IND vs NZ: ਰੋਮਾਂਚਕ ਮੁਕਾਬਲੇ ’ਚ DLS ਨਿਯਮ ਨਾਲ ਜਿੱਤੀ Team India, ਸੀਰੀਜ਼ ’ਚ ਬਣਾਈ 2-0 ਦੀ ਬੜ੍ਹਤ
ਭਾਰਤ ਨੇ ਜਿੱਤਿਆ ਦੂਜਾ ਇੱਕਰੋਜ਼ਾ ਮੁਕਾਬਲਾ, ਡਕਵਰਥ-ਲੂਈਸ ਨਿਯਮ ਤਹਿਤ ਕੀਵੀਆਂ ਨੂੰ 4 ਦੌੜਾਂ ਨਾਲ ਹਰਾਇਆ
ਸਪੋਰਟਸ ਡੈਸਕ। ਭਾਰਤ ਨੇ ਡੀਐਲਐਸ ਵਿਧੀ ਦੀ ਵਰਤੋਂ ਕਰਕੇ ਨਿਊਜ਼ੀਲੈਂਡ ਵਿਰੁੱਧ ਦੂਜਾ ਵਨਡੇ ਚਾਰ ਦੌੜਾਂ ਨਾਲ ਆਪਣੇ ਨਾਂਅ ਕਰ ਲਿਆ ਹੈ, ਪੰਜ ਮੈਚਾਂ ਦੀ ਲੜੀ ’ਚ ਭਾਰਤੀ ਟੀਮ ਹੁਣ 2-0 ਨਾਲ ਅੱਗੇ ਹੈ। ਹਾਲਾਂਕਿ, 135 ਦੌੜਾਂ ਦੇ ਛੋਟੇ ਟੀਚੇ ਦਾ ਪਿੱਛਾ ਕਰਦੇ ਹੋਏ, ਭਾਰਤੀ ਟੀਮ ਦੀ ਹਾਲਤ ਵਿਗੜ ਗਈ ਸੀ। ਜਦੋਂ ਖੇਡ ਰੋਕੀ ਗਈ, ਟੀਮ ਇੰਡੀਆ ਨੇ 26 ਓਵਰਾਂ ’ਚ ਸੱਤ ਵਿਕਟਾਂ ਦੇ ਨੁਕਸਾਨ ’ਤੇ 113 ਦੌੜਾਂ ਬਣਾ ਲਈਆਂ ਸਨ, ਜਿੱਤਣ ਲਈ 22 ਦੌੜਾਂ ਦੀ ਅਜੇ ਹੋਰ ਜ਼ਰੂਰਤ ਸੀ।
ਮੀਂਹ ਨੇ ਮੈਚ ’ਚ ਵਿਘਨ ਪਾਇਆ। ਲੰਬੇ ਇੰਤਜ਼ਾਰ ਬਾਵਜੂਦ, ਖੇਡ ਦੁਬਾਰਾ ਸ਼ੁਰੂ ਨਹੀਂ ਹੋ ਸਕੀ। ਨਤੀਜੇ ਵਜੋਂ, ਭਾਰਤ ਨੂੰ ਡੀਐਲਐਸ ਨਿਯਮ ਤਹਿਤ ਚਾਰ ਦੌੜਾਂ ਨਾਲ ਜੇਤੂ ਐਲਾਨ ਦਿੱਤਾ ਗਿਆ। 135 ਦੌੜਾਂ ਦਾ ਟੀਚਾ ਆਸਾਨ ਲੱਗ ਰਿਹਾ ਸੀ, ਪਰ ਇਹ ਭਾਰਤੀ ਟੀਮ ਲਈ ਬਹੁਤ ਆਸਾਨ ਸਾਬਤ ਨਹੀਂ ਹੋਇਆ। ਜੈਕਬ ਡਫੀ ਨੇ ਭਾਰਤ ਦੇ ਸ਼ੁਭਮਨ ਗਿੱਲ ਤੇ ਵਿਰਾਟ ਕੋਹਲੀ ਨੂੰ ਆਊਟ ਕੀਤਾ, ਜੋ ਪਿਛਲੇ ਮੈਚ ’ਚ ਆਰਾਮਦਾਇਕ ਦਿਖਾਈ ਦੇ ਰਹੇ ਸਨ।
