Bangladesh News: ਮਦਰੱਸੇ ਤੇ ਘਰ ’ਚ ਲੱਗੀ ਅੱਗ, ਧੂੰਏਂ ਦੀ ਲਪੇਟ ਵਿੱਚ ਆਏ 48 ਵਿਦਿਆਰਥੀ ਬੇਹੋਸ਼

ਮਦਰੱਸੇ ਤੇ ਘਰ ’ਚ ਲੱਗੀ ਅੱਗ, ਧੂੰਏਂ ਦੀ ਲਪੇਟ ਵਿੱਚ ਆਏ 48 ਵਿਦਿਆਰਥੀ ਬੇਹੋਸ਼

Khushdeep Singh Picture
Published On

ਢਾਕਾ (ਸੱਚ ਕਹੂੰ ਨਿਊਜ਼/ਏਜੰਸੀ)। ਦੇਸ਼ ਵਿੱਚ ਦੋ ਅੱਗਾਂ ’ਚ ਵੱਡਾ ਹਾਦਸਾ ਟਲ ਗਿਆ। ਹਾਲਾਂਕਿ ਇੱਕ ਮਦਰੱਸੇ ਵਿੱਚ ਧੂੰਏਂ ਦੀ ਲਪੇਟ ਵਿੱਚ ਆਉਣ ਕਾਰਨ ਘੱਟੋ-ਘੱਟ 48 ਵਿਦਿਆਰਥੀ ਬੇਹੋਸ਼ ਹੋ ਗਏ। ਦੂਜੀ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਹ ਖ਼ਬਰ ਲਿਖੇ ਜਾਣ ਤੱਕ, ਦੋਵੇਂ ਅੱਗਾਂ ਬੁਝ ਚੁੱਕੀਆਂ ਸਨ। ਵਿਦਿਆਰਥੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ।

ਢਾਕਾ ਟ੍ਰਿਬਿਊਨ ਦੀ ਰਿਪੋਰਟ ਅਨੁਸਾਰ, ਪਹਿਲੀ ਘਟਨਾ ਸੋਮਵਾਰ ਅਤੇ ਮੰਗਲਵਾਰ ਰਾਤ ਨੂੰ ਲਗਭਗ 1:55 ਵਜੇ ਨਾਰਾਇਣਗੰਜ ਦੇ ਫਤੁੱਲਾ ਖੇਤਰ ’ਚ ਸਾਈਨਬੋਰਡ ’ਤੇ ਸਥਿਤ ਜਾਮੀਆ ਅਸ਼ਰਫੀਆ ਮਦਰੱਸੇ ਵਿੱਚ ਵਾਪਰੀ। ਇੱਥੇ ਅੱਗ ਲੱਗਣ ਤੋਂ ਬਾਅਦ ਧੂੰਏਂ ਦੀ ਲਪੇਟ ’ਚ ਆਉਣ ਕਾਰਨ ਘੱਟੋ-ਘੱਟ 48 ਵਿਦਿਆਰਥੀਆਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ। ਇਨ੍ਹਾਂ ਵਿੱਚੋਂ ਤਿੰਨ ਵਿਦਿਆਰਥੀਆਂ ਦੀ ਹਾਲਤ ਗੰਭੀਰ ਹੈ, ਜਿਨ੍ਹਾਂ ਨੂੰ ਇੰਟੈਂਸਿਵ ਕੇਅਰ ਯੂਨਿਟ ’ਚ ਭਰਤੀ ਕੀਤਾ ਗਿਆ ਹੈ। ਫਾਇਰ ਵਿਭਾਗ ਨੇ ਚਾਰ ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ ਅੱਗ ਬੁਝਾ ਦਿੱਤੀ।

ਨੈਸ਼ਨਲ ਇੰਸਟੀਚਿਊਟ ਆਫ਼ ਬਰਨ ਐਂਡ ਪਲਾਸਟਿਕ ਸਰਜਰੀ ਦੇ ਰੈਜ਼ੀਡੈਂਟ ਡਾਕਟਰ ਸੁਲਤਾਨ ਮਹਿਮੂਦ ਸਿਕਦਰ ਨੇ ਦੱਸਿਆ ਕਿ ਧੂੰਏਂ ਕਾਰਨ ਬੇਹੋਸ਼ ਹੋ ਗਏ 48 ਵਿਦਿਆਰਥੀਆਂ ਨੂੰ ਹਸਪਤਾਲ ਲਿਆਂਦਾ ਗਿਆ। ਉਨ੍ਹਾਂ ਚੋੋਂ ਤਿੰਨ ਦੀ ਹਾਲਤ ਗੰਭੀਰ ਹੈ। ਆਈਸੀਯੂ ਵਿੱਚ ਦਾਖਲ ਵਿਦਿਆਰਥੀ ਯੂਸਫ਼ (18), ਖੈਰੂਲ (22) ਅਤੇ ਜ਼ੁਬੈਰ (18) ਹਨ। ਫਾਇਰ ਵਿਭਾਗ ਦੇ ਅਧਿਕਾਰੀ ਸ਼ਾਹਜਹਾਂ ਨੇ ਦੱਸਿਆ ਕਿ ਅੱਗ ’ਤੇ ਸਵੇਰੇ 3:44 ਵਜੇ ਕਾਬੂ ਪਾ ਲਿਆ ਗਿਆ।

