Punjab
Wheat Crop: ਕਿੱਥੇ ਰੱਖ ਲਾਂ ਲੁਕੋ ਕੇ ਤੈਨੂੰ ਕਣਕੇ....
ਕਣਕ ਦੀ ਫ਼ਸਲ ਵੱਢ ਅਤੇ ਕੱਢ ਕੇ ਘਰ ਲਿਆਉਣ ਤੱਕ ਇਸ ’ਤੇ ਮੌਸਮੀ ਖ਼ਤਰੇ ਮੰਡਰਾਉਂਦੇ ਰਹਿੰਦੇ ਹਨ
ਪੰਜਾਬ ਖੇਤੀ ਪ੍ਰਧਾਨ ਸੂਬਾ ਹੈ। ਬਹੁਗਿਣਤੀ ਲੋਕਾਂ ਦੀ ਆਰਥਿਕਤਾ ਦਾ ਧੁਰਾ ਖੇਤੀ ਹੈ। ਆਰਥਿਕਤਾ ਦਾ ਆਧਾਰ ਹੋਣ ਦੇ ਨਾਲ-ਨਾਲ ਖੇਤੀ ਇਨਸਾਨਾਂ, ਪਸ਼ੂਆਂ ਅਤੇ ਪੰਛੀਆਂ ਲਈ ਖੁਰਾਕ ਦਾ ਵੀ ਮੁੱਖ ਸ੍ਰੋਤ ਹੈ। ਪੰਜਾਬੀ ਕਿਸਾਨਾਂ ਵੱਲੋਂ ਪੈਦਾ ਕੀਤੀਆਂ ਜਾਣ ਵਾਲੀਆਂ ਦੋ ਪ੍ਰਮੁੱਖ ਫ਼ਸਲਾਂ ਝੋਨਾ ਅਤੇ ਕਣਕ ਵਿੱਚੋਂ ਕਣਕ ਦੀ ਫ਼ਸਲ ਦਾ ਬਹੁਤ ਵੱਡਾ ਮਹੱਤਵ ਹੈ। ਪੰਜਾਬੀਆਂ ਦੀ ਮੁੱਖ ਖੁਰਾਕ ਹੋਣ ਕਾਰਨ ਕਿਸਾਨਾਂ ਸਮੇਤ ਸਮਾਜ ਦੇ ਬਾਕੀ ਸਭ ਵਰਗਾਂ ਦੀਆਂ ਵੀ ਕਣਕ ਦੀ ਫ਼ਸਲ ਦੀ ਆਮਦ ’ਤੇ ਨਜ਼ਰਾਂ ਟਿਕੀਆਂ ਹੁੰਦੀਆਂ ਹਨ। ਕਣਕ ਦੀ ਆਮਦ ਕਿਸੇ ਤਿਉਹਾਰ ਤੋਂ ਘੱਟ ਨਹੀਂ ਹੁੰਦੀ। ਵਿਸਾਖੀ ਦੇ ਤਿਉਹਾਰ ਦਾ ਧਾਰਮਿਕ ਪਿਛੋਕੜ ਹੋਣ ਦੇ ਨਾਲ-ਨਾਲ ਇਸ ਦਾ ਸੰਬੰਧ ਕਣਕ ਦੀਆਂ ਫਸਲ ਦੇ ਸੁੱਖੀਂ-ਸਾਂਦੀ ਘਰ ਆਉਣ ਨਾਲ ਵੀ ਜੁੜਿਆ ਹੋਇਆ ਹੈ। ਕਣਕ ਦੀ ਫ਼ਸਲ ਦਾ ਮਹੱਤਵ ਵੇਖੋ ਕਿ ਹੋਰਨਾਂ ਕਿੱਤਿਆਂ ’ਚ ਲੱਗੇ ਲੋਕ ਵੀ ਕਣਕ ਦੀ ਵਾਢੀ ਵਿਚ ਆ ਲੱਗਦੇ ਹਨ, ਤਾਂ ਕਿ ਸਾਲ ਭਰ ਲਈ ਅਨਾਜ ਇਕੱਠਾ ਕੀਤਾ ਜਾ ਸਕੇ।
