1 ਕਰੋੜ 38 ਲੱਖ ਦਾ ਗਬਨ ਕਰਨ ਦੇ ਦੋਸ਼ ‘ਚ 10 ਨਾਮਜ਼ਦ

ਮੋਗਾ, (ਲਖਵੀਰ ਸਿੰਘ)। ਐਜੂਕੇਸ਼ਨ ਸੁਸਾਇਟੀ ਕਮੇਟੀ ਦੇ ਚੇਅਰਮੈਨ ਨੂੰ ਬਿਨਾ ਦੱਸੇ ਚੇਅਰਮੈਨ ਅਹੁਦੇ ਤੋਂ ਹਟਾ ਕੇ ਉਸ ਦੀ ਹਿੱਸੇਦਾਰੀ ਦੇ 1 ਕਰੋੜ 38 ਲੱਖ ਰੁਪਏ ਦਾ ਗਬਨ ਕਰਨ ਦੇ ਦੋਸ਼ ‘ਚ ਪੁਲਿਸ ਵੱਲੋਂ 10 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਥਾਣਾ ਸਮਾਲਸਰ ਦੇ ਸਹਾਇਕ ਥਾਣੇਦਾਰ ਵਕੀਲ ਸਿੰਘ ਨੇ ਦੱਸਿਆ ਕਿ ਸੁਖਦਰਸਨ ਸਿੰਘ ਪੁੱਤਰ ਬਚਨ ਸਿੰਘ ਵਾਸੀ ਪੱਤੀ ਮੱਲੇਕੇ ਪੁਰਾਣਾ ਮੋਗਾ ਹਾਲ ਅਬਾਦ ਵਿਦੇਸ਼ ਫਿਨਲੈਡ ਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਦਿੱਤੇ ਸ਼ਿਕਾਇਤ ਪੱਤਰ ਵਿੱਚ ਕਿਹਾ ਕਿ ਪਰਵਿੰਦਰ ਸਿੰਘ ਵਾਸੀ ਢੁੱਡੀਕੇ, ਕਮਲਜੀਤ ਕੌਰ ਵਾਸੀ ਬਾਘਾਪੁਰਾਣਾ, ਜਰਨੈਲ ਸਿੰਘ ਸਰਪੰਚ ਵਾਸੀ ਲੰਗੇਆਣਾ ਪੁਰਾਣਾ, ਪਰਲਾਦ ਸਿੰਘ ਵਾਸੀ ਲੰਗੇਆਣਾ ਪੁਰਾਣਾ, ਸੰਤ ਪ੍ਰਾਸਦ ਤੁਲੀ ਵਾਸੀ ਬਾਘਾਪੁਰਾਣਾ, ਸੰਦੀਪ ਕੁਮਾਰ ਵਾਸੀ ਬਾਘਾਪੁਰਾਣਾ, ਜਗਸੀਰ ਸਿੰਘ ਵਾਸੀ ਬਾਘਾਪੁਰਾਣਾ, ਕੁਲਜਿੰਦਰ ਕੌਰ ਵਾਸੀ ਅਟਾਰੀ, ਹਰਪ੍ਰੀਤ ਕੌਰ ਵਾਸੀ ਬਾਘਾਪੁਰਾਣਾ, ਜਗਮੇਲ ਸਿੰਘ ਵਾਸੀ ਅਟਾਰੀ ਨੇ ਉਸ ਨਾਲ ਮਿਲਕੇ ਹਰਗੋਬਿੰਦ ਐਜੂਕੇਸ਼ਨ ਸੁਸਾਇਟੀ ਬਣਾਈ ਸੀ ਜਿਸ ਅਧੀਨ ਕਮੇਟੀ ਨੇ ਅਲਪਾਈਨ ਕਾਲਜ ਪਿੰਡ ਰੋਡੇ ਖੋਲ੍ਹਿਆ ਸੀ ਤੇ ਉਸ ਨੂੰ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਸੀ।

ਪਰ ਉਸ ਦੇ ਵਿਦੇਸ਼ ਜਾਣ ਤਂ ਬਾਅਦ ਉਕਤ ਵਿਕਅਤੀਆਂ ਨੇ ਉਸ ਨੂੰ ਬਿਨਾ ਪੁੱਛੇ ਦੱਸੇ ਉਸ ਨੂੰ ਚੇਅਰਮੈਨ ਦੇ ਅਹੁਦੇ ਤੋਂ ਹਟਾ ਦਿੱਤਾ ਤੇ ਉਸਦੀ ਹਿੱਸੇਦਾਰੀ ਦੇ 1 ਕਰੋੜ 38 ਲੱਖ ਰੁਪਏ ਦਾ ਗਬਨ ਕਰ ਲਿਆ। ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਇਸ ਮਾਮਲੇ ਦੀ ਜਾਂਚ ਪੜਤਾਲ ਐਸਪੀ (ਆਈ) ਮੋਗਾ ਨੂੰ ਸੌਂਪੀ, ਜਾਂਚ ਦੌਰਾਨ ਸ਼ਿਕਾਇਤ ਕਰਤਾ ਦੇ ਦੋਸ਼ ਸਹੀ ਪਾਏ ਜਾਣ ‘ਤੇ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਕਥਿਤ ਦੋਸ਼ੀਆਂ ਖਿਲਾਫ ਥਾਣਾ ਸਮਾਲਸਰ ਵਿੱਚ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰÎਭ ਦਿੱਤੀ ਹੈ।