ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ’ਤੇ 15 ਜੂਨ ਨੂੰ ਧਰਨਾ ਦੇਵੇਗਾ ਸ਼੍ਰੋਮਣੀ ਅਕਾਲੀ ਦਲ

Shiromani Akali Dal Sachkahoon

ਬਲਬੀਰ ਸਿੱਧੂ ਨੂੰ ਬਰਖ਼ਾਸਤ ਕਰਨ ਅਤੇ ਵੈਕਸੀਨ ਤੇ ਫਤਿਹ ਕਿੱਟ ਘੁਟਾਲੇ ਦੀ ਸੀਬੀਆਈ ਜਾਂਚ ਕਰਾਉਣ ਦੀ ਕੀਤੀ ਮੰਗ

ਚੰਡੀਗੜ, (ਅਸ਼ਵਨੀ ਚਾਵਲਾ)। ਸ਼੍ਰੋਮਣੀ ਅਕਾਲੀ ਦਲ ਨੇ ਅੱਜ ਐਲਾਨ ਕੀਤਾ ਕਿ ਉਹ ਸਿਹਤ ਮੰਤਰੀ ਬਲਬੀਰ ਸਿੱਧੂ ਨੂੰ ਬਰਖ਼ਾਸਤ ਕਰਨ ਅਤੇ ਵੈਕਸੀਨ ਤੇ ਫਤਿਹ ਕਿੱਟ ਘੁਟਾਲੇ ਦੀ ਸੀ ਬੀ ਆਈ ਤੋਂ ਜਾਂਚ ਕਰਵਾਏ ਜਾਣ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰੀ ਰਿਹਾਇਸ਼ ਦੇ ਬਾਹਰ 15 ਜੂਨ ਨੂੰ ਧਰਨਾ ਦੇਵੇਗਾ।

ਇਸ ਗੱਲ ਦੀ ਜਾਣਕਾਰੀ ਦਿੰਦਿਆਂ ਪਾਰਟੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ 15 ਜੂਨ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਇਸ ਸੰਕੇਤਕ ਧਰਨੇ ਦੀ ਅਗਵਾਈ ਕਰਨਗੇ ਅਤੇ ਕੋਰ ਕਮੇਟੀ ਤੇ ਪੀਏਸੀ ਮੈਂਬਰਾਂ, ਵਿਧਾਇਕਾਂ, ਜ਼ਿਲਾ ਪ੍ਰਧਾਨਾਂ ਤੇ ਯੂਥ ਅਹੁਦੇਦਾਰਾਂ ਸਮੇਤ ਸੀਨੀਅਰ ਆਗੂ ਇਸ ਵਿਚ ਸ਼ਾਮਲ ਹੋਣਗੇ।

ਪਾਰਟੀ ਦੇ ਬੁਲਾਰੇ ਨੇ ਦੱਸਿਆ ਕਿ ਵੈਕਸੀਨ ਘੁਟਾਲੇ ਅਤੇ ਫਤਿਹ ਕਿੱਟ ਘੁਟਾਲੇ ਨੇ ਪੰਜਾਬੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਅਤੇ ਹੈਰਾਨੀ ਵਾਲੀ ਗੱਲ ਹੈ ਕਿ ਚੁਣੀ ਹੋਈ ਸਰਕਾਰ ਤੇ ਇਹਦੇ ਮੈਂਬਰ ਮਹਾਂਮਾਰੀ ਵੇਲੇ ਲੋਕਾਂ ਦੀਆਂ ਤਕਲੀਫ਼ਾਂ ਤੋਂ ਮੁਨਾਫ਼ੇ ਕਮਾ ਰਹੇ ਹਨ। ਉਹਨਾਂ ਕਿਹਾ ਕਿ ਭਾਵੇਂ ਕਾਂਗਰਸ ਸਰਕਾਰ ਭਾਵੇਂ ਕਾਂਗਰਸ ਸਰਕਾਰ ਨੇ ਵੈਕਸੀਨ ਘੁਟਾਲੇ ਦੇ ਮਾਮਲੇ ਵਿਚ ਆਪਣੀ ਗਲਤੀ ਮੰਨੀ ਹੈ ਕਿ ਉਸਨੇ ਮੋਟਾ ਮੁਨਾਫ਼ਾ ਕਮਾ ਕੇ ਵੈਕਸੀਨ ਪ੍ਰਾਈਵੇਟ ਹਸਪਤਾਲਾਂ ਨੂੰ ਵੇਚੀ ਹੈ ਅਤੇ ਬਦਲੇ ਵਿਚ ਅੱਗੇ ਹਸਪਤਾਲਾਂ ਨੇ ਮੋਟਾ ਮੁਨਾਫ਼ਾ ਕਮਾਇਆ ਹੈ ਪਰ ਇਸ ਕੁਤਾਹੀ ਲਈ ਕਿਸੇ ਦੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਬਜਾਏ ਸਿਹਤ ਮੰਤਰੀ ਨੂੰ ਬਰਖ਼ਾਸਤ ਕਰਨ ਦੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਦਾ ਬਚਾਅ ਕਰ ਰਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।