ਕਣਕ ਦੀ ਫ਼ਸਲ ਵੱਢ ਅਤੇ ਕੱਢ ਕੇ ਘਰ ਲਿਆਉਣ ਤੱਕ ਇਸ ’ਤੇ ਮੌਸਮੀ ਖ਼ਤਰੇ ਮੰਡਰਾਉਂਦੇ ਰਹਿੰਦੇ ਹਨ। ਕਣਕ ਦੀ ਫ਼ਸਲ ਦੇ ਪੱਕਣ ਦਾ ਸਮਾਂ ਸਰਦੀ ਤੋਂ ਗਰਮੀ ’ਚ ਪ੍ਰਵੇਸ਼ ਦਾ ਸਮਾਂ ਹੁੰਦਾ ਹੈ। ਕਣਕ ਦੀ ਫ਼ਸਲ ਨੂੰ ਜਿੱਥੇ ਵਧਣ-ਫੁੱਲਣ ਲਈ ਸਰਦ ਮੌਸਮ ਦੀ ਜ਼ਰੂਰਤ ਹੁੰਦੀ ਹੈ, ਉੱਥੇ ਹੀ ਪੱਕਣ ਲਈ ਗਰਮ ਮੌਸਮ ਦੀ ਜ਼ਰੂਰਤ ਹੁੰਦੀ ਹੈ। ਮੌਸਮ ਦੀ ਤਬਦੀਲੀ ਅਕਸਰ ਬੇਮੌਸਮੇ ਮੀਂਹਾਂ ਅਤੇ ਗੜੇਮਾਰੀ ਦਾ ਕਾਰਨ ਹੋ ਨਿੱਬੜਦੀ ਹੈ। ਕਣਕ ਦੀਆਂ ਬੱਲੀਆਂ ਦਾ ਰੰਗ ਹਰੇ ਤੋਂ ਸੁਨਹਿਰਾ ਹੁੰਦਾ ਵੇਖ ਕਿਸਾਨ ਦੇ ਪੈਰ ਖੁਸ਼ੀ ਨਾਲ ਥਿਰਕਣ ਲੱਗਦੇ ਹਨ ਪਰ ਅੰਬਰ ’ਤੇ ਚੜ੍ਹਦੇ ਬੱਦਲ ਉਸ ਦੀਆਂ ਖੁਸ਼ੀਆਂ ਨੂੰ ਗ੍ਰਹਿਣ ਲਾ ਕੇ ਰੱਖ ਦਿੰਦੇ ਹਨ।
Career Options After 12th: 12ਵੀਂ ਪਾਸ ਵਿਦਿਆਰਥੀਆਂ ਲਈ ਸੁਨਹਿਰਾ ਕਰੀਅਰ ਬਦਲ
ਕਿਸਾਨ ਮਨ ਹੀ ਮਨ ਪੱਕੀ ਕਣਕ ਦੇ ਸੁੱਖੀਂ-ਸਾਂਦੀ ਘਰ ਪਹੁੰਚਣ ਦੀਆਂ ਪਰਮਾਤਮਾ ਅੱਗੇ ਅਰਜ਼ੋਈਆਂ ਕਰਦਾ ਹੈ। ਇਸ ਵਾਰ ਬੇਮੌਸਮਾ ਮੀਂਹ ਕਿਸਾਨ ਦੀਆਂ ਅਰਜ਼ੋਈਆਂ ਅਤੇ ਚਾਵਾਂ ਸਮੇਤ ਪਤਾ ਨਹੀਂ ਕੀ-ਕੀ ਵਹਾ ਕੇ ਲੈ ਜਾਵੇਗਾ। ਮੀਂਹ ਅਤੇ ਗੜੇਮਾਰੀ ਕਿਸਾਨਾਂ ਲਈ ਕਹਿਰ ਬਣ ਗਈ। ਖੇਤਾਂ ਵਿੱਚ ਲਹਿਰਾਉਂਦੀਆਂ ਸੁਨਹਿਰੀ ਕਣਕਾਂ ਨੂੰ ਮੀਂਹ ਅਤੇ ਤੇਜ਼ ਹਵਾਵਾਂ ਨੇ ਅਜਿਹਾ ਮਧੋਲਿਆ ਕਿ ਕਿਸਾਨਾਂ ਦੇ ਹੱਥ ਆਪਣੇ-ਆਪ ਅੰਬਰ ਵੱਲ ਜੁੜ ਗਏ। ਹਾਲਤ ਇੰਨੇ ਮਾੜੇ ਹਨ ਕਿ ਤੇਜ਼ ਮੀਂਹ ਅਤੇ ਹਵਾਵਾਂ ਦੇ ਨਾਲ-ਨਾਲ ਗੜਿਆਂ ਦੀ ਮਾਰ ਨੇ ਕਣਕ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਕਰਦਿਆਂ ਕਿਸਾਨਾਂ ਦੇ ਸੁਪਨੇ ਚਕਨਾਚੂਰ ਕਰ ਦਿੱਤੇ। ਬੇਵੱਸ ਕਿਸਾਨ ਮੌਸਮ ਦੀ ਮਾਰ ਹੱਥੋਂ ਹਾਰਦੀ ਕਣਕ ਦੀ ਫ਼ਸਲ ਨੂੰ ਵੇਖਦਾ ਰਿਹਾ। ਸਰਕਾਰਾਂ ਜ਼ਰੂਰ ਕਿਸਾਨਾਂ ਦੀਆਂ ਫਸਲਾਂ ਦੇ ਨੁਕਸਾਨ ਦੀ ਭਰਪਾਈ ਦਾ ਦਾਅਵਾ ਕਰਦੀਆਂ ਹਨ ਪਰ ਸਰਕਾਰਾਂ ਵੱਲੋਂ ਫ਼ਸਲਾਂ ਦੇ ਨੁਕਸਾਨ ਦੀ ਕੀਤੀ ਜਾਣ ਵਾਲੀ ਭਰਪਾਈ ਦਾ ਆਲਮ ਕਿਸੇ ਤੋਂ ਲੁਕਿਆ ਨਹੀਂ।
ਗਰਦੌਰੀਆਂ ਅਤੇ ਤਮਾਮ ਹੋਰ ਕਾਰਵਾਈਆਂ ਵਿੱਚੋਂ ਗੁਜ਼ਰਦੀ ਭਰਪਾਈ ਦੀ ਪ੍ਰਕਿਰਿਆ ਬਹੁਤੀ ਵਾਰ ਊਠ ਦੇ ਮੂੰਹ ਜੀਰਾ ਦੇਣ ਵਾਲੀ ਸਥਿਤੀ ’ਤੇ ਆਣ ਖੜ੍ਹਦੀ ਹੈ। ਆਪਣੀ ਕਮਾਈ ਨੂੰ ਖੁੱਲ੍ਹੇ ਅੰਬਰ ਹੇਠ ਸਿਰਫ਼ ਮੌਸਮ ਦੇ ਰਹਿਮੋ-ਕਰਮ ’ਤੇ ਛੱਡਣਾ ਸੌਖਾ ਨਹੀਂ ਹੁੰਦਾ। ਅੰਬਰ ’ਤੇ ਬੱਦਲਵਾਈ ਵੇਖ ਹਰ ਕਾਰੋਬਾਰੀ ਆਪਣੇ ਸਾਮਾਨ ਨੂੰ ਸੰਭਾਲ ਲੈਂਦਾ ਹੈ ਪਰ ਕਿਸਾਨ ਵਿਚਾਰਾ ਤਾਂ ‘ਕਿੱਥੇ ਰੱਖ ਲਾਂ ਲੁਕੋ ਕੇ ਤੈਨੂੰ ਕਣਕ, ਰੁੱਤ ਬੇਈਮਾਨ ਹੋ ਗਈ....’ ਕਹਿ ਕੇ ਸਬਰ ਦਾ ਘੁੱਟ ਭਰਦਾ ਹੈ। ਇਸ ਤੋਂ ਮਾੜੀ ਹਾਲਤ ਕੀ ਹੋ ਸਕਦੀ ਹੈ ਕਿ ਅਜ਼ਾਦੀ ਦੇ ਲੰਮੇ ਅਰਸੇ ਬਾਅਦ ਵੀ ਕਿਸਾਨਾਂ ਦੀਆਂ ਫਸਲਾਂ ਦੇ ਨੁਕਸਾਨ ਦੀ ਭਰਪਾਈ ਲਈ ਕੋਈ ਠੋਸ ਨੀਤੀ ਨਹੀਂ ਬਣਾਈ ਜਾ ਸਕੀ। ਪਰਮਾਤਮਾ ਅੱਗੇ ਅਰਜ਼ੋਈ ਹੈ ਕਿ ਹੇ ਵਾਹਿਗੁਰੂ! ਸਰਦ ਰੁੱਤ ਦੀਆਂ ਰਾਤਾਂ ਝਾਕ ਕੇ ਪੁੱਤਾਂ ਵਾਂਗ ਪਾਲੀ ਕਣਕ ਦੀ ਫ਼ਸਲ ’ਤੇ ਮਿਹਰ ਕਰ। ਕਣਕ ਦੀ ਫ਼ਸਲ ਦੀ ਤਬਾਹੀ ਸਿਰਫ਼ ਫ਼ਸਲ ਦੀ ਤਬਾਹੀ ਨਹੀਂ। ਇਹ ਤਾਂ ਸੁਫ਼ਨਿਆਂ ਦੀ ਤਬਾਹੀ ਹੈ।
ਖੁੱਡੀ ਕਲਾਂ
ਮੋ. 98786-05965
