ਮੁੱਖ ਮੰਤਰੀ ਦੇ ਸ਼ਹਿਰ ’ਚ ‘ਕੈਪਟਨ ਦੁਬਾਰਾ’ ਦੇ ਲੱਗੇ ਬੋਰਡ

Punjab Politics Sachkahoon

ਵਿਰੋਧੀਆਂ ਨੂੰ ਵੀ ਦਿੱਤਾ ਸੁਨੇਹਾ, ‘ਕੈਪਟਨ ਇੱਕ ਹੀ ਹੁੰਦਾ ਹੈ’

  •  ਕਾਂਗਰਸੀ ਬੋਰਡਾਂ ਜਰੀਏ ਕੈਪਟਨ ਸਰਕਾਰ ਲਿਆਉਣ ਲਈ ਹੋਏ ਕਾਹਲੇ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਸ਼ਹਿਰ ਅੰਦਰ ‘ਕੈਪਟਨ ਦੁਬਾਰਾ’ ਦੇ ਬੋਰਡ ਲੱਗਣ ਲੱਗੇ ਹਨ। ਕੈਪਟਨ ਦੇ ਸ਼ਹਿਰ ਦੇ ਕਾਂਗਰਸੀ ਬੋਰਡਾਂ ਰਾਹੀਂ 2022 ’ਚ ਮੁੜ ਕੈਪਟਨ ਸਰਕਾਰ ਲਿਆਉਣ ਲਈ ਕਾਹਲੇ ਪੈ ਗਏ ਹਨ। ਉਂਜ ਇਹ ਉਹੀ ਸ਼ਹਿਰ ਹੈ, ਜਿੱਥੇ ਰੋਜਾਨਾ ਹੀ ਆਪਣਾ ਰੁਜ਼ਗਾਰ ਮੰਗਣ ਲਈ ਆਉਣ ਵਾਲੇ ਬੇਰੁਜ਼ਗਾਰਾਂ ਨੂੰ ਛੱਲੀਆਂ ਵਾਂਗ ਕੁੱਟਿਆ ਜਾਂਦਾ ਹੈ। ਕਈ ਬੋਰਡਾਂ ਰਾਹੀਂ ਤਾਂ ਆਪਣੇ ਹੀ ਪਾਰਟੀ ਵਿਰੋਧੀਆਂ ਨੂੰ ਇਹ ਸੁਨੇਹਾ ਦਿੱਤਾ ਜਾ ਰਿਹਾ ਹੈ ਕਿ ਕੈਪਟਨ ਤਾਂ ਇੱਕ ਹੀ ਹੁੰਦਾ ਹੈ।

ਜਾਣਕਾਰੀ ਅਨੁਸਾਰ ਸੂਬੇ ਅੰਦਰ 2022 ਦੀਆਂ ਵਿਧਾਨ ਸਭਾ ਚੋਣਾਂ ਦਾ ਪਿੜ ਜਿਵੇਂ ਜਿਵੇਂ ਨੇੇੜੇ ਆ ਰਿਹਾ ਹੈ, ਮੁੱਖ ਮੰਤਰੀ ਦੇ ਸ਼ਹਿਰ ਦੇ ਕਾਂਗਰਸੀ ਮੁੜ ਕੈਪਟਨ ਨੂੰ ਲਿਆਉਣ ਲਈ ਬੋਰਡਾਂ ’ਤੇ ਉਤਰ ਆਏ ਹਨ। ਸ਼ਹਿਰ ਅੰਦਰ ਵੱਖ-ਵੱਖ ਚੌਕਾਂ ਅਤੇ ਹੋਰਨਾਂ ਥਾਵਾਂ ’ਤੇ ਕੈਪਟਨ ਅਮਰਿੰਦਰ ਸਿੰਘ ਅਤੇ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਦੀਆਂ ਫੋਟੋਆਂ ਵਾਲੇ ਵੱਡੇ ਬੋਰਡ ਲਗਾਏ ਗਏ ਹਨ, ਜਿਨ੍ਹਾਂ ’ਤੇ ਲਿਖਿਆ ਹੈ ਕਿ ਸਾਡਾ ਸਾਂਝਾ ਨਾਅਰਾ, ਕੈਪਟਨ ਦੁਬਾਰਾ। ਇਸ ਤੋਂ ਇਲਾਵਾ ਕਈ ਕਾਂਗਰਸੀਆਂ ਵੱਲੋਂ ਆਪਣੀਆਂ ਫੋਟੋਆਂ ਲਾਕੇ ਅਜਿਹੇ ਬੋਰਡ ਵੀ ਲਗਾਏ ਗਏ ਹਨ ਕਿ ‘ਕੈਪਟਨ ਇੱਕ ਹੀ ਹੁੰਦਾ ਹੈ’।

ਇਹ ਬੋਰਡ ਕਾਂਗਰਸ ’ਚ ਉੱਠੇ ਕਲੇਸ਼ ਨੂੰ ਦਰਸਾ ਰਹੇ ਹਨ ਅਤੇ ਇਨ੍ਹਾਂ ਬੋਰਡਾਂ ਰਾਹੀਂ ਵਿਰੋਧੀਆਂ ਨੂੰ ਇਸਾਰਾ ਕੀਤਾ ਗਿਆ ਹੈ ਕਿ ਉਹ ਕੈਪਟਨ ਨਹੀਂ ਬਣ ਸਕਦੇ। ਕੈਪਟਨ ਦੇ ਵਿਰੋਧੀ ਨਵਜੋਤ ਸਿੰਘ ਸਿੱਧੂ ਕਾਫੀ ਸਮੇਂ ਤੋਂ ਪਟਿਆਲਾ ਅੰਦਰ ਹੀ ਟਿਕੇ ਹੋਏ ਹਨ ਅਤੇ ਉਨ੍ਹਾਂ ਵੱਲੋਂ ਇੱਥੇ ਕਈ ਪ੍ਰੈਸ ਕਾਨਫਰੰਸਾਂ ਨੂੰ ਸੰਬੋਧਨ ਕੀਤਾ ਗਿਆ ਹੈ। ਉਂਜ ਉਹ ਸ਼ਹਿਰ ਅੰਦਰ ਕਿਸੇ ਸਮਾਗਮ ਆਦਿ ’ਚ ਨਹੀਂ ਵਿਚਰੇ, ਜਦਕਿ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਸ਼ੋਸਲ ਕੰਮਾਂ ਜਰੀਏ ਜ਼ਰੂਰ ਬਾਹਰ ਨਿਕਲ ਰਹੇ ਹਨ। ਸ਼ਹਿਰ ਅੰਦਰ ਕੈਪਟਨ ਅਮਰਿੰਦਰ ਸਿੰਘ ਨੂੰ ਮੁੜ ਲਿਆਉਣ ਵਾਲੇੇ ਕਾਫ਼ੀ ਬੋਰਡ ਲੱਗੇ ਹਨ ਅਤੇ ਲੱਗ ਰਹੇ ਹਨ। ਉਂਜ ਜੇਕਰ ਅਮਰਿੰਦਰ ਸਿੰਘ ਦੀ ਗੱਲ ਕੀਤੀ ਜਾਵੇ ਤਾਂ ਉਹ ਆਪਣੇ ਇਸ ਕਾਰਜਕਾਲ ਦੌਰਾਨ ਪਬਲਿਕ ਸਮਾਗਮਾਂ ਤੇ ਸ਼ਹਿਰ ਅੰਦਰ ਮਸਾਂ 2-3 ਵਾਰ ਹੀ ਆਏ ਹਨ।