ਕਪਤਾਨ ਸ਼ੁਭਮਨ ਗਿੱਲ ਗੋਲਡਨ ਡਕ ’ਤੇ ਆਊਟ ਹੋਏ, ਜਦੋਂ ਕਿ ਵਿਰਾਟ ਕੋਹਲੀ ਸਿਰਫ਼ 7 ਦੌੜਾਂ ਹੀ ਬਣਾ ਸਕੇ। ਕੋਹਲੀ ਨੇ ਸ਼ਾਨਦਾਰ ਕਵਰ ਡਰਾਈਵ ਨਾਲ ਆਪਣਾ ਖਾਤਾ ਖੋਲ੍ਹਿਆ, ਪਰ ਆਪਣੀ ਪਾਰੀ ਨੂੰ ਵੱਡੀ ਪਾਰੀ ’ਚ ਨਹੀਂ ਬਦਲ ਸਕੇ। ਰੋਹਿਤ ਸ਼ਰਮਾ ਨੇ ਵੀ ਸ਼ੁਰੂਆਤ ’ਚ ਕਈ ਵਾਰ ਗੇਂਦ ਨੂੰ ਗਲਤ ਸਮਝਿਆ। ਹਾਲਾਂਕਿ ਉਨ੍ਹਾਂ ਚਾਰ ਚੌਕੇ ਲਾਏ, ਪਰ ਆਖਰ ’ਚ ਉਸਨੂੰ ਕਾਇਲ ਜੈਮੀਸਨ ਨੇ ਆਊਟ ਕਰ ਦਿੱਤਾ। ਪੰਜਵੇਂ ਨੰਬਰ ’ਤੇ ਬੱਲੇਬਾਜ਼ੀ ਕਰ ਰਹੇ ਅਕਸ਼ਰ ਪਟੇਲ ਇੱਕ ਵਾਰ ਫਿਰ ਅਸਫਲ ਰਹੇ, ਉਹ ਵੀ ਜਲਦੀ ਹੀ ਪਵੇਲੀਅਨ ਪਰਤ ਗਏ। ਇਸ ਦੇ ਨਾਲ, ਭਾਰਤ ਦਾ ਸਕੋਰ ਚਾਰ ਵਿਕਟਾਂ ’ਤੇ 47 ਦੌੜਾਂ ’ਤੇ ਡਿੱਗ ਗਿਆ।
ਫਿਰ ਸ਼੍ਰੇਅਸ ਅਈਅਰ ਤੇ ਕੇਐਲ ਰਾਹੁਲ ਨੇ ਪੰਜਵੀਂ ਵਿਕਟ ਲਈ 39 ਦੌੜਾਂ ਦੀ ਸਾਂਝੇਦਾਰੀ ਨਾਲ ਪਾਰੀ ਨੂੰ ਮੁੜ ਸੰਭਾਲਿਆ, ਹਾਲਾਂਕਿ, ਸ਼੍ਰੇਅਸ ਅਈਅਰ ਕਾਇਲ ਜੈਮੀਸਨ ਦੀ ਤੇਜ਼, ਇਨ-ਸਵਿੰਗ ਸ਼ਾਰਟ ਗੇਂਦ ਨਾਲ ਧੋਖਾ ਖਾ ਗਏ ਤੇ ਆਪਣੀ ਵਿਕਟ ਗੁਆ ਦਿੱਤੀ। ਨਮਨ ਧੀਰ ਨੇ ਦੋ ਚੌਕੇ ਲਾਏ ਪਰ ਪੁੱਲ ਸ਼ਾਟ ਦੀ ਕੋਸ਼ਿਸ਼ ਵਿੱਚ ਕੈਚ ਆਊਟ ਹੋ ਗਏ। ਇਸ ਛੋਟੇ ਟੀਚੇ ਦਾ ਪਿੱਛਾ ਕਰਦੇ ਹੋਏ, ਭਾਰਤ ਲਗਾਤਾਰ ਵਿਕਟਾਂ ਗੁਆਉਂਦਾ ਰਿਹਾ। ਇੱਕ ਸਮੇਂ, ਨਿਊਜ਼ੀਲੈਂਡ ਜਿੱਤ ਦੀ ਉਮੀਦ ਕਰ ਰਿਹਾ ਸੀ, ਪਰ ਮੀਂਹ ਨੇ ਉਨ੍ਹਾਂ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ।
ਇਹ ਵੀ ਪੜ੍ਹੋ : Jalandhar Road Accident: ਜਲੰਧਰ ਦੇ ਵਰਕਸ਼ਾਪ ਚੌਕ ’ਚ ਤੇਜ਼ ਰਫ਼ਤਾਰ ਟਰੱਕ ਨੇ ਸਾਈਕਲ ਸਵਾਰ ਬਜ਼ੁਰਗ ਨੂੰ ਦਰੜਿਆ, ਮੌਕੇ ’ਤੇ ਮੌਤ
Comments