ਅੱਗ ਲੱਗਣ ਨਾਲ 200 ਤੋਂ ਵੱਧ ਏਕੜ ਕਣਕ ਸੜ ਕੇ ਹੋਈ ਸੁਆਹ

200 Acres, Wheat Burnt, Fire

ਪਿੰਡ ਠੀਕਰੀਵਾਲਾ ਤੇ ਰਾਏਸਰ ਨੇੜਲੇ ਖੇਤਾਂ ‘ਚ ਲੱਗੀ ਅੱਗ

ਬਰਨਾਲਾ (ਜਸਵੀਰ ਸਿੰਘ ) | ਲੰਘੀ ਦੇਰ ਸ਼ਾਮ ਪਿੰਡ ਠੀਕਰੀਵਾਲਾ ਤੇ ਰਾਏਸਰ ਦੇ ਖੇਤਾਂ ‘ਚ ਚੱਲ ਰਹੀ ਕੰਬਾਇਨ ਤੋਂ ਲੱਗੀ ਅੱਗ ਕਾਰਨ ਉਕਤ ਪਿੰਡਾਂ ਦੇ ਕਿਸਾਨਾਂ ਦੀ ਛੇ ਮਹੀਨਿਆਂ ਦੀ ਮਿਹਨਤ ਪਿੱਛੋਂ ਤਿਆਰ 200 ਏਕੜ ਤੋਂ ਵੀ ਜ਼ਿਆਦਾ ਕਣਕ ਦੀ ਖੜ੍ਹੀ ਫ਼ਸਲ ਸੜ ਕੇ ਸੁਆਹ ਹੋ ਗਈ। ਜਿਨ੍ਹਾਂ ‘ਚੋਂ ਜ਼ਿਆਦਾਤਰ ਕਿਸਾਨਾਂ ਨੇ ਜ਼ਮੀਨ ਠੇਕੇ ‘ਤੇ ਲੈ ਕੇ ਕਣਕ ਦੀ ਫ਼ਸਲ ਬੀਜੀ ਸੀ। ਪਤਾ ਲੱਗਦਿਆਂ ਹੀ ਇਕੱਤਰ ਹੋਏ ਨੇੜਲੇ ਪਿੰਡਾਂ ਦੇ ਲੋਕਾਂ ਨੇ ਭਾਰੀ ਮਸ਼ੁੱਕਤ ਉਪਰੰਤ ਅੱਗ ‘ਤੇ ਕਾਬੂ ਪਾਇਆ। ਐੱਸਡੀਐੱਮ ਬਰਨਾਲਾ ਸੰਦੀਪ ਕੁਮਾਰ ਨੇ ਮੌਕਾ ਦੇਖ ਗਿਰਦਾਵਰੀ ਦੇ ਹੁਕਮ ਦਿੱਤੇ।ਪ੍ਰਾਪਤ ਜਾਣਕਾਰੀ ਅਨੁਸਾਰ ਲੰਘੀ ਦੇਰ ਸ਼ਾਮ ਪਿੰਡ ਠੀਕਰੀਵਾਲਾ ਤੇ ਰਾਏਸਰ ਦੇ ਖੇਤਾਂ ‘ਚ ਅੱਗ ਲੱਗ ਗਈ। ਜਿਸ ਨੇ ਦੇਖਦੇ ਹੀ ਦੇਖਦੇ 200 ਏਕੜ ਤੋਂ ਵੀ ਜ਼ਿਆਦਾ ਕਣਕ ਦੀ ਫ਼ਸਲ ਨੂੰ ਸਾੜ ਕੇ ਸੁਆਹ ਕਰ ਦਿੱਤਾ। ਪਤਾ ਲਗਦਿਆਂ ਹੀ ਨੇੜਲੇ ਪਿੰਡਾਂ ਦੇ ਵੱਡੀ ਗਿਣਤੀ ਲੋਕਾਂ ਨੇ ਭਾਰੀ ਮੁਸ਼ੱਕਤ ਪਿੱਛੋਂ ਅੱਗ ‘ਤੇ ਕਾਬੂ ਪਾਇਆ। ਦੱਸਿਆ ਜਾ ਰਿਹਾ ਹੈ ਕਿ ਕਣਕ ਦੀ ਕਟਾਈ ਕਰ ਰਹੀ ਕੰਬਾਇਨ ਤੋਂ ਨਿਕਲੀ ਚੰਗਿਆੜੀ ਸਦਕਾ ਕਣਕ ਨੂੰ ਅੱਗ ਲੱਗੀ ਹੈ। ਜਿਸ ਸਬੰਧੀ ਐੱਸਡੀਐੱਮ ਬਰਨਾਲਾ ਸੰਦੀਪ ਕੁਮਾਰ ਨੇ ਮੌਕਾ ਦੇਖਿਆ ਤੇ ਤੁਰੰਤ ਗਿਰਦਾਵਰੀ ਦੇ ਹੁਕਮ ਦਿੱਤੇ। ਉਨ੍ਹਾਂ ਕਿਹਾ ਕਿ ਨੁਕਸਾਨ ਦਾ ਸਮੁੱਚਾ ਵੇਰਵਾ ਤਿਆਰ ਕਰਕੇ ਪੰਜਾਬ ਸਰਕਾਰ ਨੂੰ ਭੇਜ ਦਿੱਤਾ ਜਾਵੇਗਾ। ਅੱਗ ਲੱਗਣ ਕਾਰਨ ਪਿੰਡ ਠੀਕਰੀਵਾਲ ਦੇ ਕਿਸਾਨ ਗੁਰਚਰਨ ਸਿੰਘ ਦੀ 3 ਏਕੜ, ਜਗਰਾਜ ਸਿੰਘ ਉਰਫ਼ ਪ੍ਰਭੂ ਠੀਕਰੀਵਾਲ ਦੀ 15 ਏਕੜ, ਜਾਗਰ ਸਿੰਘ ਦੀ ਸਾਢੇ 4 ਏਕੜ, ਜਗਰਾਜ ਸਿੰਘ ਦੀ ਢਾਈ ਏਕੜ, ਹਾਕਮ ਸਿੰਘ ਦੀ 3 ਏਕੜ ਅਤੇ ਪਿੰਡ ਨਾਈਵਾਲਾ ਦੇ ਸਿਮਰਜੀਤ ਸਿੰਘ ਦੀ 3 ਏਕੜ ਕਣਕ ਦੀ ਫ਼ਸਲ ਸਮੇਤਹੋਰ ਕਈ ਕਿਸਾਨਾਂ ਦੀ 200 ਏਕੜ ਤੋਂ ਵੀ ਜ਼ਿਆਦਾ ਕਣਕ ਦੀ ਫ਼ਸਲ ਇਸ ਅੱਗ ਦੀ ਭੇਂਟ ਚੜ੍ਹ ਗਈ। ਉਕਤ ਪੀੜਤ ਕਿਸਾਨਾਂ ਚੋਂ ਕੁਝ ਕਿਸਾਨਾਂ ਨੇ ਜ਼ਮੀਨ ਠੇਕੇ ‘ਤੇ ਲੈ ਕੇ ਕਣਕ ਦੀ ਫ਼ਸਲ ਬੀਜੀ ਸੀ, ਜੋ ਅੱਗ ਦੀ ਭੇਂਟ ਚੜ੍ਹ ਗਈ। ਕਿਸਾਨਾਂ ਨੇ ਸਰਕਾਰ ਪਾਸੋਂ ਮੁਆਵਜੇ ਦੀ ਮੰਗ ਕੀਤੀ। ਇਸ ਦੌਰਾਨ ਅੱਗ ਦੀ ਲਪੇਟ ‘ਚ ਆਇਆ ਇੱਕ ਟਰੈਕਟਰ- ਟਰਾਲੀ ਵੀ ਨੁਕਸਾਨਿਆ ਗਿਆ। ਮੌਕੇ ‘ਤੇ ਮੌਜੂਦ ਲੋਕਾਂ ਨੇ ਕਿਹਾ ਕਿ ਜੇਕਰ ਫਾਇਰ ਬਿਗ੍ਰੇਡ ਦੀ ਗੱਡੀ ਸਮੇਂ ਸਿਰ ਪੁੱਜ ਜਾਂਦੀ ਤਾਂ ਕਣਕ ਦਾ ਨੁਕਸਾਨ ਬਹੁਤ ਜ਼ਿਆਦਾ ਘੱਟ ਹੋਣਾ ਸੀ। ਇਸ ਮੌਕੇ ਕਿਸਾਨਾਂ ਨੇ ਰੋਸ ਵਜੋਂ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਉਨ੍ਹਾਂ ਨਾਲ ਪਟਵਾਰੀ ਰਣਜੀਤ ਸਿੰਘ ਤੇ ਪਟਵਾਰੀ ਗੁਰਵਿੰਦਰ ਸਿੰਘ ਹਾਜ਼ਰ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।