25 ਪਰਿਵਾਰਾਂ ਨੇ ਸਹੁੰ ਚੁੱਕ ਚਿੱਟਾ ਨਾ ਵੇਚਣ ਦਾ ਲਿਆ ਪ੍ਰਣ

25 Families, Took, Oath, Sell, Chitta

ਕਿਹਾ, ਫਿਰ ਵੀ ਅਜਿਹਾ ਕੰਮ ਕਰਦੇ ਤਾਂ ਬਖਸ਼ਿਆ ਨਹੀਂ ਜਾਵੇਗਾ | Sherpur News

ਸ਼ੇਰਪੁਰ, (ਰਵੀ ਗੁਰਮਾ/ਸੱਚ ਕਹੂੰ ਨਿਊਜ਼)। ਕਸਬਾ ਸ਼ੇਰਪੁਰ ਵਿੱਚ ਚਿੱਟੇ ਦੇ ਸਮੱਗਲਰਾਂ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਅਖਬਾਰਾਂ ਵਿੱਚ ਖਬਰਾਂ ਪ੍ਰਸਾਰਿਤ ਹੋ ਰਹੀਆਂ ਹਨ। ਖਬਰਾਂ ਨੂੰ ਲੈ ਕੇ ਚਿੱਟੇ ਸਬੰਧੀ ਕਸਬੇ ਵਿੱਚ ਕਾਫ਼ੀ ਖੁੰਢ-ਚਰਚਾ ਚੱਲ ਰਹੀ ਹੈ ਪਰ ਅੱਜ ਉਸ ਸਮੇਂ ਇੱਕ ਨਵਾਂ ਮੋੜ ਆਇਆ ਜਦੋਂ ਇੱਕ ਵਿਸ਼ੇਸ਼ ਬਰਾਦਰੀ ਦੇ ਪੱਚੀ ਪਰਿਵਾਰਾਂ, ਜੋ ਪਿਛਲੇ ਲੰਮੇ ਸਮੇਂ ਤੋਂ ਨਸ਼ਾ ਵੇਚਣ ਦੇ ਆਦੀ ਸਨ, ਵੱਲੋਂ ਅੱਜ ਪਿੰਡ ਜਲੂਰ ਵਿਖੇ ਸਹੁੰ ਚੁੱਕ ਕੇ ਅੱਗੇ ਤੋਂ ਅਜਿਹੇ ਕੰਮ ਕਰਨ ਤੋਂ ਤੌਬਾ ਕੀਤੀ ਗਈ। ਇਸ ਸਬੰਧੀ ਐੱਸ ਐੱਚ ਓ ਰਾਕੇਸ਼ ਕੁਮਾਰ ਨੇ ਪ੍ਰੈੱਸ ਕਲੱਬ ਸ਼ੇਰਪੁਰ ਵਿਖੇ ਪ੍ਰੈੱਸ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਡੀਐੱਸਪੀ ਅਕਾਸ਼ਦੀਪ ਸਿੰਘ ਔਲਖ ਧੂਰੀ ਦੀ ਅਗਵਾਈ ਵਿੱਚ ਥਾਣਾ ਸ਼ੇਰਪੁਰ ਦੀ ਪੁਲਿਸ ਦੇ ਯਤਨਾਂ ਸਦਕਾ ਇਹ ਸਭ ਸੰਭਵ ਹੋਇਆ ਹੈ। (Sherpur News)

ਇਸ ਮੌਕੇ ਥਾਣਾ ਮੁਖੀ ਨੇ ਉਨ੍ਹਾਂ ਨੂੰ ਸਖਤ ਤਾੜਨਾ ਕੀਤੀ ਕਿ ਜੇਕਰ ਉਹ ਫਿਰ ਵੀ ਅਜਿਹਾ ਕੰਮ ਕਰਨਗੇ ਤਾਂ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ। ਇਸ ਖਾਸ ਬਰਾਦਰੀ ਦੇ ਮੈਂਬਰਾਂ ਨੇ ਵੀ ਪ੍ਰੈੱਸ ਨੂੰ ਮੁਖਾਤਿਬ ਹੁੰਦਿਆਂ ਦੱਸਿਆ ਕਿ ਸਾਡਾ ਕੋਈ ਹੋਰ ਕਮਾਈ ਦਾ ਸਾਧਨ ਨਹੀਂ ਸੀ ਤਾਂ ਕਰਕੇ ਅਸੀਂ ਇਨ੍ਹਾਂ ਮਾੜੇ ਕੰਮਾਂ ਵਿੱਚ ਪੈ ਗਏ ਸੀ ਪਰ ਅੱਜ ਤੋਂ ਬਾਅਦ ਸਾਡੇ ਪਰਿਵਾਰਾਂ ਦਾ ਕੋਈ ਵੀ ਮੈਂਬਰ ਹੋਰ ਨਸ਼ਾ ਜਾਂ ਚਿੱਟਾ ਨਹੀਂ ਵੇਚੇਗਾ ਜੇ ਕੋਈ ਹੋਰ ਵੀ ਪਰਿਵਾਰ ਨਸ਼ਾ ਵੇਚੇਗਾ ਤਾਂ ਉਸ ਦੀ ਇਤਲਾਹ ਪੁਲਿਸ ਨੂੰ ਦਿੱਤੀ ਜਾਵੇਗੀ। ਨਸ਼ਾ ਨਾ ਵੇਚਣ ਦੀ ਸਹੁੰ ਖਾ ਕੇ ਉਨ੍ਹਾਂ ਨੇ ਸਮਾਜ ਪ੍ਰਤੀ ਆਪਣੀ ਪਹਿਲੀ ਪਹਿਲ ਕਦਮੀ ਕਰਦਿਆਂ ਚੰਗਾ ਉਪਰਾਲਾ ਕੀਤਾ। ਜਿਸ ਦੀ ਸਮਾਜ ਸੇਵੀਆਂ ਤੇ ਪੁਲਿਸ ਪ੍ਰਸ਼ਾਸਨ ਨੇ ਪ੍ਰਸ਼ੰਸਾ ਵੀ ਕੀਤੀ। (Sherpur News)