅਪਲਾਈ ਕੀਤਾ ਗਿਆ ਹੈ ਅਤੇ ਅਸੀਂ ਇਸ ਸਾਲ ਐਮਬੀਬੀਐਸ ਦਾ ਪਹਿਲਾ ਬੈਚ ਸੁਰੂ ਕਰਨ ਦੀ ਉਮੀਦ ਕਰ ਰਹੇ ਹਾਂ। ਉਹਨਾਂ ਅੱਗੇ ਕਿਹਾ ਕਿ ਮੈਡੀਕਲ ਕਾਲਜ ਦੀ ਇਮਾਰਤ ਵਿਚ ਇਕ ਅਕਾਦਮਿਕ ਬਲਾਕ, ਚਾਰ ਲੈਕਚਰ ਥੀਏਟਰ, ਲੈਬ, ਲੜਕੀਆਂ/ਲੜਕਿਆਂ ਲਈ ਹੋਸਟਲ, ਫੈਕਲਟੀ ਰਿਹਾਇਸ, ਲਾਇਬ੍ਰੇਰੀ, ਆਡੀਟੋਰੀਅਮ ਦੇ ਨਾਲ-ਨਾਲ ਇਨਡੋਰ ਪਲੇਅ ਏਰੀਆ/ਕਮਿਊਨਿਟੀ ਸੈਂਟਰ ਲਈ ਕਾਫੀ ਜਗ੍ਹਾ ਹੋਵੇਗੀ।

ਇਸ ਤੋਂ ਇਲਾਵਾ, 200 ਬੈੱਡਾਂ ਵਾਲੇ ਨਵੇਂ ਹਸਪਤਾਲ ਬਲਾਕ ਵਿੱਚ ਆਰਥੋ, ਪੀਡਜ, ਈ.ਐਨ.ਟੀ., ਡਰਮਾ, ਸਰਜਰੀ ਆਦਿ ਲਈ ਸਮਰਪਿਤ ਵਾਰਡਾਂ ਵਾਲੀ ਅਤਿ ਆਧੁਨਿਕ ਬਹੁ-ਮੰਜਲਾ ਬਿਲਡਿੰਗ , ਇਕ ਸਮਰਪਿਤ ਬਲੱਡ ਬੈਂਕ ਅਤੇ ਸੱਤ ਆਪ੍ਰੇਸਨ ਥੀਏਟਰ ਹੋਣਗੇ। ਮੌਜੂਦਾ ਅਨੁਮਾਨਾਂ ਅਨੁਸਾਰ, ਬੁਨਿਆਦੀ ਢਾਂਚੇ ‘ਤੇ ਲਗਭਗ 325 ਕਰੋੜ ਰੁਪਏ ਖਰਚ ਕੀਤੇ ਜਾਣਗੇ ਜਦੋਂਕਿ 50 ਕਰੋੜ ਰੁਪਏ ਉੱਚ ਤਕਨੀਕੀ ਉਪਕਰਣਾਂ ‘ਤੇ ਖਰਚ ਕੀਤੇ ਜਾਣਗੇ। ਸ੍ਰੀ ਸੋਨੀ ਨੇ ਕਿਹਾ ਕਿ ਆਰੰਭਕ ਕੰਮ ਖਤਮ ਕਰ ਲਏ ਗਏ ਹਨ ਅਤੇ ਮੈਡੀਕਲ ਕਾਲਜ ਤੇ ਹਸਪਤਾਲ ਦੀ ਇਮਾਰਤ ਦੀ ਉਸਾਰੀ ਲਈ ਅਗਲੇ ਪੰਦਰਵਾੜੇ ਵਿਚ ਟੈਂਡਰ ਜਾਰੀ ਕੀਤੇ ਜਾਣਗੇ।

ਨੀਂਹ ਪੱਥਰ ਸਮਾਰੋਹ ਦੌਰਾਨ ਮੈਡੀਕਲ ਸਿੱਖਿਆ ਮੰਤਰੀ ਦੇ ਨਾਲ ਪਹੁੰਚੇ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨੇ ਮੈਡੀਕਲ ਕਾਲਜ ਨੂੰ 10 ਏਕੜ ਤੋਂ ਵੱਧ ਰਮੀਨ ਲੀਜ ’ਤੇ ਦੇਣ ਲਈ ਬਹਿਲੋਲਪੁਰ ਅਤੇ ਜੁਝਾਰਨਗਰ ਪੰਚਾਇਤਾਂ ਦਾ ਧੰਨਵਾਦ ਕੀਤਾ। ਸਿਹਤ ਮੰਤਰੀ ਨੇ ਮੈਡੀਕਲ ਕਾਲਜ ਦੀ ਉਸਾਰੀ ਪ੍ਰਕਿ੍ਰਆ ਨੂੰ ਇਕ ਇਤਿਹਾਸਕ ਘਟਨਾ ਕਰਾਰ ਦਿੰਦਿਆਂ ਕਿਹਾ ਕਿ ਤਕਰੀਬਨ ਚਾਰ ਦਹਾਕਿਆਂ ਬਾਅਦ ਸੂਬੇ ਵਿਚ ਇਕ ਨਵਾਂ ਸਰਕਾਰੀ ਮੈਡੀਕਲ ਕਾਲਜ ਸਥਾਪਤ ਹੋ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।