ਇੱਧਰ ਮੁੱਖ ਮੰਤਰੀ ਦੇ ਸ਼ਹਿਰ ਅੰਦਰ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ਪ੍ਰਦਰਸ਼ਨ ਕਰਨ ਵਾਲੇ ਆਗੂਆਂ ਵੱਲੋਂ ਟਿੱਪਣੀ ਕਰਦਿਆਂ ਆਖਿਆ ਗਿਆ ਕਿ ਸ਼ਾਇਦ ਕਾਂਗਰਸੀ ਇਹ ਸੋਚ ਰਹੇ ਹਨ ਕਿ ਕੈਪਟਨ ਦੁਬਾਰਾ ਇਨ੍ਹਾਂ ਬੋਰਡਾ ਜਰੀਏ ਹੀ ਮੁੱਖ ਮੰਤਰੀ ਬਣ ਜਾਣਗੇ। ਉਨ੍ਹਾਂ ਕਿਹਾ ਕਿ ਕੈਪਟਨ ਦੇ ਸ਼ਹਿਰ ਅੰਦਰ ਰੋਜਾਨਾ ਰੁਜ਼ਗਾਰ ਮੰਗਣ ਵਾਲੇ ਨੌਜਵਾਨਾਂ ’ਤੇ ਡੰਡੇ ਵਰਾਏ ਜਾਂਦੇ ਹਨ ਤੇ ਧੀਆਂ ਨੂੰ ਘੜੀਸਿਆਂ ਜਾ ਰਿਹਾ ਹੈ ਅਤੇ ਇਹ ਕਾਂਗਰਸੀ ਜਾਂ ਕੈਪਟਨ ਵੱਲੋਂ ਕਿਹੜੇ ਮੂੰਹ ਨਾਲ ਇਹ ਬੋਰਡ ਲਗਾਏ ਜਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਬੋਰਡ ਤਾਂ ਸਰਕਾਰ ਦੀਆਂ ਪ੍ਰਾਪਤੀਆਂ ਦੇ ਲੱਗਣੇ ਚਾਹੀਦੇ ਹਨ ਕਿ ਸਰਕਾਰ ਵੱਲੋਂ ਹੁਣ ਤੱਕ ਕੀ ਕੀਤਾ ਗਿਆ ਹੈ, ਲੋਕ ਇਸ ਦਾ ਜਵਾਬ ਮੰਗ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕ ਜਵਾਬ ਤਾਂ ਕੈਪਟਨ ਤੋਂ ਕੀਤੇ ਗਏ ਵਾਅਦਿਆਂ ਦਾ ਮੰਗ ਰਹੇ ਹਨ।

ਹੁਣ ਚਾਹੁੰਦਾ ਬੇਰੁਜ਼ਗਾਰ, ਕੈਪਟਨ ਪੰਜਾਬ ਤੋਂ ਬਾਹਰ

ਪੰਜਾਬ ਸਟੂਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਕੁਲਵਿੰਦਰ ਸਿੰਘ, ਈਟੀਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ ਦਾ ਕਹਿਣਾ ਹੈ ਕਿ ਕੈਪਟਨ ਅਤੇ ਇਨ੍ਹਾਂ ਦੇ ਕਾਂਗਰਸੀ ਵੱਡੇ ਭੁਲੇਖੇ ’ਚ ਹਨ। ਉਨ੍ਹਾਂ ਕਿਹਾ ਕਿ ਕੈਪਟਨ ਦੁਬਾਰਾ ਦਾ ਨਾਅਰਾ ਨਹੀਂ, ਸਗੋਂ ਬੇਰੁਜ਼ਗਾਰਾਂ ਦਾ ਨਾਅਰਾ ਹੈ ਕਿ ‘ਹੁਣ ਚਾਹੁੰਦਾ ਏ ਬੇਰੁਜ਼ਗਾਰ, ਕੈਪਟਨ ਪੰਜਾਬ ਤੋਂ ਬਾਹਰ। ਇਨ੍ਹਾਂ ਆਗੂਆਂ ਨੇ ਕਿਹਾ ਕਿ ਪੰਜਾਬ ਦਾ ਨੌਜਵਾਨ ਅਤੇ ਲੋਕ 2022 ਦੀਆਂ ਹੀ ਚੋਣਾਂ ਦਾ ਇੰਤਜਾਰ ਕਰ ਰਹੇ ਹਨ ਕਿ ਜਦੋਂ ਇਨ੍ਹਾਂ ਵੋਟਾਂ ਮੰਗਣ ਆਉਣ ਵੇਲੇ ਇਨ੍ਹਾਂ ਤੋਂ ਬੇਰੁਜ਼ਗਾਰੀ ਭੱਤੇ, ਘਰ-ਘਰ ਨੌਕਰੀ ਆਦਿ ਅਨੇਕਾ ਵਾਅਦਿਆਂ ਬਾਰੇ ਪੁੱਛਿਆ ਜਾਵੇਗਾ। ਉਨ੍ਹਾਂ ਕਿਹਾ ਕਿ ਬੋਰਡ ਲਾਉਣ ਵਾਲੇ ਕਾਂਗਰਸੀਆਂ ਨੂੰ 81 ਦਿਨਾਂ ਤੋਂ ਟਾਵਰ ’ਤੇ ਬੈਠਾ ਸੁਰਿੰਦਰਪਾਲ ਗੁਰਦਾਸਪੁਰ ਨਜਰ ਨਹੀਂ ਆਇਆ ਅਤੇ ਨਾ ਹੀ ਬੇਰੁਜ਼ਗਾਰਾਂ ਦੀ ਕੁੱਟਮਾਰ ਕਰਦੀ ਪੁਲਿਸ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।