ਪੰਜ ਮੰਜ਼ਿਲਾ ਮਦਰੱਸੇ ਦੀ ਇਮਾਰਤ ਦੀ ਦੂਜੀ ਮੰਜ਼ਿਲ ’ਤੇ ਅੱਗ ਲੱਗੀ। ਹਸਪਤਾਲ ’ਚ ਇਲਾਜ ਅਧੀਨ ਵਿਦਿਆਰਥੀਆਂ ਨੇ ਕਿਹਾ ਕਿ ਦੂਜੀ ਮੰਜ਼ਿਲ ’ਤੇ ਬਣੀ ਲਾਇਬ੍ਰੇਰੀ ਪੂਰੀ ਤਰ੍ਹਾਂ ਸੜ ਗਈ ਹੈ। ਪ੍ਰਭਾਵਿਤ ਵਿਦਿਆਰਥੀਆਂ ਦਾ ਹਵਾਲਾ ਦਿੰਦੇ ਹੋਏ ਡਾਕਟਰ ਸੁਲਤਾਨ ਮਹਿਮੂਦ ਸਿਕਦਰ ਨੇ ਕਿਹਾ ਕਿ ਅੱਗ ਮਦਰੱਸੇ ਦੇ ਇੱਕ ਹਿੱਸੇ ’ਚ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਲੱਗੀ ਮੰਨੀ ਜਾ ਰਹੀ ਹੈ।

ਧੂੰਆਂ ਪੂਰੀ ਇਮਾਰਤ ’ਚ ਤੇਜ਼ੀ ਨਾਲ ਫੈਲ ਗਿਆ, ਜਿਸ ਕਾਰਨ ਵਿਦਿਆਰਥੀਆਂ ’ਚ ਦਹਿਸ਼ਤ ਫੈਲ ਗਈ। ਬਾਹਰ ਨਿਕਲਣ ਦੀ ਕਾਹਲੀ ਕਾਰਨ ਭਗਦੜ ਵਰਗੀ ਸਥਿਤੀ ਪੈਦਾ ਹੋ ਗਈ। ਧੂੰਏਂ ਨੇ ਕਈ ਵਿਦਿਆਰਥੀਆਂ ਦੇ ਸਾਹ ਲੈਣ ਵਾਲੇ ਰਸਤੇ ਨੂੰ ਨੁਕਸਾਨ ਪਹੁੰਚਾਇਆ। ਦੂਜੀ ਘਟਨਾ ਮੰਗਲਵਾਰ ਸਵੇਰੇ ਕਾਕਸ ਬਾਜ਼ਾਰ ਸ਼ਹਿਰ ਦੇ ਕਲਾਟੋਲੀ ਹੋਟਲ-ਮੋਟਲ ਜ਼ੋਨ ’ਚ ਵਾਪਰੀ। ਇੱਕ ਹੋਟਲ ਦੇ ਨਾਲ ਲੱਗਦੇ ਇੱਕ ਘਰ ’ਚ ਅੱਗ ਲੱਗ ਗਈ।

ਕਲਾਟੋਲੀ ਦੇ ਸ਼ੈਕਤਪਾਰਾ ਰੋਡ ’ਤੇ ਸਵੇਰੇ 6 ਵਜੇ ਦੇ ਕਰੀਬ ਅੱਗ ਲੱਗੀ। ਕਾਕਸ ਬਾਜ਼ਾਰ ਫਾਇਰ ਡਿਪਾਰਟਮੈਂਟ ਦੇ ਅਧਿਕਾਰੀ ਸਈਦ ਮੁਹੰਮਦ ਮੋਰਸ਼ੇਦ ਹੁਸੈਨ ਨੇ ਦੱਸਿਆ ਕਿ ਅੱਗ ’ਤੇ ਕਾਫ਼ੀ ਹੱਦ ਤੱਕ ਕਾਬੂ ਪਾ ਲਿਆ ਗਿਆ ਹੈ। ਇਸ ਤੋਂ ਪਹਿਲਾਂ, 17 ਅਕਤੂਬਰ ਨੂੰ, ਕਾਕਸ ਬਾਜ਼ਾਰ ਮਰੀਨ ਡਰਾਈਵ ਦੇ ਨੇੜੇ ਉਖੀਆ ਦੇ ਇਨਾਨੀ ’ਚ ਟੁਪਾਟੁਪ ਰੈਸਟੋ ਐਂਡ ਰਿਜ਼ੋਰਟ ਵਿੱਚ ਅੱਗ ਲੱਗਣ ਕਾਰਨ 11 ਸੈਲਾਨੀਆਂ ਦੀ ਮੌਤ ਹੋ ਗਈ ਸੀ। ਛੇ ਦਿਨ ਬਾਅਦ, 23 ਅਕਤੂਬਰ ਨੂੰ, ਕਾਕਸ ਬਾਜ਼ਾਰ ਸ਼ਹਿਰ ਦੇ ਸੁਗੰਧਾ ਪੁਆਇੰਟ ’ਤੇ ‘ਹੋਟਲ ਸੀ ਪ੍ਰਿੰਸੈਸ’ ਵਿੱਚ ਵੀ ਅੱਗ ਲੱਗ ਗਈ ਸੀ।

ਇਹ ਵੀ ਪੜ੍ਹੋ : Cricket Australia: ਕ੍ਰਿਕੇਟ ਅਸਟਰੇਲੀਆ ਮੁਖੀ ਗ੍ਰੀਨਬਰਗ ਨੇ ਸੈਂਡਪੇਪਰ ਵਿਵਾਦ ਦੀ ਜਾਂਚ ਮੁੜ ਖੋਲ੍ਹਣ ਤੋਂ ਕੀਤਾ ਇਨਕਾਰ

Comments

Post Your Comment

About The Author

Related Posts