ਐਨਆਰਆਈ ਦੇ ਘਰ ‘ਚ ਲੱਗੀ ਅੱਗ

ਲੱਖਾਂ ਦਾ ਨੁਕਸਾਨ ਹੋਇਆ

ਮਹਿਲ ਕਲਾਂ, (ਸੱਚ ਕਹੂੰ ਨਿਊਜ਼) । ਪਿੰਡ ਠੁੱਲੀਵਾਲ ਵਿਖੇ ਇੱਕ ਕੈਨੇਡਾ ਵਸਦੇ ਪਰਿਵਾਰ ਦੇ ਘਰ ਵਿੱਚ ਅਚਾਨਕ ਸ਼ਾਰਟ ਸਰਕਟ ਨਾਲ ਅੱਗ ਲੱਗਣ ਕਾਰਨ ਕੋਠੀ ਅੰਦਰ ਪਿਆ ਲੱਖਾਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਪੀੜਤ ਦੇ ਭਰਾ ਗਿਆਨ ਸਿੰਘ ਨੇ ਦੱਸਿਆ ਕਿ ਉਕਤ ਘਰ ਉਸਦੇ ਭਰਾ ਸਵ: ਬਲਦੇਵ ਸਿੰਘ ਵਾਸੀ ਠੁੱਲੀਵਾਲ ਦਾ ਹੈ। ਜਿਸ ਦਾ ਪਰਿਵਾਰ ਪਿਛਲੇ 5-6 ਸਾਲਾਂ ਤੋਂ ਕੈਨੇਡਾ ਵਿਖੇ ਰਹਿ ਰਿਹਾ ਸੀ। ਤਿੰਨ ਕੁ ਮਹੀਨੇ ਪਹਿਲਾਂ ਉਸਦੀ ਭਰਜਾਈ ਸੁਰਜੀਤ ਕੌਰ ਕੈਨੇਡਾ ਵਿਖੇ ਆਪਣੇ ਪੁੱਤਰ ਲਾਲੀ ਸਿੰਘ ਕੋਲ ਚਲੀ ਗਈ ਸੀ।

ਪਿੱਛੋਂ ਕੋਠੀ ਨੂੰ ਤਾਲਾ ਲੱਗਾ ਹੋਇਆ ਸੀ। ਉਨ੍ਹਾਂ ਦੱਸਿਆ ਕਿ ਅਚਾਨਕ ਕੋਠੀ ਵਿੱਚ ਅੱਗ ਲੱਗਣ ਕਾਰਨ ਪੇਟੀ,  ਬੈੱਡ, ਫਰਿੱਜ, ਵਾਸ਼ਿੰਗ ਮਸ਼ੀਨ, ਏ. ਸੀ. ਮੰਜੇ, ਗੱਦੇ, ਸਕੂਟਰ ਸਮੇਤ ਘਰੇਲੂ ਸਮਾਨ ਅਤੇ ਦਸਤਾਵੇਜ਼ ਸੜ ਕੇ ਸੁਆਹ ਹੋ ਗਏ। ਜਿਸ ਦਾ ਪਤਾ ਲੱਗਦਿਆਂ ਹੀ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਫਾਇਰ ਬ੍ਰਿਗੇਡ ਦੇ ਸਹਿਯੋਗ ਨਾਲ ਭਾਰੀ ਜੱਦੋ ਜ਼ਹਿਦ ਨਾਲ ਅੱਗ ‘ਤੇ  ਕਾਬੂ ਪਾਇਆ। ਘਟਨਾ ਦੀ ਸੂਚਨਾਂ ਮਿਲਦਿਆਂ ਹੀ ਥਾਣਾ ਠੁੱਲੀਵਾਲ ਦੇ ਏ ਐਸ ਆਈ ਬਲਦੇਵ ਸਿੰਘ ਨੇ ਪੁਲਿਸ ਪਾਰਟੀ ਸਮੇਤ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਦੱਸਿਆ ਕਿ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਹੋ ਸਕਦਾ ਹੈ ਅਤੇ ਫਿਰ ਵੀ ਪੁਲਿਸ ਵੱਲੋਂ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

ਇਲਾਕਾ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਪਾਸੋਂ ਇਕ ਫਾਇਰ ਬ੍ਰਿਗੇਡ ਗੱਡੀ ਪੱਕੇ ਤੌਰ ‘ਤੇ ਮਹਿਲ ਕਲਾਂ ਵਿਖੇ ਤਾਇਨਾਤ ਕੀਤੇ ਜਾਣ ਦੀ ਵੀ ਮੰਗ ਕੀਤੀ ਤਾਂ ਹੋਰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਸਮੇਂ ਸਿਰ ਰੋਕਿਆ ਜਾ ਸਕੇ। ਜ਼ਿਕਰਯੋਗ ਹੈ ਕਿ ਇੱਕ ਦਿਨ ਪਹਿਲਾਂ ਹੀ ਪਿੰਡ ਠੁੱਲੀਵਾਲ ਵਿਖੇ ਚਹਿਲ ਇਲੈਕਟ੍ਰੋਨਿਕਸ ਨੂੰ ਅੱਗ ਲੱਗ ਗਈ ਸੀ। ਜਿਸ ਕਾਰਨ ਲਗਭਗ 8 ਲੱਖ ਦਾ ਨੁਕਸਾਨ ਹੋ ਗਿਆ ਸੀ। ਰੋਜ਼-ਰੋਜ਼ ਅੱਗ ਲੱਗਣ ਦੀਆਂ ਘਟਨਾਵਾਂ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ।